5 Dariya News

ਸ਼ਿਲਾਂਗ ਦੀਆਂ ਸਿੱਖ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇ: ਅਵਤਾਰ ਸਿੰਘ ਮੱਕੜ ਨੂੰ ਕੀਤਾ ਗਿਆ ਸਨਮਾਨਿਤ

ਸ਼੍ਰੋਮਣੀ ਕਮੇਟੀ ਗੁਹਾਟੀ ਵਿਖੇ ਸਿੱਖ ਮਿਸ਼ਨ ਦੀ ਸਥਾਪਨਾ ਕਰੇਗੀ- ਜੱਥੇ: ਅਵਤਾਰ ਸਿੰਘ

5 Dariya News

ਸ਼ਿਲਾਂਗ 09-Aug-2015

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਪੰਥ ਦੀ ਸਿਰਮੋਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼ ਦੇ ਉੱਤਰ-ਪੂਰਬੀ ਰਾਜਾਂ ਅੰਦਰ ਵੱਸ ਰਹੇ ਸਿੱਖ ਭਾਈਚਾਰੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਉਕਤ ਖਿੱਤੇ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਜੀ 'ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਲਗਾਏ ਗਈ ਸਿੱਖੀ ਦੀ ਫੁੱਲਵਾੜੀ ਨੂੰ ਹੋਰ ਪ੍ਰਫੁਲੱਤ ਕਰਨ ਲਈ ਜਲਦੀ ਹੀ ਸ਼੍ਰੋਮਣੀ ਕਮੇਟੀ ਵੱਲੋਂ ਅਸਾਮ ਦੀ ਰਾਜਧਾਨੀ ਗੁਹਾਟੀ ਵਿਖੇ ਸਿੱਖ ਮਿਸ਼ਨ ਦੀ ਸਥਾਪਨਾ ਕੀਤੀ ਜਾਵੇਗੀ। ਮੇਘਾਲਿਆਂ ਦੀ ਰਾਜਧਾਨੀ ਸ਼ਿਲਾਂਗ ਵਿਖੇ ਸਥਿਤ ਸਿਟੀ ਗੁਰਦੁਆਰਾ ਸਾਹਿਬ ਬੜਾ ਬਾਜਾਰ ਦੀ ਨਵੀਂ ਉਸਾਰੀ ਜਾਣ ਵਾਲੀ ਸੁੰਦਰ ਇਮਾਰਤ ਦੀ ਆਰੰਭਤਾ ਦਾ ਰਸਮੀਂ ਤੌਰ ਤੇ ਉਦਘਾਟਨ ਕਰਨ ਲਈ ਉਚੇਚੇ ਤੌਰ ਤੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇ: ਅਵਤਾਰ ਸਿੰਘ ਨੇ ਉਕਤ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤੇ ਗਏ ਵਿਸ਼ੇਸ਼ ਸਮਾਗਮ ਅੰਦਰ ਵੱਡੀ ਗਿਣਤੀ ਵਿੱਚ ਇੱਕਤਰ ਹੋਈਆਂ ਸ਼ਿਲਾਂਗ ਸ਼ਹਿਰ ਦੀਆਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਦੇਸ਼ ਦੇ ਉੱਤਰ-ਪੂਰਬੀ ਰਾਜਾਂ ਦੇ ਸਿੱਖ ਬੱਚਿਆਂ ਨੂੰ ਉੱਚ ਵਿਦਿਆ ਦਿਵਾਉਣ ਲਈ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਯਤਨਸ਼ੀਲ ਹੈ। ਉਨ੍ਹਾਂ ਨੇ ਐਲਾਨ ਕਰਦਿਆਂ ਹੋਇਆ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਲਾਜ ਫਤਿਹਗੜ੍ਹ ਸਾਹਿਬ ਅੰਦਰ ਉਕਤ ਰਾਜਾਂ ਦੇ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ 5 ਹੋਣਹਾਰ ਸਿੱਖ ਵਿਦਿਆਰਥੀਆਂ ਲਈ 5 ਸੀਟਾਂ ਰਾਖਵੀਂਆਂ ਰੱਖੀਆਂ ਜਾਣਗੀਆਂ। ਜਿਨ੍ਹਾਂ ਦਾ ਪੜ੍ਹਾਈ ਦਾ ਸਮੁੱਚਾ ਖਰਚਾ ਸ਼੍ਰੋਮਣੀ ਕਮੇਟੀ ਆਪਣੇ ਤੌਰ ਤੇ ਕਰੇਗੀ। 

ਇਸੇ ਤਰ੍ਹਾਂ ਉਕਤ ਖਿੱਤੇ ਵਿੱਚ ਸ਼ਾਮਿਲ ਸਮੂਹ ਰਾਜਾਂ ਅੰਦਰ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਥਾਨਿਕ ਪੜ੍ਹੇ-ਲਿਖੇ ਨੌਜਵਾਨਾਂ ਨੂੰ ਸਿੱਖਿਅਤ  ਕਰਕੇ ਚੰਗੇ ਪ੍ਰਚਾਰਕ, ਗੰ੍ਰਥੀ, ਰਾਗੀ ਤੇ ਕਥਾ ਵਾਚਕ ਬਣਾਉਣ ਦਾ ਉਪਰਾਲਾ ਵੀ ਸ਼ੁਰੂ ਕੀਤਾ ਜਾਵੇਗਾ ਅਤੇ ਗੁਰਮਤਿ ਵਿਦਿਆ ਦੀ ਪੜ੍ਹਾਈ ਲਈ ਸਥਾਨਿਕ ਸਿੱਖ ਨੌਜਵਾਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਵੱਲੋਂ ਚਲਾਏ ਜਾ ਰਹੇ ਮਿਸ਼ਨਰੀ ਕਾਲਜਾਂ ਵਿੱਚ ਦਾਖਲਾ ਦੇ ਕੇ ਪੀ.ਐਚ.ਡੀ ਦੇ ਪੈਟਰਨ ਤੇ ਗੁਰਬਾਣੀ, ਗੁਰਮਤਿ ਤੇ ਸਿੱਖ ਇਤਿਹਾਸ ਦੀ ਖੋਜ ਵਿਧੀ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਉਹ ਨਵੀਨ ਤੇ ਢੁੱਕਵੀਆਂ ਵਿਧੀਆਂ ਰਾਹੀਂ ਆਪਣੇ ਰਾਜਾਂ ਅੰਦਰ ਸਿੱਖ ਧਰਮ ਦਾ ਕੁਸ਼ਲਤਾ ਪੂਰਵਕ ਪ੍ਰਚਾਰ ਕਰ ਸਕਣ। ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇ: ਅਵਤਾਰ ਸਿੰਘ ਨੇ ਕਿਹਾ ਕਿ ਸ਼ਿਲਾਂਗ ਵਿੱਚ ਵੱਸਦੀਆਂ ਸਿੱਖ ਸੰਗਤਾਂ ਵੱਲੋਂ ਅਕਾਲ ਪੁਰਖ ਦੀ ਬਖਸ਼ੀਸ਼ 'ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਜੀ ਦੀ ਨਿੱਘੀ ਪ੍ਰੇਰਨਾ ਦੇ ਨਾਲ ਜੋ ਸਿਟੀ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਦੀ ਥਾਂ ਨਵੀਂ ਇਮਾਰਤ ਉਸਾਰੇ ਜਾਣ ਦਾ ਜੋ ਉਪਰਾਲਾ ਕੀਤਾ ਹੈ ਉਸ ਦੇ ਨਾਲ ਸਮੁੱਚੇ ਇਲਾਕੇ ਅੰਦਰ ਸਿੱਖੀ ਤੇ ਸੇਵਾ ਦਾ ਸੰਕਲਪ ਹੋਰ ਪ੍ਰਪੱਕ ਹੋਵੇਗਾ। ਸਮਾਗਮ ਦੌਰਾਨ ਜੱਥੇ: ਅਵਤਾਰ ਸਿੰਘ ਨੇ ਜੈਕਾਰਿਆਂ ਦੀ ਗੂੰੁਜ ਵਿੱਚ ਸਿਟੀ ਗੁਰਦੁਆਰਾ ਸਾਹਿਬ ਸ਼ਿਲਾਂਗ ਦੀ ਨਵੀਂ ਉਸਾਰੀ ਜਾਣ ਵਾਲੀ ਨਵੀਂ ਇਮਾਰਤ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 25 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਸਿਟੀ ਗੁਰਦੁਆਰਾ ਸਾਹਿਬ ਦੇ ਜਰਨਲ ਸੈਕਟਰੀ ਗੁਰਜੀਤ ਸਿੰਘ ਨੂੰ ਸੌਪਿਆ ਅਤੇ ਇਮਾਰਤ ਦੀ ਨਵ ਉਸਾਰੀ ਦੇ ਕਾਰਜਾਂ ਦਾ ਰਸਮੀਂ ਤੌਰ ਤੇ ਉਦਘਾਟਨ ਵੀ ਕੀਤਾ। 

ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਜੱਥੇ: ਅਵਤਾਰ ਸਿੰਘ ਜੀ ਦਾ ਸਿਟੀ ਗੁਰਦੁਆਰਾ ਸਾਹਿਬ ਸ਼ਿਲਾਂਗ ਵਿਖੇ ਪੁੱਜਣ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਸ੍ਰ: ਗੁਰਮੁੱਖ ਸਿੰਘ, ਗੁਰਜੀਤ ਸਿੰਘ, ਇੰਦਰ ਸਿੰਘ, ਸੰਗਮ ਸਿੰਘ, ਬਿੱਲੂ ਸਿੰਘ, ਸ਼ਾਮ ਸਿੰਘ, ਸਵਿੰਦਰ ਸਿੰਘ, ਸੰਨੀ ਸਿੰਘ, ਪ੍ਰਤਾਪ ਸਿੰਘ ਤੇ ਪ੍ਰਗਟ ਸਿੰਘ ਵੱਲੋਂ ਜਿਥੇ ਨਿੱਘਾ ਸਵਾਗਤ ਕੀਤਾ ਗਿਆ ਉਥੇ ਨਾਲ ਹੀ ਸ਼ਬਦ ਗੁਰੂ ਜੁਗੋ ਜੁਗ ਅਟੱਲ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਾਜਰੀ ਵਿੱਚ ਸਿਰਪਾਓ ਤੇ ਸ੍ਰੀ ਸਾਹਿਬ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਉਨ੍ਹਾਂ ਦੇ ਨਾਲ ਸ੍ਰ: ਮਨਪ੍ਰੀਤ ਸਿੰਘ ਐਕਸੀਅਨ ਸ਼੍ਰੋਮਣੀ ਕਮੇਟੀ, ਸ੍ਰ: ਇੰਦਰਦੀਪ ਸਿੰਘ ਵਾਲੀਆ ਆਰਕੀਟੈਕਟ, ਸ੍ਰ: ਗੁਰਵਿੰਦਰ ਸਿੰਘ ਪੀ.ਏ ਪ੍ਰਧਾਨ ਸਾਹਿਬ, ਸ੍ਰ: ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ, ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ।