ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ 7800 ਸੀਟਾਂ ਦਾ ਵਾਧਾ
ਪੰਜ ਆਈ.ਟੀ.ਆਈਜ ਦੀ ਹੋਵੇਗੀ ਸਥਾਪਨਾ
5 Dariya News
ਚੰਡੀਗੜ੍ਹ 16-Jul-2015
ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਨੇ ਸੂਬੇ ਦੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਚਾਲੂ ਸਾਲ ਦੌਰਾਨ 7800 ਸੀਟਾਂ ਦਾ ਵਾਧਾ ਕੀਤਾ ਹੈ ਅਤੇ ਇਸ ਤੋਂ ਇਲਾਵਾ ਉਦਯੋਗਿਕ ਖੇਤਰ ਦੀਆਂ ਲੋੜਾਂ ਨਾਲ ਸਬੰਧਤ ਕੋਰਸ ਵੀ ਸ਼ੁਰੂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਚਾਲੂ ਵਰ੍ਹੇ ਦੌਰਾਨ 2.5 ਲੱਖ ਨੌਜਵਾਨਾਂ ਨੂੰ ਹੁਨਰਮੰਦ ਕਰਨ ਦਾ ਟੀਚਾ ਮਿੱਖਿਆ ਗਿਆ ਹੈ।ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਮਦਨ ਮੋਹਨ ਮਿੱਤਲ ਨੇ ਦੱਸਿਆ ਕਿ ਇਹ ਕਦਮ ਤਾਂ ਚੁੱਕੇ ਜਾ ਰਹੇ ਹਨ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਉਦਯੋਗਿਕ ਖੇਤਰ ਦੀਆਂ ਜ਼ਰੂਰਤਾਂ ਅਨੁਸਾਰ ਵਿਸ਼ਿਆਂ ਵਿੱਚ ਸਿਖਲਾਈ ਦੇ ਕੇ ਰੁਜ਼ਗਾਰ ਦੇ ਯੋਗ ਬÎਣਾਇਆ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਵਲੋਂ ਰੈਸ਼ਨੇਲਾਈਜੇਸ਼ਨ ਮੁਹਿੰਮ ਵਿੱਢੀ ਹੈ ਜਿਸ ਤਹਿਤ ਕਿ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਅਤੇ ਉਦਯੋਗਿਕ ਖੇਤਰ ਦੇ ਪ੍ਰਤੀਨਿਧੀਆਂ ਨਾਲ ਸਲਾਹ ਮਸ਼ਵਰਾ ਕਰਕੇ ਅਜਿਹੇ ਵਿਸ਼ਿਆਂ ਨੂੰ ਬੰਦ ਕਰ ਦਿੱਤਾ ਜਾਵੇਗਾ, ਜਿਨ੍ਹਾਂ ਦੀ ਉਦਯੋਗਿਕ ਖੇਤਰ ਵਿੱਚ ਅਤੇ ਅਜੋਕੇ ਸਮੇਂ ਅਨੁਸਾਰ ਕੋਈ ਅਹਿਮੀਅਤ ਨਹੀਂ ਹੈ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਚਾਨਣਾ ਪਾਇਆ ਕਿ ਆਈ.ਟੀ.ਆਈਜ ਵਿੱਚ ਲੋੜੀਂਦਾ ਢਾਂਚਾ ਅਤੇ ਅਧਿਆਪਕ ਮੁਹੱਈਆ ਕੀਤੇ ਜਾਣ ਦੀ ਨੀਤੀ ਤਹਿਤ 268 ਟੀਚਿੰਗ ਅਤੇ 34 ਨਾਨ ਟੀਚਿੰਗ ਅਮਲੇ ਦੀ ਭਰਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਸਿਖਲਾਈ ਲੈ ਰਹੇ ਵਿਦਿਆਰਥੀਆਂ ਲਈ ਬੀਤੇ ਵਰ੍ਹੇ 300 ਕੈਂਪਸ ਇੰਟਰਵਿਊ ਅਤੇ 51 ਜੌਬ ਫੇਅਰ ਦਾ ਪ੍ਰਬੰਧ ਕੀਤਾ ਗਿਆ ਜਿਨ੍ਹਾਂ ਵਿੱਚੋਂ 9800 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਵੱਖੋ-ਵੱਖ ਉਦਯੋਗਾਂ ਵਿੱਚ ਨੌਕਰੀ ਮਿਲੀ।ਹੁਨਰ ਵਿਕਾਸ ਦੇ ਅਹਿਮ ਪੱਖ ਬਾਰੇ ਗੱਲ ਕਰਦਿਆਂ ਸ੍ਰੀ ਮਿੱਤਲ ਨੇ ਕਿਹਾ ਕਿ ਸੂਬਾ ਹੁਨਰ ਵਿਕਾਸ ਮਿਸ਼ਨ ਦੀ ਸਥਾਪਨਾ ਦਾ ਮਕਸਦ ਹੀ ਇਹੋ ਹੈ ਕਿ ਸੂਬੇ ਵਲੋਂ ਹੁਨਰ ਵਿਕਾਸ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਬਹੁ-ਹੁਨਰ ਵਿਕਾਸ ਕੇਂਦਰ ਸਥਾਪਿਤ ਕੀਤੇ ਜਾਣਗੇ ਅਤੇ ਜ਼ਿਲ੍ਹਾ ਪੱਧਰ ਦੀ ਆਈ.ਟੀ.ਆਈ. ਵਿਖੇ ਸਥਾਪਿਤ ਮੁੱਖ ਕੇਂਦਰ ਨਾਲ ਜ਼ਿਲ੍ਹੇ ਵਿਚਲੀਆਂ ਹੋਰ ਆਈ.ਟੀ.ਆਈ ਸੰਸਥਾਵਾਂ ਦੇ ਛੋਟੇ ਕੇਂਦਰ ਜੁੜੇ ਹੋਣਗੇ।
ਪਹਿਲੇ ਪੜਾਅ ਵਿੱਚ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਅਤੇ ਹੁਸ਼ਿਆਰਪੁਰ ਵਿਖੇ ਬਹੁ-ਹੁਨਰ ਵਿਕਾਸ ਕੇਂਦਰ ਸਥਾਪਿਤ ਕੀਤੇ ਜਾÎਗੇ ਅਤੇ ਦੂਜੇ ਸਥਾਨਾਂ 'ਤੇ ਵੀ ਬਾਅਦ ਵਿੱਚ ਇਨ੍ਹਾਂ ਕੇਂਦਰਾਂ ਦੀ ਸਥਾਪਨਾ ਹੋਵੇਗੀ। ਇਨ੍ਹਾਂ ਕੇਂਦਰਾਂ ਵਿਖੇ ਉਦਯੋਗ ਜਗਤ ਦੇ ਤਾਜ਼ਾ ਚਲਨ ਨਾਲ ਮੇਲ ਖਾਂਦੇ ਕੋਰਸ ਪੜ੍ਹਾਏ ਜਾਣਗੇ। ਸ੍ਰੀ ਮਿੱਤਲ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਆਦਮਪੁਰ (ਜਲੰਧਰ), ਮਲੌਦ (ਲੁਧਿਆਣਾ), ਨਿਆਰੀ (ਗੁਰਦਾਸਪੁਰ), ਸਿੰਘਪੁਰਾ (ਰੂਪਨਗਰ) ਅਤੇ ਮਾਣਕਪੁਰ ਸ਼ਰੀਫ਼ (ਮੁਹਾਲੀ) ਵਿਖੇ ਆਈ.ਟੀ.ਆਈਜ ਦੀ ਸਥਾਪਨਾ ਕੀਤੀ ਜਾਵੇਗੀ।ਮਿੱਤਲ ਨੇ ਅਗਾਂਹ ਦੱਸਿਆ ਕਿ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਸਿਖਲਾਈ ਲਈ ਬਲੌਂਗੀ (ਮੁਹਾਲੀ) ਵਿਖੇ ਮਹਿਲਾਵਾਂ ਲਈ ਇੱਕ ਖੇਤਰੀ ਵੋਕੇਸ਼ਨਲ ਸਿਖਲਾਈ ਸੰਸਥਾ ਦੀ ਸਥਾਪਨਾ ਕੀਤੀ ਜਾ ਰਹੀ ਹੈ ਅਤੇ ਇਸ ਵਰ੍ਹੇ ਆਰਜ਼ੀ ਪ੍ਰਬੰਧਾਂ ਵਜੋਂ ਦਾਖਲਾ ਪ੍ਰਕਿਰਿਆ ਆਈ.ਟੀ.ਆਈ. (ਮਹਿਲਾਵਾਂ), ਰਾਜਪੁਰਾ ਵਿਖੇ ਨੇਪਰੇ ਚਾੜ੍ਹੀ ਜਾ ਰਹੀ ਹੈ। ਲਾਲੜੂ ਵਿਖੇ ਹੀ ਅਜਿਹੀ ਹੀ ਇੱਕ ਹੋਰ ਸਿਖਲਾਈ ਸੰਸਥਾ ਸਥਾਪਿਤ ਕੀਤੀ ਜਾ ਰਹੀ ਹੈ ਜਿੱਥੇ ਕਿ ਅਧਿਆਪਕਾਂ ਨੂੰ ਵੱਖ-ਵੱਖਰੇ ਤਕਨੀਕੀ ਵਿਸ਼ਿਆਂ ਦੀ ਸਿਖਲਾਈ ਦਿੱਤੀ ਜਾਵੇਗੀ। ਇਹ ਸੰਸਥਾ ਸਿਰਫ਼ ਪੰਜਾਬ ਹੀ ਨਹੀਂ ਸਗੋਂ ਤੇ 6 ਗੁਆਂਢੀ ਸੂਬਿਆਂ ਨੂੰ ਵੀ ਲਾਭ ਪਹੁੰਚਾਏਗੀ।