5 Dariya News

ਜਰਮਨੀ ਵੱਲੋਂ ਖੇਤੀ ਖੇਤਰ ਵਿੱਚ ਪੰਜਾਬ ਸਰਕਾਰ ਨੂੰ ਸਹਾਇਤਾ ਦੀ ਪੇਸ਼ਕਸ਼

ਜਰਮਨੀ ਤੋਂ ਆਏ ਫੈਡਰਲ ਪਾਰਲੀਮੈਂਟ ਦੇ ਡੈਲੀਗੇਸ਼ਨ ਨੇ ਪੰਜਾਬ ਦੇ ਮੰਤਰੀਆਂ ਕੀਤੇ ਵਿਚਾਰ ਸਾਂਝੇ

5 ਦਰਿਆ ਨਿਊਜ਼

ਚੰਡੀਗੜ੍ਹ 06-Feb-2013

ਜਰਮਨੀ ਦੀ ਫੈਡਰਲ ਪਾਰਲੀਮੈਂਟ ਦੇ ਡੈਲੀਗੇਸ਼ਨ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ, ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਉਦਯੋਗ ਤੇ ਵਣਜ ਮੰਤਰੀ ਅਨਿਲ ਜੋਸ਼ੀ ਤੇ ਮੁੱਖ ਸੰਸਦੀ ਸਕੱਤਰ (ਖੇਤੀਬਾੜੀ) ਨਾਲ ਮੁਲਾਕਾਤ ਕਰ ਕੇ ਖੇਤੀਬਾੜੀ, ਅਨਾਜ ਸੁਰੱਖਿਆ ਤੇ ਖਪਤਕਾਰ ਮਾਮਲਿਆਂ ਸਬੰਧੀ ਆਪਸੀ ਵਿਚਾਰ ਸਾਂਝੇ ਕੀਤੇ। ਜਰਮਨੀ ਦੀ ਫੈਡਰਲ ਪਾਰਲੀਮੈਂਟ ਦੇ ਮੈਂਬਰਾਂ ਨੇ ਪੰਜਾਬ ਵੱਲੋਂ ਖੇਤੀ ਖੇਤਰ ਵਿੱਚ ਕੀਤੀ ਤਰੱਕੀ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਪੰਜਾਬ ਖੇਤੀ ਤੋਂ ਇਲਾਵਾ ਹਰ ਖੇਤਰ ਵਿੱਚ ਬਹੁਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਜਰਮਨ ਡੈਲੀਗੇਸ਼ਨ ਨੇ ਪੰਜਾਬ ਸਰਕਾਰ ਨੂੰ ਹਰ ਤਰ੍ਹਾਂ ਦੀ ਮੱਦਦ ਦੇਣ ਦੀ ਪੇਸ਼ਕਸ਼ ਵੀ ਕੀਤੀ।ਇਸ ਤੋਂ ਪਹਿਲਾਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ. ਕੈਰੋਂ ਨੇ ਜਰਮਨ ਡੈਲੀਗੇਸ਼ਨ ਨੂੰ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੇ ਆਪਣੀ ਸਖਤ ਮਿਹਨਤ ਅਤੇ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਫਤ ਬਿਜਲੀ ਤੇ ਸਬਸਿਡੀ ਦੀ ਸਹੂਲਤ ਦੇਣ ਅਤੇ ਸੁਚੱਜੇ ਖਰੀਦ ਪ੍ਰਬੰਧਾਂ ਸਦਕਾ ਦੇਸ਼ ਨੂੰ ਅਨਾਜ ਖੇਤਰ ਵਿੱਚ ਆਤਮ ਨਿਰਭਰ ਬਣਾਇਆ ਹੈ। 

 ਕੈਰੋਂ ਨੇ ਕਿਹਾ ਕਿ ਚਾਲੂ ਸਾਲ ਦੌਰਾਨ ਪੰਜਾਬ ਨੇ ਕੇਂਦਰੀ ਅੰਨ ਭੰਡਾਰ ਵਿੱਚ 135 ਲੱਖ ਮੀਟਰਿਕ ਟਨ ਚੌਲ ਅਤੇ 128 ਲੱਖ ਟਨ ਮੀਟਰਿਕ ਟਨ ਕਣਕ ਦਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਕੇਂਦਰੀ ਅੰਨ ਭੰਡਾਰ ਭਰਨ ਸਦਕਾ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਹੋਰ ਹੇਠਾਂ ਜਾ ਰਿਹਾ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਨਾ ਮਿਲਣ ਕਾਰਨ ਕਿਸਾਨ ਕਣਕ ਤੇ ਚੌਲ ਦੇ ਫਸਲੀ ਚੱਕਰ ਤੋਂ ਬਾਹਰ ਨਹੀਂ ਆ ਰਿਹਾ ਪਰ ਫਿਰ ਵੀ ਸੂਬਾ ਸਰਕਾਰ ਵੱਲੋਂ ਫਸਲੀ ਵਿਭਿੰਨਤਾ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜਰਮਨੀ ਦੀ ਫੈਡਰਲ ਪਾਰਲੀਮੈਂਟ ਦੇ ਮੈਂਬਰ ਡਾ. ਮੈਕਸ ਲੈਹਮਰ ਨੇ ਦੱਸਿਆ ਕਿ ਉਹ ਤਿੰਨ ਦਿਨਾਂ ਦੇ ਭਾਰਤ ਦੌਰੇ ਦੌਰਾਨ ਅੱਜ ਪੰਜਾਬ ਦਾ ਦੌਰਾ ਕੀਤਾ ਜਿੱਥੇ ਆ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ। ਉਨ੍ਹਾਂ ਕਿਹਾ ਕਿ ਕਈ ਖੇਤਰਾਂ ਵਿੱਚ ਭਾਰਤ ਤੇ ਜਰਮਨੀ ਦੇ ਬਹੁਤ ਚੰਗੇ ਸਬੰਧ ਹਨ ਅਤੇ ਉਹ ਖੇਤੀਬਾੜੀ ਖੇਤਰ ਵਿੱਚ ਭਾਰਤ ਖਾਸ ਕਰ ਕੇ ਪੰਜਾਬ ਨਾਲ ਹੋਰ ਸਾਂਝ ਪਾਉਣੀ ਚਾਹੁੰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਮੱਦਦ ਦੀ ਪੇਸ਼ਕਸ਼ ਵੀ ਕੀਤੀ।

ਇਸ ਤੋਂ ਪਹਿਲਾਂ ਉਦਯੋਗ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਜਰਮਨੀ ਦੇ ਡੈਲੀਗੇਸ਼ਨ ਦਾ ਪੰਜਾਬ ਆਉਣ 'ਤੇ ਸਵਾਗਤ ਕੀਤਾ ਜਦੋਂ ਕਿ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਡੈਲੀਗੇਸ਼ਨ ਦਾ ਧੰਨਵਾਦ ਕੀਤਾ। ਜਰਮਨੀ ਦੇ ਡੈਲੀਗੇਸ਼ਨ ਵਿੱਚ ਮੈਕਥਿਲਡ ਹੇਲ, ਹੇਨਜ਼ ਪਾਉਲਾ, ਗੈਬਰੀਅਲਾ ਗਰੋਨਜ਼ਬਰਗ, ਡਾ. ਇਰਿਕ ਸਕਾਈਵਿਕਟ, ਅਲੈਂਗਜ਼ੇਂਡਰ ਸੁਬਮਾਇਰ, ਹਾਰਲੋਡ ਇਬਿਨਰ ਤੇ ਐਲੋਸ ਗਰੇਗ (ਸਾਰੇ ਮੈਂਬਰ ਫੈਡਰਲ ਪਾਰਲੀਮੈਂਟ), ਰਾਡੇਟਜ਼ ਇਊਪੈਨ ਸ਼ਾਮਲ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਜੀ .ਐਸ. ਕਾਲਕਟ, ਵਿੱਤ ਕਮਿਸ਼ਨਰ ਵਿਕਾਸ ਸ੍ਰੀ ਜੀ.ਐਸ.ਸੰਧੂ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਸ੍ਰੀ ਡੀ.ਐਸ. ਗਰੇਵਾਲ ਤੇ ਡਾਇਰੈਕਟਰ ਕਮ ਕਮਿਸ਼ਨਰ ਸ੍ਰੀ ਸਤਵੰਤ ਸਿੰਘ ਜੌਹਲ, ਸਲਾਹਕਾਰ/ਖੇਤੀਬਾੜੀ ਸ੍ਰੀ ਬਲਵਿੰਦਰ ਸਿੰਘ, ਡਾਇਰੈਕਟਰ ਖੇਤੀਬਾੜੀ ਡਾ. ਮੰਗਲ ਸਿੰਘ ਸੰਧੂ ਆਦਿ ਹਾਜ਼ਰ ਸਨ।