ਵਿਦਿਆਰਥੀ ਵਿਦਿਅਕ ਖੇਤਰ ਵਿਚ ਨਿਪੁੰਨਤਾ ਹਾਸਿਲ ਕਰਕੇ ਦੇਸ਼ ਦੀ ਤਰੱਕੀ ਦੇ ਦੂਤ ਬਣਨ- ਅਰੁਣ ਜੇਤਲੀ
ਬਾਦਲ ਅਮਨ ਤੇ ਭਾਈਚਾਰਕ ਸਾਂਝ ਦੇ ਪਹਿਰੇਦਾਰ, ਪਦਮ ਵਿਭੂਸ਼ਣ ਤੋਂ ਕਿਤੇ ਵੱਡੇ ਸਨਮਾਨ ਦੇ ਹੱਕਦਾਰ'
5 Dariya News
ਅੰਮ੍ਰਿਤਸਰ 14-Jul-2015
ਕੇਂਦਰੀ ਖਜ਼ਾਨਾ ਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਰੁਣ ਜੇਤਲੀ ਨੂੰ ਵਿਦਿਆਰਥੀ ਵਰਗ ਨੂੰ ਸੱਦਾ ਦਿੱਤਾ ਹੈ ਕਿ ਉਹ ਭੀੜ ਦਾ ਹਿੱਸਾ ਨਾ ਬਣਨ ਸਗੋਂ ਆਪਣੇ ਨਵੇਂ ਨਿਵੇਕਲੀ ਵਿਚਾਰਾਂ ਨਾਲ ਆਪੋ ਆਪਣੇ ਖੇਤਰਾਂ ਵਿਚ ਨਿਪੁੰਨਤਾ ਹਾਸਿਲ ਕਰਕੇ ਦੇਸ਼ ਦੀ ਤਰੱਕੀ ਦੇ ਦੂਤ ਬਣਨ ਤਾਂ ਜੋ ਭਾਰਤ ਨੂੰ ਵਿਕਾਸਸ਼ੀਲ ਦੇਸ਼ ਬਣਾਇਆ ਜਾ ਸਕੇ। ਅੱਜ ਇੱਥੇ ਖਾਲਸਾ ਕਾਲਜ ਦੀ 108 ਵੀਂ ਸਾਲਾਨਾ ਕਾਨਵੋਕੇਸ਼ਨ ਮੌਕੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਸਮਾਜ ਦੀ ਤਰੱਕੀ ਦਾ ਆਧਾਰ ਨਿਵੇਕਲੇ 'ਦਿਮਾਗੀ ਵਿਚਾਰ' ਹਨ, ਜਿਸ ਨਾਲ ਸਮਾਜ ਦੀ ਤਕਦੀਰ ਨੂੰ ਬਦਲਿਆ ਜਾ ਸਕਦਾ ਹੈ। ਸਿੱਖਿਆ ਖੇਤਰ ਨੂੰ ਸਭ ਤੋਂ ਮਹੱਤਵਪੂਰਨ ਦੱਸਦਿਆਂ ਸ਼੍ਰੀ ਜੇਤਲੀ ਨੇ ਕਿਹਾ ਕਿ ਦੇਸ਼ ਵਿਚ ਮੱਧ ਵਰਗ ਦੀ ਗਿਣਤੀ 35 ਕਰੋੜ ਤੋਂ ਟੱਪ ਚੁੱਕੀ ਹੈ, ਜਿਸਦਾ ਮੁੱਖ ਕਾਰਨ ਦੇਸ਼ ਦੀ ਅਰਥਵਿਵਸਥਾ ਵਿਚ ਸੇਵਾ ਖੇਤਰ ਦੇ ਹਿੱਸੇ ਦਾ ਤੇਜੀ ਨਾਲ ਵਧਣਾ ਹੈ। ਉਨ੍ਹਾਂ ਕਿਹਾ ਕਿ ਸੇਵਾ ਖੇਤਰ ਦੀ ਮੁੱਖ ਲੋੜ ਵੱਖੋ-ਵੱਖਰੇ ਖੇਤਰਾਂ ਦੇ ਮਾਹਿਰ ਤੇ ਪੇਸ਼ੇਵਰ ਪਹੁੰਚ ਹੁੰਦੀ ਹੈ , ਜੋ ਕਿ ਸਿਰਫ ਤੇ ਸਿਰਫ ਵਿਦਿਅਕ ਖੇਤਰ ਵਿਚ ਨਿਪੁੰਨਤਾ ਹਾਸਿਲ ਕਰਕੇ ਹੀ ਸੰਭਵ ਹੈ। ਪੰਜਾਬ ਵਿਚ ਬੁਨਿਆਦੀ ਢਾਂਚੇ ਦੇ ਹੋਰ ਵਿਕਾਸ ਵੱਲ ਜ਼ੋਰ ਦਿੰਦਿਆਂ ਸ਼੍ਰੀ ਜੇਤਲੀ ਨੇ ਕਿਹਾ ਕਿ ਪੰਜਾਬ ਵਿਚ ਵਿਕਾਸ ਕਾਰਨ ਤੇਜੀ ਨਾਲ ਸ਼ਹਿਰੀਕਰਨ ਵੀ ਹੋਇਆ ਹੈ ਅਤੇ ਖੇਤੀ ਅਧਾਰਿਤ ਸੂਬਾ ਹੋਣ ਦੇ ਬਾਵਜੂਦ ਪੰਜਾਬ ਵਿਚ ਸ਼ਹਿਰੀ ਵਸੋਂ 50 ਫੀਸਦੀ ਦੇ ਕਰੀਬ ਪਹੁੰਚ ਰਹੀ ਹੈ।
ਉਨ੍ਹਾਂ ਪੰਜਾਬ ਦੇ ਧਾਰਮਿਕ ਤੇ ਸੱਭਿਆਚਾਰਕ ਸ਼ਕਤੀ ਵਜੋਂ ਉਭਰਨ ਦੀ ਅਸੀਮ ਸੰਭਾਵਨਾਵਾਂ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਆਪਣੀਆਂ ਪਿਛੋਕੜ ਦੀਆਂ ਪ੍ਰਾਪਤੀਆਂ ਤੋਂ ਹੀ ਸੰਤੁਸ਼ਟ ਹੋ ਕੇ ਨਹੀਂ ਬੈਠਣਾ ਚਾਹੀਦਾ ਸਗੋਂ ਨਵੇਂ ਖੇਤਰਾਂ ਦੇ ਵਿਕਾਸ ਵੱਲ ਵੀ ਵਧੇਰੇ ਤਵੱਜ਼ੋਂ ਦੇਣੀ ਚਾਹੀਦੀ ਹੈ। ਮੁੱਖ ਮੰਤਰੀ ਸ. ਬਾਦਲ ਨੂੰ ਅਮਨ ਕਾਨੂੰਨ ਤੇ ਭਾਈਚਾਰੇ ਦਾ ਪਹਿਰੇਦਾਰ ਦੱਸਦਿਆਂ ਸ਼੍ਰੀ ਜੇਤਲੀ ਨੇ ਕਿਹਾ ਕਿ ਉਨ੍ਹਾਂ ਵਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਹਮੇਸ਼ਾ ਡਟਕੇ ਪਹਿਰਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 'ਸ. ਬਾਦਲ ਨੂੰ ਹਾਲੀ ਹੀ ਵਿਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ, ਪਰ ਉਹ ਇਸ ਤੋਂ ਕਿਤੇ ਵੱਡੇ ਸਨਮਾਨ ਦੇ ਹੱਕਦਾਰ ਹਨ'। ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਪੰਜਾਬ ਵਾਸੀਆਂ ਦੀ ਤਰਫੋਂ ਸ੍ਰੀ ਜੇਤਲੀ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਮੁਕਾਬਲੇ ਲਈ ਭਾਰਤੀ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜੋਕਾ ਸਮਾਂ ਮੁਕਾਬਲੇ ਦਾ ਸਮਾਂ ਹੈ, ਜਿਸ ਵਿਚ ਕੇਵਲ ਤੇ ਕੇਵਲ ਚੰਗੀ ਤੇ ਮਕਸਦ ਭਰਪੂਰ ਸਿੱਖਿਆ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੀ ਤਰ੍ਹਾਂ ਦੇ ਪਹਿਲੇ ਤਜ਼ਰਬੇ ਤਹਿਤ 'ਮੈਰੀਟੋਰੀਅਸ ਸਕੂਲ' ਖੋਲ੍ਹੇ ਗਏ ਹਨ ਜਿੱਥੇ 10 ਵੀਂ ਜਮਾਤ ਵਿਚ 80 ਫੀਸਦੀ ਤੋਂ ਵੱਧ ਅੰਕ ਲੈਣ ਵਾਲਿਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਮੁਫਤ ਦਿੱਤੀ ਜਾ ਰਹੀ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਸੁਧਾਰਾਂ ਨੂੰ ਪਹਿਲ ਦਿੱਤੀ ਗਈ ਜਿਸ ਦੇ ਨਤੀਜੇ ਵਜੋਂ ਸਿੱਖਿਆ ਦੇ ਖੇਤਰ ਵਿਚ ਪੰਜਾਬ 14 ਵੇਂ ਤੋਂ ਪਹਿਲੇ ਸਥਾਨ 'ਤੇ ਆ ਗਿਆ ਹੈ। ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਆਈ.ਆਈ.ਐਮ. ਦੀ ਸਥਾਪਨਾ ਸਬੰਧੀ ਬੀਤੇ ਕੱਲ੍ਹ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਨਾਲ ਲਿਖਤੀ ਸਮਝੌਤਾ ਹੋ ਚੁੱਕਾ ਹੈ। ਖਾਲਸਾ ਕਾਲਜ ਵਰਗੀਆਂ ਵੱਕਾਰੀ ਸੰਸਥਾਵਾਂ ਦੀ ਸਥਾਪਨਾ 'ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਕੇਵਲ ਦੇਸ਼ ਦੀ ਸਭ ਤੋਂ ਪੁਰਾਣੀ ਸੰਸਥਾ ਹੀ ਨਹੀਂ ਸਗੋਂ ਇਕ ਵਿਰਾਸਤ ਹੈ, ਜਿਸਨੇ ਸਾਬਕਾ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ, ਏਅਰ ਚੀਫ ਮਾਰਸ਼ਲ ਅਰਜਨ ਸਿੰਘ, ਗੁਰਦਿਆਲ ਸਿੰਘ, ਜਨਰਲ ਹਰਬਖਸ਼ ਸਿੰਘ ਆਦਿ ਵਰਗੇ ਨਾਇਕ ਪੈਦਾ ਕੀਤੇ ਹਨ। ਮੁੱਖ ਮੰਤਰੀ ਸ. ਬਾਦਲ ਵਲੋਂ ਕੇਂਦਰੀ ਵਿੱਤ ਮੰਤਰੀ ਨੂੰ ਮਹੀਨੇ ਵਿਚ ਘੱਟੋ-ਘੱਟ ਇਕ ਵਾਰ ਪੰਜਾਬ ਦਾ ਦੌਰਾ ਜ਼ਰੂਰ ਕਰਨ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਦੇ ਵਿਕਾਸ ਨੂੰ ਹੋਰ ਗਤੀ ਪ੍ਰਦਾਨ ਕੀਤੀ ਜਾ ਸਕੇ।
ਬਾਦਲ ਵਲੋਂ ਖਾਲਸਾ ਕਾਲਜ ਨੂੰ 50 ਲੱਖ ਰੁਪੈ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਗਵਰਨਿੰਗ ਕੌਂਸਲ ਦੇ ਚੇਅਰਮੈਨ ਸ. ਸਤਿਆਜੀਤ ਸਿੰਘ Îਮਜੀਠੀਆ ਵਲੋਂ ਮੁੱਖ ਮਹਿਮਾਨ ਸ਼੍ਰੀ ਜੇਤਲੀ ਦਾ ਸਵਾਗਤ ਕੀਤਾ ਗਿਆ ਤੇ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ। ਸ੍ਰੀ ਜੇਤਲੀ ਤੇ ਮੁੱਖ ਮੰਤਰੀ ਸ. ਬਾਦਲ ਵਲੋਂ 'ਖਾਲਸਾ ਕਾਲਜ ਦੀ ਗਵਰਨਿੰਗ ਕੌਂਸਲ ਦਾ ਇਤਿਹਾਸ' 1890-2015 ਕਿਤਾਬ ਵੀ ਜਾਰੀ ਕੀਤੀ ਗਈ। ਇਸ ਤੋਂ ਇਲਾਵਾ ਵਿਦਿਅਕ ਖੇਤਰ ਵਿਚ ਵਿਚ ਮੱਲ੍ਹਾਂ ਮਾਰਨ ਵਾਲੇ 226 ਵਿਦਿਆਰਥੀਆਂ ਨੂੰ …ਡਿਗਰੀਆਂ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਕੇਂਦਰੀ ਰਾਜ ਮੰਤਰੀ ਸਮਾਜਿਕ ਨਿਆਂ ਮੰਤਰਾਲਾ ਸ੍ਰੀ ਵਿਜੈ ਸਾਂਪਲਾ, ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ Îਮਜੀਠੀਆ, ਸੰਸਦ ਮੈਂਬਰ ਸ. ਰਣਜੀਤ ਸਿੰਘ ਬ੍ਰਹਮਪੁਰਾ, ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਕਮਲ ਸ਼ਰਮਾ, ਸੰਸਦੀ ਸਕੱਤਰ ਸ੍ਰੀ ਸੋਮ ਪ੍ਰਕਾਸ਼ , ਵਿਰਸਾ ਸਿੰਘ ਵਲਟੋਹਾ ਤੇ ਸ. ਅਮਰਪਾਲ ਸਿੰਘ ਬੋਨੀ ਅਜਨਾਲਾ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸ੍ਰੀ ਤੀਕਸ਼ਣ ਸੂਦ, ਕਾਲਜ ਦੇ ਆਨਰੇਰੀ ਸਕੱਤਰ ਸ. ਰਾਜਿੰਦਰ ਮੋਹਨ ਸਿੰਘ ਛੀਨਾ, ਵਾਇਸ ਚਾਂਸਲਰ ਸ. ਰਾਜਮਹਿੰਦਰ ਸਿੰਘ ਮਜੀਠਾ, ਪ੍ਰਿੰਸੀਪਲ ਮਹਿਲ ਸਿੰਘ, ਸ੍ਰੀ ਤਰੁਣ ਚੁੱਘ, ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਪੁਲਿਸ ਕਮਿਸ਼ਨਰ ਸ੍ਰੀ ਜਤਿੰਦਰ ਸਿੰਘ ਔਲਖ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ, ਪ੍ਰਧਾਨ ਚੀਫ ਖਾਲਸਾ ਦੀਵਾਨ ਸ੍ਰੀ ਚਰਨਜੀਤ ਸਿੰਘ ਚੱਢਾ ਮੁੱਖ ਤੌਰ 'ਤੇ ਹਾਜ਼ਰ ਸਨ।