ਪ੍ਰਾਈਮਰੀ ਤੇ ਮਿਡਲ ਸਕੂਲਾਂ 'ਚ ਬੁਨਿਆਦੀ ਸਹੂਲਤਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ : ਅਮਨਜੋਤ ਕੌਰ ਰਾਮੂਵਾਲੀਆ
ਫੇਜ਼-9 ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚ ਬਿਨਆਦੀ ਢਾਂਚੇ ਤੇ 27 ਲੱਖ ਰੁਪਏ ਖਰਚ ਕੀਤੇ , 5 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ 2 ਕਮਰੇ ਹੋਰ ਬਣਾਏ ਜਾਣਗੇ
5 Dariya News
ਐਸ.ਏ.ਐਸ.ਨਗਰ 27-Jul-2015
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹਲਕੇ ਦੇ ਸਰਕਾਰੀ ਪ੍ਰਾਈਮਰੀ ਅਤੇ ਮਿਡਲ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਗੱਲ ਦੀ ਜਾਣਕਾਰੀ ਚੇਅਰਪਰਸ਼ਨ ਜ਼ਿਲ੍ਹਾ ਯੋਜਨਾ ਕਮੇਟੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਫੇਜ਼-9 ਸਥਿਤ ਸਰਕਾਰੀ ਪ੍ਰਾਈਮਰੀ ਅਤੇ ਮਿਡਲ ਸਕੂਲ ਦਾ ਦੌਰਾ ਕਰਨ ਸਮੇਂ ਪੱਤਰਕਾਰਾਂ ਨਾਲ ਗੈਰ ਰਸ਼ਮੀ ਗੱਲਬਾਤ ਕਰਦਿਆਂ ਦਿੱਤੀ।ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਅਤੇ ਸਕੂਲਾਂ ਵਿੱਚ ਬਿਹਤਰ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਵਿਸ਼ੇਸ ਉਪਰਾਲੇ ਕਰ ਰਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਤਕਨੀਕੀ ਸਿੱਖਿਆ ਨੂੰ ਵੀ ਵਢਾਵਾ ਦਿੱਤਾ ਜਾ ਰਿਹਾ ਹੈ ਅਤੇ ਸਕਿੱਲ ਸੈਂਟਰ ਵੀ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਬੇ ਅਤੇ ਦੇਸ਼ ਦੀ ਤਰੱਕੀ ਮਿਆਰੀ ਸਿੱਖਿਆ ਤੇ ਨਿਰਭਰ ਕਰਦੀ ਹੈ।
ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਫੇਜ਼-9 ਦੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਹੁਣ ਤੱਕ 27 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ 9 ਲੱਖ 55 ਹਜ਼ਾਰ ਰੁਪਏ ਦੀ ਲਾਗਤ ਨਾਲ 2 ਕਮਰਿਆਂ ਦੀ ਉਸਾਰੀ ਅਤੇ ਚਾਰ ਦਿਵਾਰੀ ਤੇ 3 ਲੱਖ 10 ਹਜ਼ਾਰ ਰੁਪਏ, ਮੁਰੰਮਤ ਦੇ ਕੰਮ ਤੇ 1 ਲੱਖ 40 ਹਜ਼ਾਰ ਰੁਪਏ, ਪਾਖਾਨੇ ਬਣਾਉਣ ਤੇ 1 ਲੱਖ 97 ਹਜ਼ਾਰ ਰੁਪਏ , ਇਸ ਤੋਂ ਇਲਾਵ 11 ਲੱਖ ਰੁਪਏ ਹੋਰ ਖਰਚ ਕੀਤੇ ਗਏ ਹਨ। ਉਨ੍ਹਾ ਦੱਸਿਆ ਕਿ ਸਕੂਲ ਵਿੱਚ ਦੋ ਨਵੇਂ ਕਮਰਿਆਂ ਦੀ ਉਸਾਰੀ ਲਈ 5 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਬੱਚਿਆਂ ਨੂੰ ਕਰਵਾਈ ਜਾ ਰਹੀਂ ਸਿੱਖਿਆ ਬਾਰੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਉਨ੍ਹਾਂ ਇਸ ਮੌਕੇ ਸਕੂਲ ਦੀਆਂ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਹਾਸ਼ਲ ਕੀਤੀ ਅਤੇ ਉਨ੍ਹਾਂ ਨੂੰ ਜਲਦੀ ਹਲ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀ ਤੋਤਾ ਸਿੰਘ ਚਾਹਲ, ਐਸ.ਡੀ.ਓ. ਸ੍ਰੀ ਸਵਿੰਦਰ ਸਿੰਘ ਲੱਖੋਵਾਲ, ਕੌਂਸਲਰ ਸ੍ਰੀ ਕਮਲਜੀਤ ਸਿੰਘ ਰੂਬੀ, ਸ੍ਰੀਮਤੀ ਪ੍ਰਕਾਸਵਤੀ ਅਤੇ ਸਕੂਲ ਦੀ ਮੁੱਖ ਅਧਿਆਪਕ ਸਰਬਜੀਤ ਸਿੰਘ, ਅਧਿਆਪਕ ਸੰਤੋਸ ਰਾਣੀ ਸਮੇਤ ਹੋਰ ਸਟਾਫ ਵੀ ਮੌਜੂਦ ਸੀ।