5 Dariya News

ਆਈ. ਟੀ. ਆਈ. ਨੇ ਹੋਟਲ ਸਨਅਤ ਲਈ ਤਿਆਰ ਕੀਤੇ ਹੋਟਲ ਕਾਮੇ

ਪਹਿਲੇ ਕੋਰਸ ਦੇ 34 ਸਫ਼ਲ ਵਿਦਿਆਰਥੀਆਂ ਨੂੰ ਗਾਬੜੀਆ ਅਤੇ ਢਿੱਲੋਂ ਨੇ ਵੰਡੇ ਸਰਟੀਫਿਕੇਟ

5 Dariya News

ਲੁਧਿਆਣਾ 15-Jul-2015

ਸਥਾਨਕ ਹੋਟਲ ਸਨਅਤ ਨੂੰ ਹੋਟਲ ਕਾਮੇ ਸ਼ਹਿਰ ਵਿੱਚ ਹੀ ਤਿਆਰ ਕਰਕੇ ਦੇਣ ਦਾ ਵਾਅਦਾ ਪੰਜਾਬ ਸਰਕਾਰ ਵੱਲੋਂ ਪੂਰਾ ਕਰ ਦਿੱਤਾ ਗਿਆ ਹੈ। ਗਿੱਲ ਸੜਕ ਸਥਿਤ ਆਈ. ਟੀ. ਆਈ. ਤੋਂ ਹੋਟਲ ਮੈਨੇਜਮੈਂਟ ਦਾ ਘੱਟ ਸਮੇਂ ਦਾ ਕੋਰਸ ਪੂਰਾ ਕਰਨ ਵਾਲੇ ਇਹ ਕਾਮੇ ਜਲਦੀ ਹੀ ਪੰਜਾਬ ਅਤੇ ਦੇਸ਼ ਦੀ ਹੋਟਲ ਸਨਅਤ ਨੂੰ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦੇਣਗੇ। ਅੱਜ 'ਵਿਸ਼ਵ ਯੁਵਕ ਹੁਨਰ ਦਿਵਸ' ਮੌਕੇ ਆਈ. ਟੀ. ਆਈ. (ਲੜਕੇ) ਵਿਖੇ ਰੱਖੇ ਸਮਾਗਮ ਦੌਰਾਨ ਇਹ ਕੋਰਸ ਪਾਸ ਕਰਨ ਵਾਲੇ 34 ਵਿਦਿਆਰਥੀਆਂ (ਸਮੇਤ ਕੁੜੀਆਂ) ਨੂੰ ਸਾਬਕਾ ਕੈਬਨਿਟ ਮੰਤਰੀ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਹੀਰਾ ਸਿੰਘ ਗਾਬੜੀਆ ਅਤੇ ਲੁਧਿਆਣਾ (ਪੂਰਬੀ) ਹਲਕੇ ਤੋਂ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਸਰਟੀਫਿਕੇਟ ਵੰਡੇ। ਇਸ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਗਾਬੜੀਆ ਨੇ ਦੱਸਿਆ ਕਿ ਇਹ 45 ਦਿਨ ਦਾ ਕੋਰਸ ਕੇਂਦਰੀ ਸੈਰ ਸਪਾਟਾ ਮੰਤਰਾਲੇ ਵੱਲੋਂ ਬਕਾਇਦਾ ਮਾਨਤਾ ਪ੍ਰਾਪਤ ਹੈ। 

ਦੱਸਣਯੋਗ ਹੈ ਕਿ ਲੰਘੇ ਮਾਰਚ ਮਹੀਨੇ ਗਾਬੜੀਆ ਨੇ ਇਹ ਕੋਰਸ ਸ਼ੁਰੂ ਕਰਵਾਇਆ ਸੀ, ਉਸੇ ਕੋਰਸ ਦੇ ਸਫ਼ਲ ਵਿਦਿਆਰਥੀਆਂ ਨੂੰ ਅੱਜ ਸਰਟੀਫਿਕੇਟ ਵੰਡੇ ਗਏ। ਉਨ੍ਹਾਂ ਕਿਹਾ ਕਿ ਇਹ ਕੋਰਸ ਬਠਿੰਡਾ ਦੇ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਵੱਲੋਂ ਕਰਵਾਇਆ ਗਿਆ ਹੈ। ਪਹਿਲੇ ਬੈਚ ਵਿੱਚ ਪਾਸ ਹੋਣ ਵਾਲੇ ਵਿਦਿਆਰਥੀ 8ਵੀਂ ਤੋਂ 12ਵੀਂ ਜਮਾਤ ਤੱਕ ਪੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇ ਨਾਲ-ਨਾਲ ਕਿਤਾਬਾਂ ਅਤੇ ਵਰਦੀ ਵੀ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਇਥੇ ਹੀ ਬੱਸ ਨਹੀਂ ਸਗੋਂ ਇਹ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਆਰਥਿਕ ਮਦਦ ਵਜੋਂ 1500 ਰੁਪਏ ਦੀ ਰਾਸ਼ੀ ਵੀ ਦਿੱਤੀ ਜਾਵੇਗੀ। 

ਵਿਧਾਇਕ ਢਿੱਲੋਂ ਨੇ ਕਿਹਾ ਕਿ ਸਾਡੇ ਦੇਸ਼ ਦੀ ਹੋਟਲ ਸਨਅਤ ਨੂੰ ਅੱਜ ਵੀ 2 ਤੋਂ 2.5 ਲੱਖ ਹੁਨਰਮੰਦ ਕਾਮਿਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਕਾਬਿਲ ਬਣਾ ਕੇ ਰੁਜ਼ਗਾਰ ਮੁਹੱਈਆ ਕਰਾਉਣ ਦਾ ਹੀ ਹਿੱਸਾ ਹੈ। ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਸੂਬਾ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਹੈ ਅਤੇ ਅਜਿਹੇ ਕੋਰਸ ਨੌਜਵਾਨਾਂ ਨੂੰ ਆਪਣੇ ਪੈਰੀਂ ਖੜ੍ਹੇ ਹੋਣ 'ਚ ਸਹਾਈ ਸਿੱਧ ਹੋਣਗੇ। ਇਸ ਮੌਕੇ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸ੍ਰ. ਨਿਰਮਲ ਸਿੰਘ ਐੱਸ. ਐੱਸ. ਉੱਪ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਬੋਰਡ ਪੰਜਾਬ, ਸਨਅਤਕਾਰ ਚਰਨਜੀਤ ਸਿੰਘ ਵਿਸ਼ਵਕਰਮਾ, ਗੁਰਮੀਤ ਸਿੰਘ ਕੁਲਾਰ, ਆਈ. ਟੀ. ਆਈ. ਦੇ ਪ੍ਰਿੰਸੀਪਲ ਬਲਜਿੰਦਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।