ਚੰਡੀਗੜ੍ਹ 'ਵਰਸਿਟੀ ਘੜੂੰਆਂ ਕੈਂਪਸ ਨੂੰ 19 ਦੇਸ਼ਾਂ ਅਤੇ 26 ਪ੍ਰਾਂਤਾਂ ਤੋਂ ਆਏ ਨਵੇਂ ਵਿਦਿਆਰਥੀਆਂ ਦੀ ਬਦੌਲਤ ਮਿਲੀ ਅੰਤਰਰਾਸ਼ਟਰੀ ਦਿੱਖ
5 Dariya News
ਘੜੂੰਆਂ 10-Aug-2015
ਪੰਜਾਬ ਨੂੰ ਅੰਤਰਰਾਸ਼ਟਰੀ ਵਿੱਦਿਆ ਦਾ ਕੇਂਦਰ ਬਨਾਉਣ ਦੇ ਸੁਪਨੇ ਨੂੰ ਹੁਣ ਬੂਰ ਪੈਣ ਲੱਗ ਪਿਆ ਹੈ। ਵਿੱਦਿਅਕ ਵਰ੍ਹੇ 2015-16 ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵਿਦਿਆਰਥੀਆਂ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ। ਯੂਨੀਵਰਸਿਟੀ ਇਸ ਵਰ੍ਹੇ ਅਮਰੀਕਾ, ਕੈਨੇਡਾ, ਥਾਈਲੈਂਡ, ਕੁਵੈਤ, ਮੌਰੀਸ਼ਸ਼ ਅਤੇ ਅਫਰੀਕਾ ਸਮੇਤ ਵਿਸ਼ਵ ਦੇ 19 ਦੇਸ਼ਾਂ ਦੇ ਦੋ ਸੌ ਦੇ ਕਰੀਬ ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ 'ਚ ਕਾਮਯਾਬ ਰਹੀ ਹੈ। ਰਾਸ਼ਟਰੀ ਪੱਧਰ 'ਤੇ ਆਪਣੀ ਵਿਲੱਖਣ ਪਹਿਚਾਣ ਬਣਾਉਂਦਿਆਂ ਚੰਡੀਗੜ੍ਹ ਯੂਨੀਵਰਸਿਟੀ ਨੇ 26 ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਦਾ ਭਰੋਸਾ ਜਿੱਤਿਆ ਹੈ। ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਕਰਵਾਏ ਗਏ ਵਿਸ਼ੇਸ਼ ਸਮਾਗਮ 'ਚ ਬੋਲਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਆਖਿਆ ਕਿ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਏਨੀ ਵੱਡੀ ਗਿਣਤੀ 'ਚ ਕੌਮੀ ਅਤੇ ਕੌਮਾਂਤਰੀ ਵਿਦਿਆਰਥੀਆਂ ਨੇ 'ਵਰਸਿਟੀ ਦੇ ਵਿਸ਼ਵ-ਪੱਧਰੀ ਅਤੇ ਫਲੈਕਸੀਵਲ ਵਿੱਦਿਅਕ ਮਾਡਲ 'ਚ ਭਰੋਸਾ ਪ੍ਰਗਟ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇੰਡਸਟਰੀ ਨਾਲ ਮਜ਼ਬੂਤ ਗੱਠਜੋੜ ਅਤੇ ਵਿਦਿਆਰਥੀਆਂ ਦੀਆਂ ਅੰਤਰਰਾਸ਼ਟਰੀ ਪ੍ਰਾਪਤੀਆਂ ਸਦਕਾ 'ਵਰਸਿਟੀ ਨੂੰ ਏਸ਼ੀਆ ਦੀ ਸਰਵੋਤਮ ਨਿੱਜੀ ਯੂਨੀਵਰਸਿਟੀ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਦਮਿਕ ਸ਼ੈਸ਼ਨ 2015-16 ਤਹਿਤ 19 ਵੱਖ-ਵੱਖ ਦੇਸ਼ਾਂ ਅਤੇ 26 ਪ੍ਰਾਂਤਾਂ ਦੇ ਵਿਦਿਆਰਥੀਆਂ ਦੇ ਪੁੱਜਣ ਨਾਲ 'ਵਰਸਿਟੀ ਕੈਂਪਸ ਦਾ ਸਮੁੱਚਾ ਵਿੱਦਿਅਕ ਮਾਹੌਲ ਅੰਤਰਰਾਸ਼ਟਰੀ ਰੰਗ ਵਿਚ ਰੰਗਿਆ ਗਿਆ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਆਰ. ਐੱਸ. ਬਾਵਾ ਨੇ ਨਵੇਂ ਵਿੱਦਿਅਕ ਸ਼ੈਸ਼ਨ ਦੇ ਆਗ਼ਾਜ਼ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਯੂਨੀਵਰਸਿਟੀ ਦੇ ਨਿਯਮਾਂ, ਨੀਤੀਆਂ, ਸਿੱਖਿਆ ਪ੍ਰਬੰਧਾਂ, ਕਾਰਜ ਪ੍ਰਣਾਲੀਆਂ ਅਤੇ ਕੈਂਪਸ ਲਾਈਫ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਅਤੇ ਉੱਚੀਆਂ ਵਿੱਦਿਅਕ ਪ੍ਰਾਪਤੀਆਂ ਲਈ ਪੂਰੀ ਸੰਜੀਦਗੀ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਤੋਂ ਯੂਨੀਵਰਸਿਟੀ ਐਰੋਸਪੇਸ ਇੰਜੀਨੀਅਰਿੰਗ, ਮੈਕਾਟ੍ਰੋਨਿਕਸ ਇੰਜੀਨੀਅਰਿੰਗ, ਲਾਅ, ਐਗਰੀਕਲਚਰ ਅਤੇ ਜਰਨਲਿਜ਼ਮ 'ਚ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਪੱਧਰ ਦੇ ਕੋਰਸਾਂ ਤੋਂ ਇਲਾਵਾ ਐੱਮ. ਬੀ. ਏ. ਬੈਂਕਿੰਗ ਐਂਡ ਫਾਈਨੈਂਸ਼ਲ ਇੰਜੀਨੀਅਰਿੰਗ, ਐੱਮ. ਐੱਸ. ਸੀ. ਮੈਥ, ਫੌਰੈਂਸਿਕ ਸਾਇੰਸ ਅਤੇ ਬੀ. ਏ. ਆਦਿ ਵੱਖ-ਵੱਖ ਵਿਸ਼ਿਆਂ 'ਚ ਨਵੇਂ ਕੋਰਸ ਆਰੰਭ ਕਰਨ ਜਾ ਰਹੀ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿਲੱਖਣ ਸਿੱਖਿਆ ਮਾਡਲ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 'ਵਰਸਿਟੀ ਨੇ ਆਪਣਾ ਵਿੱਦਿਅਕ ਪ੍ਰਬੰਧ ਵਿਸ਼ਵ-ਪੱਧਰੀ ਲੋੜਾਂ ਨੂੰ ਮੱਦੇਨਜ਼ਰ ਰੱਖ ਕੇ ਉਸਾਰਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਵਿਦਿਆਰਥੀ ਨੂੰ ਆਪਣੇ ਕੋਰਸ ਦੇ ਪ੍ਰਮੁੱਖ ਵਿਸ਼ਿਆਂ ਦੇ ਨਾਲ ਹੋਰ ਸਬੰਧਿਤ ਸਹਾਇਕ ਵਿਸ਼ਿਆਂ ਨੂੰ ਪੜ੍ਹਨ ਦੀ ਛੋਟ ਮਿਲਦੀ ਹੈ। ਵਿਦਿਆਰਥੀ ਡਿਗਰੀ ਦੇ ਪਹਿਲੇ ਸਾਲ ਤੋਂ ਹੀ ਇੰਡਸਟਰੀ ਮਾਹਿਰਾਂ ਦੀ ਅਗਵਾਈ 'ਚ ਪਲੇਸਮੈਂਟ ਦੀ ਉੱਚ ਪੱਧਰੀ ਟ੍ਰੇਨਿੰਗ ਹਾਸਲ ਕਰਦਾ ਅਤੇ ਓਪਨ ਹਾਊਸ ਦੇ ਵਿਲੱਖਣ ਸਮਾਗਮ ਰਾਹੀਂ ਪ੍ਰਬੰਧਕਾਂ ਨਾਲ ਸਿੱਧਾ ਰਾਬਤਾ ਕਾਇਮ ਕਰ ਸਕਦਾ।
ਇਸ ਤੋਂ ਇਲਾਵਾ ਰੈਲੇਟਿਵ ਗ੍ਰੇਡਿੰਗ ਪ੍ਰਣਾਲੀ, ਨਤੀਜਾ ਤਿਆਰ ਕਰਨ ਤੋਂ ਪਹਿਲਾਂ ਉੱਤਰ ਕਾਪੀਆਂ ਵਿਖਾਉਣ ਦੀ ਸਹੂਲਤ ਅਤੇ ਐਕਸਪੀਰੀਐਂਸ਼ਲ ਲਰਨਿੰਗ ਆਦਿ ਕੁਝ ਹੋਰ ਖ਼ੂਬੀਆਂ ਹਨ, ਜੋ ਸੀ. ਯੂ. ਦੇ ਸਿੱਖਿਆ ਮਾਡਲ ਨੂੰ ਹੋਰਨਾਂ ਵਿੱਦਿਅਕ ਅਦਾਰਿਆਂ ਤੋਂ ਵਿਲੱਖਣ ਸਿੱਧ ਕਰਦੀਆਂ ਹਨ। ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਉਪ ਕੁਲਪਤੀ ਡਾ. ਬੀ. ਐੱਸ. ਸੋਹੀ ਨੇ ਇਸ ਮੌਕੇ ਨਵੇਂ ਵਿਦਿਆਰਥੀਆਂ ਨੂੰ ਦੱਸਿਆ ਕਿ 'ਵਰਸਿਟੀ ਵੱਲੋਂ ਜਿੱਥੇ ਇੰਡਸਟਰੀ-ਅਕਾਦਮੀਆਂ ਭਾਈਵਾਲੀ ਤਹਿਤ ਮਾਈਕਰਾਫਟ, ਆਈ. ਬੀ. ਐੱਮ., ਟੈੱਕ ਮਹਿੰਦਰਾ, ਵਿਪਰੋ ਜਿਹੀਆਂ ਦਿੱਗਜ ਮਲਟੀਨੈਸ਼ਨਲ ਕੰਪਨੀਆਂ ਨਾਲ ਗੱਠਜੋੜ ਕੀਤੇ ਗਏ ਹਨ, ਉੱਥੇ ਹੀ ਕੌਮਾਂਤਰੀ ਆਦਾਨ-ਪ੍ਰਦਾਨ ਤਹਿਤ 55 ਤੋਂ ਵੱਧ ਚੋਟੀ ਦੀਆਂ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਨਾਲ ਗੱਠਜੋੜ ਕਾਇਮ ਕੀਤੇ ਗਏ ਹਨ।