ਪਿੰਡਾਂ ਦੇ ਵਿਕਾਸ ਕਾਰਜਾਂ ਲਈ ਧੰਨ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ : ਅਮਨ ਜੋਤ ਕੌਰ ਰਾਮੂਵਾਲੀਆ
ਪਿੰਡਾਂ ਦਾ ਵਿਕਾਸ ਕਾਰਜ ਆਪਸੀ ਧੜੇਬੰਦੀ ਤੋਂ ਉਪਰ ਉੱਠ ਕੇ ਕੀਤੇ ਜਾਣ , ਚੇਅਰਪਰਸ਼ਨ ਜ਼ਿਲ੍ਹਾ ਯੋਜਨਾ ਕਮੇਟੀ ਨੇ ਪੰਚਾਇਤਾਂ ਦੀਆਂ ਸੁਣੀਆਂ ਮੁਸ਼ਕਲਾਂ
5 Dariya News
ਐਸ.ਏ.ਐਸ.ਨਗਰ 07-Jul-2015
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਧੰਨ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਚਾਹੀਦਾ ਹੈ ਕਿ ਉਹ ਆਪਸੀ ਧੜੇਬੰਦੀ ਤੋਂ ਉਪਰ ਉੱਠ ਕੇ ਪਿੰਡਾਂ ਦੇ ਵਿਕਾਸ ਕਾਰਜ ਨੇਪਰੇ ਚੜਾਉਣ ਤਾਂ ਜੋ ਪਿੰਡਾਂ ਵਿੱਚ ਵਸਦੇ ਲੋਕ ਸਰਕਾਰ ਵੱਲੋਂ ਆਰਭੀਆਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉੱਠਾ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੇਅਰਪਰਸ਼ਨ ਜ਼ਿਲ੍ਹਾ ਯੋਜਨਾ ਕਮੇਟੀ ਬੀਬੀ ਅਮਨ ਜੋਤ ਕੌਰ ਰਾਮੂਵਾਲੀਆ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਜ਼ਿਲ੍ਹਾ ਯੋਜਨਾ ਕਮੇਟੀ ਦੇ ਮੀਟਿੰਗ ਹਾਲ ਵਿਖੇ ਨੇੜਲੇ ਪੰਜ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਸਬੰਧੀ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।ਮੀਟਿੰਗ ਵਿੱਚ ਬਲੌਂਗੀ ਕਲੌਨੀ, ਬਲੌਂਗੀ, ਬਲੋਮਾਜਰਾ, ਬਰਿਆਲੀ ਅਤੇ ਗਰੀਨ ਇੰਨਕਲੇਵ ਦੀਆਂ ਪੰਚਾਇਤਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਜਿਨ੍ਹਾ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ।
ਉਨ੍ਹਾਂ ਹੋਰ ਕਿਹਾ ਕਿ ਐਸ.ਏ.ਐਸ.ਨਗਰ ਹਲਕੇ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਵਿਕਾਸ ਕਾਰਜਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡਾਂ ਦਾ ਦੌਰਾ ਵੀ ਕੀਤਾ ਜਾਵੇਗਾ ਅਤੇ ਪਿੰਡਾਂ 'ਚ ਮੌਕੇ ਤੇ ਲੋਕਾਂ ਦੀ ਸ਼ਿਕਾਇਤਾਂ ਸੁਣ ਕੇ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਪੱਧਰ ਤੇ ਹੋਣ ਵਾਲੀਆਂ ਮੀਟਿੰਗਾਂ ਦਾ ਮੁੱਖ ਏਜੰਡਾ ਵਿਕਾਸ ਹੋਵੇਗਾ ਤਾਂ ਜੋ ਪਿੰਡਾਂ ਵਿੱਚ ਵਿਕਾਸ ਕਾਰਜ ਬਿਨ੍ਹਾਂ ਕਿਸੇ ਦੇਰੀ ਤੋਂ ਮੁਕੰਮਲ ਹੋ ਸਕਣ। ਉਨ੍ਹਾਂ ਇਸ ਮੌਕੇ ਪੰਚਾਇਤ ਸਕੱਤਰਾਂ ਨੂੰ ਪਿੰਡਾਂ ਵਿੱਚ ਸਰਪੰਚਾਂ ਅਤੇ ਪੰਚਾਂ ਨਾਲ ਤਾਲਮੇਲ ਵਧਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ।ਮੀਟਿੰਗ ਵਿੱਚ ਬਰਿਆਲੀ ਦੇ ਸਰਪੰਚ ਰਾਜ ਸਿੰਘ, ਗਰੀਨ ਇੰਕਲੇਵ ਦੀ ਸਰੰਪਚ ਸਮਸੇਰ ਕੌਰ, ਬਲੋਮਾਜਾਰੇ ਦੇ ਸਰਪੰਚ ਗੁਰਦਾਸ ਸਿੰਘ, ਬਲੋਗੀ ਕਲੋਨੀ ਦੀ ਸਰਪੰਚ ਭਿੰਦਰਜੀਤ ਕੌਰ, ਹਰਜਿੰਦਰ ਸਿੰਘ ਬਲੌਗੀ, ਰਾਜੂ, ਅਮੀਨ ਚੰਦ, ਹਰਿੰਦਰ ਸਿੰਘ ਅਤੇ ਹੋਰ ਸਰਪੰਚ ਅਤੇ ਪੰਚ ਵੀ ਮੌਜੂਦ ਸਨ।