5 Dariya News

ਖਰੜ ਹਲਕੇ ਦੇ ਪਿੰਡਾਂ 'ਚ ਪਾਖਾਨੇ ਬਣਾਉਣ ਲਈ 11 ਕਰੋੜ ਰੁਪਏ ਖਰਚ ਕੀਤੇ ਜਾਣਗੇ : ਪਰਮਜੀਤ ਕੌਰ ਬਡਾਲੀ

ਹਲਕੇ ਦੇ ਦੋ ਪਿੰਡਾਂ ਵਿੱਚ 2 ਕਰੋੜ 32 ਲੱਖ 24 ਹਜ਼ਾਰ ਦੀ ਲਾਗਤ ਨਾਲ ਸੀਵਰੇਜ ਪਾਇਆ

5 Dariya News

ਐਸ.ਏ.ਐਸ.ਨਗਰ 19-Jul-2015

ਖਰੜ ਹਲਕੇ ਦੇ 143 ਪਿੰਡਾਂ ਵਿੱਚ 7354 ਘਰਾਂ ਵਿੱਚ ਪਾਖਾਨੇ ਤੇ ਪੰਜਾਬ ਸਰਕਾਰ 11 ਕਰੋੜ ਰੁਪਏ ਖਰਚ ਕਰੇਗੀ ਅਤੇ ਹਲਕੇ ਦੇ ਪਿੰਡ ਭਜੋਲੀ ਤੇ ਫਤਹਿਗੜ੍ਹ ਵਿਖੇ 2 ਕਰੋੜ 32 ਲੱਖ 24 ਹਜ਼ਾਰ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਇਆ ਗਿਆ ਹੈ।ਇਸ ਗੱਲ ਦੀ ਜਾਣਕਾਰੀ ਚੇਅਰਪਰਸ਼ਨ ਜ਼ਿਲ੍ਹਾ ਪ੍ਰੀਸ਼ਦ ਬੀਬੀ ਪਰਮਜੀਤ ਕੌਰ ਬਡਾਲੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਜ਼ਿਲ੍ਹਾ ਪ੍ਰੀਸ਼ਦ ਦੇ ਦਫ਼ਤਰ ਵਿਖੇ ਦਿੰਦਿਆ ਦੱਸਿਆ ਕਿ ਹਲਕੇ ਵਿੱਚ ਜਿਨ੍ਹਾਂ ਪੇਂਡੂ ਘਰਾਂ ਵਿੱਚ ਪਾਖਾਨੇ ਨਹੀਂ ਹਨ ਉਨ੍ਹਾਂ ਪਿੰਡਾਂ ਵਿੱਚ ਪਾਖਾਨੇ ਬਣਾਉਣ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਜਿਸ ਨਾਲ ਲੋਕਾਂ ਨੂੰ ਖੁੱਲ੍ਹੇ ਵਿੱਚ ਜਾਣ ਤੋਂ ਰਾਹਤ ਮਿਲੇਗੀ।ਚੇਅਰਪਰਸ਼ਨ ਜ਼ਿਲ੍ਹਾ ਪ੍ਰੀਸ਼ਦ ਨੇ ਦੱਸਿਆ ਕਿ ਖਰੜ ਹਲਕਾ ਜੋ ਕਿ ਵਿਕਾਸ ਪੱਖੋਂ ਅਣਗੋਲਿਆਂ ਸੀ ਮੋਜੂਦਾ ਸਰਕਾਰ ਨੇ ਇਸ ਹਲਕੇ ਦੀ ਨੁਹਾਰ ਬਦਲਣ ਲਈ ਕਰੋੜਾਂ ਰੁਪਏ ਦੀ ਰਾਸ਼ੀ ਖਰਚ ਕੀਤੀ ਹੈ ਅਤੇ ਇਸ ਹਲਕੇ ਨੂੰ ਇੱਕ ਨਮੂਨੇ ਦਾ ਹਲਕਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਪੈਂਦਾ ਪਿੰਡ ਸਿੰਘਪੁਰਾ ਜਿਥੋ ਕਿ ਪਿੰਡ ਵਾਸੀਆਂ ਨੂੰ ਪੇਂਡੂ ਜਲ ਘਰ ਰਾਹੀਂ 24 ਘੰਟੇ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ ਅਤੇ ਇਸ ਪੇਂਡੂ ਜਲ ਘਰ ਦੀ ਸਾਂਭ ਸੰਭਾਲ ਵੀ ਪਿੰਡ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਵੱਲੋਂ ਹੀ ਕੀਤੀ ਜਾਂਦੀ ਹੈ। ਇਹ ਪੇਂਡੂ ਜਲ ਘਰ ਹੋਰਨਾਂ ਪਿੰਡਾਂ ਲਈ ਵੀ ਰੋਲ ਮਾਡਲ ਬਣਿਆ ਹੈ। 

ਚੇਅਰਪਰਸ਼ਨ ਬੀਬੀ ਬਡਾਲੀ ਨੇ ਦੱਸਿਆ ਕਿ ਖਰੜ ਸਬ-ਡਵੀਜਨ ਦੇ 8 ਪਿੰਡਾਂ ਵਿੱਚ ਚਾਲੂ ਮਾਲੀ ਸਾਲ ਦੌਰਾਨ 3 ਕਰੋੜ 71 ਲੱਖ 19 ਹਜ਼ਾਰ ਰੁਪਏ ਦੀ ਲਾਗਤ ਨਾਲ ਪੇਂਡੂ ਜਲ ਘਰਾਂ ਦੀ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਖਰੜ ਸਬ-ਡਵੀਜਨ ਦੇ ਪਿੰਡ ਨਿਊ ਲਾਂਡਰਾਂ ਵਿਖੇ 49.84 ਲੱਖ ਰੁਪਏ ਅਤੇ ਜੁਝਾਰ ਨਗਰ ਵਿਖੇ ਦੋ ਪੇਂਡੂ ਜਲ ਘਰ ਸਥਾਪਿਤ ਕਰਨ ਤੇ  1 ਕਰੋੜ 27 ਲੱਖ 46 ਹਜ਼ਾਰ ਰੁਪਏ, ਰੁੜਕਾ ਵਿਖੇ 23 ਲੱਖ 4 ਹਜਾਰ, ਮਾਜਰੀ ਬਲਾਕ ਦੇ ਪਿੰਡ ਕੁੱਬਾਹੇੜੀ ਵਿਖੇ 23 ਲੱਖ 45 ਹਜ਼ਾਰ, ਰਾਮਪੁਰ ਚਿੰਤਗੜ੍ਹ ਦੇ ਪੇਂਡੂ ਜਲ ਘਰ ਤੇ 20 ਲੱਖ 86 ਹਜ਼ਾਰ ਰੁਪਏ, ਮਾਜਰਾ ਹੁਸ਼ਿਆਰਪੁਰ ਦੇ 23 ਲੱਖ 65 ਹਜ਼ਾਰ ਰੁਪਏ, ਸਲੇਮਪੁਰ ਕਲਾਂ ਤੇ 21 ਲੱਖ 38 ਹਜ਼ਾਰ ਰੁਪਏ ਅਤੇ ਖਰੜ 'ਚ ਪੈਂਦੇ ਪਿੰਡ ਬਲੋਮਾਜਰਾ ਦੇ ਪੇਂਡੂ ਜਲ ਘਰ ਤੇ 81 ਲੱਖ 51 ਹਜ਼ਾਰ ਰੁਪਏ ਖਰਚ ਕੀਤੇ ਜਾਣਗੇ। 

ਚੇਅਰਪਰਸ਼ਨ ਜ਼ਿਲ੍ਹਾ ਪ੍ਰੀਸ਼ਦ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਸੱਤ  ਪਿੰਡਾਂ ਵਿੱਚ ਸੀਵਰੇਜ ਪਾਉਣ ਤੇ 10 ਕਰੋੜ 52 ਲੱਖ 14 ਹਜ਼ਾਰ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਲਕਾ ਖਰੜ 'ਚ ਪੈਂਦੇ ਪਿੰਡ ਭਜੌਂਲੀ ਵਿਖੇ 1 ਕਰੋੜ 22 ਲੱਖ 96 ਹਜ਼ਾਰ ਰੁਪਏ ਅਤੇ  ਪਿੰਡ ਫਤਹਿਗੜ੍ਹ ਵਿਖੇ ਸੀਵਰੇਜ ਪਾਉਣ ਤੇ 1  ਕਰੋੜ 9 ਲੱਖ 28 ਹਜ਼ਾਰ ਰੁਪਏ ਖਰਚ ਕੀਤੇ ਗਏ ਹਨ ਅਤੇ ਇਨ੍ਹਾਂ ਪਿੰਡਾਂ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਵੀ ਲਗਾਏ ਗਏ ਹਨ ਤਾਂ ਜੋ ਟਰੀਟਮੈਂਟ ਪਲਾਂਟਾਂ ਰਾਹੀਂ ਸਾਫ਼ ਕੀਤਾ ਪਾਣੀ ਕਿਸਾਨ ਆਪਣੀਆਂ ਫਸਲਾਂ ਦੀ ਸਿੰਚਾਈ ਲਈ ਵਰਤ ਸਕਣ। ਉਨ੍ਹਾਂ ਦੱਸਿਆ ਕਿ ਪਿੰਡ ਸਿੰਘਪੁਰਾ ਵਿਖੇ ਵੀ ਸੀਵਰੇਜ ਪਾਉਣ ਦਾ ਕੰਮ ਜਲਦੀ ਹੀ ਮੁਕੰਮਲ ਹੋ ਜਾਵੇਗਾ ।