ਜੇਲ੍ਹਾਂ 'ਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਤੁਰੰਤ ਕਾਰਵਾਈ ਕਰੇ - ਜੱਥੇ: ਅਵਤਾਰ ਸਿੰਘ
ਬਾਪੂ ਸੂਰਤ ਸਿੰਘ ਖਾਲਸਾ ਦਾ ਹਾਲ ਪਤਾ ਕਰਨ ਲਈ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ ਤੇ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਜੱਥੇ: ਅਵਤਾਰ ਸਿੰਘ ਪੁੱਜੇ ਦਿਆਨੰਦ ਹਸਪਤਾਲ
5 Dariya News (ਅਜੇ ਪਾਹਵਾ)
ਲੁਧਿਆਣਾ 27-Jul-2015
ਪਿਛਲੇ ਲੰਮੇ ਸਮੇਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਅੰਦਰ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਸਿਹਤ ਦਾ ਹਾਲ ਪੁੱਛਣ ਦੇ ਲਈ ਅੱਜ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇ: ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱੱਥੇ: ਅਵਤਾਰ ਸਿੰਘ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਉਚੇਚੇ ਤੌਰ ਤੇ ਦਿਆਨੰਦ ਹਸਪਤਾਲ ਵਿਖੇ ਪਹੁੰਚੇ । ਇਸ ਦੌਰਾਨ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਉਥੇ ਨਾਲ ਹੀ ਉਹਨਾਂ ਵੱਲੋਂ ਬਣਦੀ ਸਿੰਘਾਂ ਦੀ ਰਿਹਾਈ ਲਈ ਆਰੰਭੇ ਹੋਏ ਸੰਘਰਸ਼ ਦੀ ਮੁੜ ਪੂਰਨ ਰੂਪ ਵਿੱਚ ਹਮਾਇਤ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਅੰਦਰ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਨਜ਼ਰਬੰਦ ਸਿੰਘਾਂ ਦੀ ਤੁਰੰਤ ਰਿਹਾਈ ਕੀਤੀ ਜਾਵੇ ਤਾਂ ਕਿ ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਕੀਮਤੀ ਜ਼ਿੰਦਗੀ ਬਚ ਸਕੇ ।
ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਗਏ ਨਵੇਂ ਫੈਸਲੇ ਦੇ ਅਧਾਰ ਤੇ ਤੁਰੰਤ ਪੰਜਾਬ ਸਰਕਾਰ ਨੂੰ ਆਪਣੇ ਤੌਰ ਤੇ ਕਾਨੂੰਨੀ ਚਾਰਜੋਈ ਕਰਨ ਤੇ ਸ਼੍ਰੌਮਣੀ ਕਮੇਟੀ ਨੂੰ ਉਕਤ ਮੁੱਦੇ ਸਬੰਧੀ ਚੰਗੇ ਵਕੀਲਾਂ ਨਾਲ ਸਲਾਹ ਮਸ਼ਵਰਾ ਕਰਨ ਦੀ ਜ਼ੋਰਦਾਰ ਤਕੀਦ ਵੀ ਕੀਤੀ । ਇਸ ਸਮੇਂ ਉਹਨਾਂ ਦੇ ਨਾਲ ਪੁੱਜੇ ਸ੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੱਖ-ਵੱਖ ਰਾਜਾਂ ਵਿੱਚ ਕੈਦ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਬੰਦੀਆ ਦੀ ਤੁਰੰਤ ਰਿਹਾਈ ਸਬੰਧੀ ਸ਼੍ਰੌਮਣੀ ਕਮੇਟੀ ਪਿਛਲੇ ਲੰਮੇ ਸਮੇਂ ਤੋਂ ਆਪਣੇ ਤੌਰ ਤੇ ਜ਼ੋਰਦਾਰ ਉਪਰਾਲੇ ਕਰ ਰਹੀ ਹੈ । ਇਸ ਸਬੰਧੀ ਸ਼੍ਰੌਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਜ਼ੇਲ੍ਹਾਂ ਵਿੱਚ ਬੰਦ ਸਿੱਖ ਕੈਦੀਆ ਨੂੰ ਪਹਿਲ ਦੇ ਅਧਾਰ ਤੇ ਰਿਹਾ ਕਰਨ ਲਈ ਮਤਾ ਵੀ ਪਾਸ ਕੀਤਾ ਜਾ ਚੁੱਕਾ ਹੈ ।
ਉਹਨਾਂ ਨੇ ਕਿਹਾ ਕਿ ਸ਼੍ਰੌਮਣੀ ਕਮੇਟੀ ਵੱਲੋਂ ਆਪਣੀਆਂ ਸਜ਼ਾਵਾਂ ਪੂਰੀਆ ਕਰ ਚੁੱਕੇ ਸਿੱਖ ਬੰਦੀਆ ਦੀ ਰਿਹਾਈ ਲਈ ਪੂਰਾ ਬਿਉਰਾ ਤਿਆਰ ਕੀਤਾ ਜਾ ਚੁੱਕਾ ਹੈ ਅਤੇ ਸਿੱਖ ਬੰਦੀਆ ਦੀ ਰਿਹਾਈ ਸਬੰਧੀ ਉਹਨਾਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟੜ, ਜੰਮੂ ਕਸ਼ਮੀਰ ਦੇ ਰਾਜਪਾਲ ਸ਼੍ਰੀ ਐਨ.ਐਨ. ਵੋਹਰਾ, ਕਰਨਾਟਕਾ ਦੇ ਮੁੱਖ ਮੰਤਰੀ ਸਿੱਧਾਰਮਈਆ, ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਰਾਜਸਥਾਨ ਦੀ ਮੁੱਖ ਮੰਤਰੀ ਵਸੂੰਧਰਾ ਰਾਜੇ ਸਿੱਧੀਆ, ਯੂ.ਪੀ. ਦੇ ਮੁੱਖ ਮੰਤਰੀ ਅਗਲੇਸ਼ ਯਾਦਵ, ਯੂ.ਪੀ. ਦੇ ਰਾਜ ਪਾਲ ਸ੍ਰੀ ਰਾਮ ਨਾਇਕ, ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ, ਰਾਜਸਥਾਨ ਦੇ ਰਾਜਪਾਲ ਸ੍ਰੀ ਕਲਿਆਣ ਸਿੰਘ, ਹਰਿਆਣਾ ਦੇ ਰਾਜਪਾਲ ਸ਼੍ਰੀ ਕਪਤਾਨ ਸਿੰਘ ਸੋਲੰਕੀ, ਕਰਨਾਟਕਾ ਦੇ ਰਾਜਪਾਲ ਸ੍ਰੀ ਵਿਜੂਬਾਈ ਰੂਦਰਾਬਾਈ ਵਾਲਾ ਆਦਿ ਨੂੰ ਪੱਤਰ ਲਿਖ ਕੇ ਸਿੱਖ ਬੰਦੀਆ ਦੀ ਰਿਹਾਈ ਜ਼ੋਰਦਾਰ ਮੰਗ ਕੀਤੀ ਜਾ ਚੁੱਕੀ ਹੈ ਅਤੇ ਉਹਨਾਂ ਨੇ ਖੁਦ ਵੀ ਉਕਤ ਮੁੱਦੇ ਸਬੰਧੀ ਕਈ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਉਚੇਚੇ ਤੌਰ ਵਿਚਾਰ ਵਟਾਂਦਰਾ ਵੀ ਕੀਤਾ ਹੈ । ਪਰ ਅਫਸੋਸ ਦੀ ਗੱਲ ਹੈ ਕਿ ਹੁਣ ਤੱਕ ਕੋਈ ਨਤੀਜਾ ਨਹੀਂ ਨਿਕਲ ਸਕਿਆ । ਜਿਸ ਤੇ ਸਦਕਾ ਦੇਸ਼-ਵਿਦੇਸ਼ 'ਚ ਬੈਠੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ ਕਿਉਂਕਿ ਇਹ ਬਹੁਤ ਹੀ ਗੰਭੀਰ ਮੁੱਦਾ ਹੈ ਜਿਸ 'ਤੇ ਤੁਰੰਤ ਕਾਰਵਾਈ ਕਰਨ ਦੀ ਜ਼ਰੂਰਤ ਹੈ ।
ਆਪਣੀ ਗੱਲਬਾਤ ਦੌਰਾਨ ਉਹਨਾਂ ਨੇ ਕੇਂਦਰ ਸਰਕਾਰ ਨੂੰ ਯਾਦ ਦਿਵਾਉਂਦਿਆ ਕਿਹਾ ਕਿ ਉਕਤ ਮੁੱਦੇ ਸਬੰਧੀ ਉਹਨਾਂ ਨੇ ਲਿਖਤੀ ਰੂਪ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਸ੍ਰੀ ਰਾਜ ਨਾਥ ਸਿੰਘ ਗ੍ਰਹਿ ਮੰਤਰੀ ਭਾਰਤ ਸਰਕਾਰ ਲਿਖਤੀ ਪੱਤਰ ਵੀ ਲਿਖੇ ਹਨ । ਜਿਸਦੇ ਮੱਦੇਨਜ਼ਰ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੂੰ ਇਸ ਗੰਭੀਰ ਮੁੱਦੇ ਤੇ ਪਹਿਲ ਕਦਮੀ ਕਰਦਿਆ ਹੋਇਆ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖਬੰਦੀਆ ਦੀ ਤੁਰੰਤ ਰਿਹਾਈ ਕਰਨੀ ਚਾਹੀਦੀ ਹੈ। ਉਹਨਾਂ ਉਮੀਦ ਪ੍ਰਗਟਾਈ ਕਿ ਭਾਰਤ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਸਬੰਧੀ ਤੁਰੰਤ ਉਚੇਚੇ ਤੌਰ ਤੇ ਧਿਆਨ ਦੇਵੇਗੀ । ਇਸ ਸਮੇਂ ਉਹਨਾਂ ਦੇ ਨਾਲ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਪਰਮਜੀ ਸਿੰਘ ਖਾਲਸਾ, ਸਕੱਤਰ ਜਨ: ਭਾਈ ਮੇਜਰ ਸਿੰਘ ਖਾਲਸਾ, ਸ. ਗੁਰਵਿੰਦਰ ਸਿੰਘ ਪੀ.ਏ. ਪ੍ਰਧਾਨ ਸ਼੍ਰੌਮਣੀ ਕਮੇਟੀ, ਬਾਪੂ ਸੂਰਤ ਸਿੰਘ ਦੇ ਸਪੁੱਤਰ ਹਰਿੰਦਰਪਾਲ ਸਿੰਘ ਗੋਗੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।