5 Dariya News

ਇਕ ਦਹਾਕੇ ਬਾਦ ਕੇਂਦਰ 'ਚ ਆਈ ਪੰਜਾਬ ਪੱਖੀ ਸਰਕਾਰ : ਕਮਲ ਸ਼ਰਮਾ

ਵਿਕਾਸ ਪ੍ਰੋਜੈਕਟਾਂ ਲਈ ਜੇਤਲੀ ਅਤੇ ਨਾਇਡੂ ਦਾ ਕੀਤਾ ਧੰਨਵਾਦ, ਪੰਜਾਬ ਲਈ ਆਰਥਿਕ ਸਹਾਇਤਾ ਮੰਗੀ

5 Dariya News

ਅੰਮ੍ਰਿਤਸਰ 14-Jul-2015

ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਕਮਲ ਸ਼ਰਮਾ ਨੇ ਵਿਸ਼ਵਾਸ ਪ੍ਰਗਟਾਇਆ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਰਹਿਨੁਮਾਈ ਵਾਲੀ ਸਰਕਾਰ ਦੀਆਂ ਵਿਕਾਸਪੱਖੀ ਨੀਤੀਆਂ ਸਦਕਾ ਪੰਜਾਬ ਛੇਤੀ ਹੀ ਉਹ ਸੰਨਮਾਨਯੋਗ ਰੁਤਬਾ ਹਾਸਿਲ ਕਰ ਲਵੇਗਾ ਜਿਸ ਲਈ ਇਹ ਪਿਛਲੇ ਸਮਿਆਂ 'ਚ ਜਾਣਿਆ ਜਾਂਦਾ ਰਿਹਾ ਹੈ। ਰਣਜੀਤ ਅਵੈਨਿਊ 'ਚ ਵੱਖ-ਵੱਖ ਵਿਕਾਸ ਪਰਿਯੋਜਨਾਵਾਂ  ਦੇ ਸ਼੍ਰੀਗਣੇਸ਼ ਮੌਕੇ ਤੇ ਕਰਵਾਏ ਗਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕੇਂਦਰੀ ਖਜਾਨਾ ਮੰਤਰੀ ਸ਼੍ਰੀ ਅਰੁਣ ਜੇਤਲੀ ਅਤੇ ਸ਼ਹਿਰੀ ਵਿਕਾਸ ਅਤੇ ਸੰਸਦੀ ਕਾਰਜ ਮੰਤਰੀ ਸ਼੍ਰੀ ਵੈਕਇਆ ਨਾਇਡੂ ਦਾ ਧੰਨਵਾਦ ਕੀਤਾ ਅਤੇ ਰਾਜ ਲਈ ਵਧ ਤੋਂ ਵਧ ਆਰਥਿਕ ਸਹਾਇਤਾ ਦੀ ਮੰਗ ਕੀਤੀ ਤਾਂ ਜੋ ਪੰਜਾਬ ਦੇਸ਼ ਦੇ ਨਾਲ ਨਾਲ ਕਦਮ ਮਿਲਾ ਕੇ ਤਰੱਕੀ ਕਰ ਸਕੇ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਵਿਚ ਇਕ ਦਹਾਕੇ ਬਾਦ ਪੰਜਾਬ ਪੱਖੀ ਸਰਕਾਰ ਆਈ ਹੈ ਜਿਸ ਨਾਲ ਰਾਜ ਦੇ ਲੋਕਾਂ ਦੀਆਂ ਕੇਂਦਰ ਪ੍ਰਤੀ ਆਸਾਂ ਵਧੀਆਂ ਹਨ।

69.31 ਕਰੋੜ ਦੀ ਲਾਗਤ ਵਾਲੀ ਵਿਰਾਸਤੀ ਸ਼ਹਿਰ ਵਿਕਾਸ ਅਤੇ ਵਿਸਤਾਰ ਯੋਜਨਾ, 1100 ਕਰੋੜ ਦੀ ਲਾਗਤ ਨਾਲ ਸ਼ੁਰੂ ਕੀਤੀ ਗਈ ਹਾਈਵੇ ਫੋਰ ਲੇਨ ਕਰਨ ਦੀ ਯੋਜਨਾ ਅਤੇ 5.66 ਕਰੋੜ ਦੀ ਲਾਗਤ ਨਾਲ ਬਨੇ ਮੁੜ ਵਸਾਵਾ ਕੇਂਦਰ ਦਾ ਉਦਘਾਟਨ ਕਰਨ ਸੰਬੰਧੀ ਕਰਵਾਏ ਗਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਪੰਜਾਬ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਸ਼੍ਰੀ ਅਰੁਣ ਜੇਤਲੀ ਨੇ ਅੰਮ੍ਰਿਤਸਰ ਵਾਸੀਆਂ ਨਾਲ ਕੀਤਾ ਹਰ ਵਾਇਦਾ ਨਿਭਾਇਆ ਹੈ। ਇਨ੍ਹਾਂ ਪਰਿਯੋਜਨਾਵਾਂ ਦੇ ਸ਼ੁਰੂ ਹੋਨ ਨਾਲ ਕੇਵਲ ਅੰਮ੍ਰਿਤਸਰ ਹੀ ਨਹੀਂ ਬਲਕਿ ਪੂਰੇ ਪੰਜਾਬ ਦੀ ਆਰਥਿਕਤਾ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਪੰਜਾਬ ਨੂੰ ਆਈ.ਆਈ.ਐਮ, ਪੀਜੀਆਈ ਸੈਟੇਲਾਈਟ ਹੈਲਥ ਸੈਂਟਰ, ਸੜਕ ਨਿਰਮਾਣ ਯੋਜਨਾਵਾਂ, ਫੂਡ ਪਾਰਕ, ਆਦਮਪੁ ਦੋਆਬਾ ਏਅਰ ਫੋਰਸ ਏਅਰਪੋਰਟ ਨੂੰ ਸ਼ਹਿਰੀ ਹਵਾਬਾਜੀ ਲਈ ਖੋਲਣ ਦੀ ਮੰਜੂਰੀ ਦੇ ਕੇ ਰਾਜ ਨੂੰ ਕਈ ਤਰ੍ਹਾਂ ਦੇ ਤੋਹਫੇ ਦਿੱਤੇ ਹਨ। ਉਨ੍ਹਾਂ ਨੇ ਇਨ੍ਹਾਂ ਪਰਿਯੋਜਨਾਵਾਂ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਕੇਂਦਰੀ ਖਜਾਨਾ ਮੰਤਰੀ ਸ਼੍ਰੀ ਅਰੁਣ ਜੇਤਲੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਵੈਂਕਈਆ ਨਾਇਡੂ ਦਾ ਧੰਨਵਾਦ ਕੀਤਾ।