5 Dariya News

ਖੇਤੀਬਾੜੀ ਮੰਤਰੀ ਵੱਲੋਂ ਰਾਜ ਦੀਆਂ ਲਿੰਕ ਸੜਕਾਂ ਨੂੰ ਮੁਰੰਮਤ ਕਰਨ ਦੇ ਕੰਮ ਦਾ ਜਾਇਜ਼ਾ ਲੈਣ ਸਬੰਧੀ ਮੀਟਿੰਗ

5 Dariya News

ਚੰਡੀਗੜ੍ਹ 25-Aug-2015

ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਅੱਜ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਜ ਦੀਆਂ ਸਾਲ 2015-16 ਦੌਰਾਨ ਪੰਜਾਬ ਮੰਡੀ ਬੋਰਡ ਵੱਲੋਂ 1200 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀਆਂ ਜਾਣ ਵਾਲੀਆਂ ਲਿੰਕ ਸੜਕਾਂ ਅਤੇ ਹੋਰ ਵੱਖ ਵੱਖ ਵਿਕਾਸ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ 1094 ਕਰੋੜ ਰੁਪਏ ਦੀ ਲਾਗਤ ਨਾਲ ਰਾਜ ਦੀਆਂ ਵੱਖ ਵੱਖ 7794 ਕਿਲੋਮੀਟਰ ਲੰਬਾਈ ਦੀਆਂ ਸੜਕਾਂ ਦੀ ਖਾਸ ਮੁਰੰਮਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਅਧੀਨ 72 ਕਰੋੜ ਰੁਪਏ ਦੀ ਲਾਗਤ 7874 ਕਿਲੋਮੀਟਰ ਲੰਬਾਈ ਦੀਆਂ ਸੜਕਾਂ ਪੈੱਚ ਵਰਕ ਰਾਹੀਂ ਮੁਰੰਮਤ ਕੀਤੀ ਜਾਣੀ ਹੈ। ਉਨਾਂ ਅੱਗੇ ਦੱਸਿਆ ਕਿ 30 ਕਰੋੜ ਰੁਪਏ ਦੀ ਲਾਗਤ ਨਾਲ 255 ਕਿਲੋਮੀਟਰ ਲੰਬਾਈ ਵਿੱਚ ਇੱਟਾਂ ਦਾ ਖੜਵੰਜਾ (ਇੱਟਾਂ ਦੀ ਸੋਲਿੰਗ) ਵੀ ਇਸੇ ਪ੍ਰੋਗਰਾਮ ਤਹਿਤ ਲਗਵਾਇਆ ਜਾ ਰਿਹਾ ਹੈ। 

ਇਸ ਪ੍ਰੋਗਰਾਮ ਅਧੀਨ ਸਾਰੇ ਕੰਮ ਅਲਾਟ ਕਰ ਦਿੱਤੇ ਗਏ ਹਨ ਅਤੇ ਜ਼ਿਆਦਾਤਰ ਕੰਮ ਖੇਤਰ ਪੱਧਰ ਤੇ ਸ਼ੁਰੂ ਹੋ ਚੁੱਕੇ ਹਨ। ਮੰਤਰੀ ਵੱਲੋਂ ਉੱਚ ਅਧਿਕਾਰੀਆਂ ਨੂੰ ਇਹਨਾਂ ਕੰਮਾਂ ਨੂੰ ਪਾਰਦਰਸ਼ੀ, ਨਿਰਧਾਰਿਤ ਸਮੇਂ ਸੀਮਾ ਅੰਦਰ ਅਤੇ ਵਧੀਆ ਕੁਆਲਟੀ ਨਾਲ ਕਰਨ ਦੇ ਨਿਰਦੇਸ਼ ਦਿੰਦਿਆਂ ਉਨਾਂ ਕਿਹਾ ਕਿ ਇਸ ਪ੍ਰਤੀ ਵਰਤੀ ਲਾਪਰਵਾਹੀ ਨੂੰ ਕਿਸੇ ਵੀ ਪੱਖੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।ਉਨਾਂ ਪਿਛਲੇ ਦੋ ਸਾਲਾਂ ਦੌਰਾਨ ਲੱਗਭੱਗ 1460 ਕਰੋੜ ਰੁਪਏ ਨਾਲ ਖਾਸ ਰਿਪੇਅਰ ਕੀਤੀਆਂ ਗਈਆਂ 8632 ਕਿਲੋਮੀਟਰ ਲੰਬਾਈ ਦੀਆਂ ਸੜਕਾਂ ਦੇ ਕੰਮ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ। ਇਸ ਬਾਰੇ ਸਬੰਧਤ ਅਧਿਕਾਰੀਆਂ ਨੂੰ ਰਾਜ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਸਬੰਧੀ ਪ੍ਰਗਤੀ ਰਿਪੋਰਟ 30.09.2015 ਤੱਕ ਭੇਜਣ ਦੀ ਹਦਾਇਤ ਕੀਤੀ। 

ਉਨਾਂ ਵੱਲੋਂ ਝੋਨੇ ਦੀ ਖਰੀਦ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਵੱਖ ਵੱਖ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਚੱਲ ਰਹੇ ਵੱਖ ਵੱਖ ਕੰਮਾਂ ਨੂੰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਮੰਡੀਆਂ ਦੀ ਸਾਫ ਸਫਾਈ, ਬਿਜਲੀਕਰਨ, ਪੀਣ ਵਾਲੇ ਪਾਣੀ  ਅਤੇ ਲੋੜੀਂਦੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ।ਉਨਾਂ ਉੱਚੇਚੇ ਤੌਰ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਰਾਜ ਵਿੱਚ ਮੌਜੂਦ ਕੱਚੇ ਫੜਾਂ ਨੂੰ ਪੱਕਾ ਕਰਨ ਦਾ ਕੰਮ ਨਿੱਜੀ ਦਿਲਚਸਪੀ ਲੈ ਕੇ ਪਹਿਲ ਦੇ ਅਧਾਰ ਤੇ ਕੀਤਾ ਜਾਵੇ। ਮੀਟਿੰਗ ਦੇ ਵਿੱਚ ਮੰਡੀ ਬੋਰਡ ਦੇ ਹੋਰ ਉੱਚ ਅਧਿਕਾਰੀਆਂ ਤੋਂ ਇਲਾਵਾ ਸ੍ਰ. ਅਜਮੇਰ ਸਿੰਘ ਲੱਖੋਵਾਲ, ਚੇਅਰਮੈਨ, ਪੰਜਾਬ ਮੰਡੀ ਬੋਰਡ, ਸ੍ਰ. ਰਵਿੰਦਰ ਸਿੰਘ ਚੀਮਾ, ਵਾਈਸ ਚੇਅਰਮੈਨ, ਪੰਜਾਬ ਮੰਡੀ ਬੋਰਡ ਅਤੇ ਡਾ. ਦੀਪਇੰਦਰ ਸਿੰਘ, ਸਕੱਤਰ, ਪੰਜਾਬ ਮੰਡੀ ਬੋਰਡ ਵੀ ਹਾਜ਼ਰ ਸਨ।