5 Dariya News

ਕੌਮੀ ਡੇਅਰੀ ਯੋਜਨਾ ਤਹਿਤ ਪੰਜਾਬ ਸਰਕਾਰ 32.86 ਕਰੋੜ ਰੁਪੈ ਖਰਚੇਗੀ - ਸਰਵਣ ਸਿੰਘ ਫਿਲੌਰ

ਨਾਭਾ ਤੇ ਰੋਪੜ ਵਿਚ ਸੀਮਨ ਬੈਂਕਾਂ ਦਾ ਨਵੀਨੀਕਰਨ ਹੋਵੇਗਾ

5 ਦਰਿਆ ਨਿਊਜ਼

ਚੰਡੀਗੜ੍ਹ 29-Jan-2013

ਪੰਜਾਬ ਵਿਚ ਪਸ਼ੂ ਧੰਨ ਦੀ ਸਿਹਤ, ਨਸਲ, ਉਤਪਾਦਨ ਤੇ ਗੁਣਵੱਤਾ ਵਿਗਿਆਨਕ ਤਰੀਕੇ ਨਾਲ ਵਧਾਉਣ ਦੇ ਮੰਤਵ ਨਾਲ ਕੌਮੀ ਡੇਅਰੀ ਯੋਜਨਾ ਤਹਿਤ ਇਕ ਵਿਸਥਾਰਤ ਯੋਜਨਾ ਤਿਆਰ ਕੀਤੀ ਗਈ ਹੈ। ਅੱਜ ਇੱਥੇ ਪਸ਼ੂ ਪਾਲਣ ਮੰਤਰੀ ਸ੍ਰੀ ਸਰਵਣ ਸਿੰਘ ਫਿਲੌਰ ਨੇ ਪੰਜਾਬ ਪਸ਼ੂ ਧੰਨ ਵਿਕਾਸ ਬੋਰਡ ਦੀ 17 ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਕੌਮੀ ਡੇਅਰੀ ਯੋਜਨਾ-1 ਤਹਿਤ  32.86 ਕਰੋੜ ਰੁਪੈ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਵਿਚੋਂ ਨਾਭਾ ਤੇ ਰੋਪੜ ਵਿਖੇ ਸੀਮਨ ਬੈਂਕਾਂ ਦੇ ਨਵੀਨੀਕਰਨ ਤੇ ਆਧੁਨਿਕੀਕਰਨ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਸਾਲ 2010-11 ਦੌਰਾਨ ਰਾਜ ਦੀਆਂ ਤਿੰਨ ਸੀਮਨ ਬੈਂਕਾਂ ਵਲੋਂ 31 ਲੱਖ ਸੀਮਨ ਕਿੱਟਾਂ ਦੇ ਟੀਚੇ ਦੇ ਮੁਕਾਬਲੇ 34.25 ਲੱਖ ਸੀਮਨ ਕਿੱਟਾਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੀਮਨ ਕਿੱਟਾਂ ਦੇ ਉਤਪਾਦਨ ਨੂੰ 2017 ਤੱਕ ਦੁੱਗਣਾ ਕੀਤਾ ਜਾਵੇਗਾ। ਸ. ਫਿਲੌਰ ਨੇ ਕਿਹਾ ਕਿ ਰਾਜ ਵਿਚ ਦੁੱਧ ਉਤਪਾਦਨ ਨੂੰ ਵਧਾਉਣ ਲਈ ਸਰਕਾਰ ਵਲੋਂ ਨਸਲੀ ਸੁਧਾਰ, ਮਨਸੂਈ ਗਰਭ ਧਾਰਨ ਦੀ ਪ੍ਰਕ੍ਰਿਆ ਨੂੰ ਵਧਾਉਣ ਲਈ ਅਨੇਕਾਂ ਕਦਮ ਚੁੱਕੇ ਗਏ ਹਨ। 

ਫਿਲੌਰ ਵਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਕਿ ਉਹ ਰਾਜ ਵਿਚ ਪਸ਼ੂ ਧੰਨ ਦੀ ਸਿਹਤ ਸੰਭਾਲ, ਪਸ਼ੂ ਸਿਹਤ ਸੇਵਾਵਾਂ, ਗੁੰਝਲਦਾਰ ਬਿਮਾਰੀਆਂ ਦੇ ਹੱਲ ਲਈ ਪੌਲੀਕਲੀਨਿਕਾਂ ਦਾ ਸੁਚਾਰੂ ਕੰਮਕਾਜ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਦੇ ਅੰਦਰ ਰਾਜ ਦੇ ਪੌਲੀਕਲੀਨਿਕਾਂ ਵਿਚ 51932 ਪਸ਼ੂਆਂ  ਦੇ ਇਲਾਜ ਦੇ ਕੇਸ ਆਏ ਸਨ। ਇਸ ਤੋਂ ਇਲਾਵਾ ਇਨ੍ਹਾਂ ਪੌਲੀਕਲੀਨਿਕਾਂ ਵਿਚ ਪਸ਼ੂਆਂ ਦੇ 5053 ਵੱਡੇ ਅਤੇ 1173 ਛੋਟੇ ਅਪ੍ਰੇਸ਼ਨ  ਵੀ ਸਫਲਤਾ ਪੂਰਵਕ ਕੀਤੇ ਗਏ। ਸਬ ਡਿਵੀਜ਼ਨ ਪੱਧਰ 'ਤੇ ਵੈਟਰਨਰੀ ਸੇਵਾਵਾਂ ਨੂੰ ਹੋਰ ਸੁਚਾਰੂ ਤੇ ਸਮੇਂ ਦੀਆਂ ਹਾਣੀ ਬਣਾਉਣ ਲਈ  ਸਬ ਡਿਵੀਜ਼ਨਾਂ 'ਤੇ ਸੀਨੀਅਰ ਵੈਟਰਨਰੀ ਡਾਕਟਰਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸਬ ਡਿਵੀਜ਼ਨਾਂ ਪੱਧਰ ਦੇ  ਹਸਪਤਾਲਾਂ ਵਿਖੇ ਖੂਨ ਟੈਸਟ, ਵੀਰਜ਼ ਟੈਸਟਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਵਿਭਾਗ ਵਲੋਂ ਪਸ਼ੂ ਪਾਲਕਾਂ ਨੂੰ ਵਧੀਆ ਪਸ਼ੂ ਸਿਹਤ ਸਹੂਲਤਾਂ ਦੇਣ ਲਈ ਮੋਬਾਇਲ ਵੈਟਰਨਰੀ ਯੂਨਿਟ ਵੀ ਸ਼ੁਰੂ ਕੀਤੇ ਗਏ ਹਨ, ਜੋ ਕਿ ਘਰ-ਘਰ ਜਾ ਕੇ ਪਸ਼ੂਆਂ ਦਾ ਇਲਾਜ ਕਰ ਰਹੇ ਹਨ।  ਮੀਟਿੰਗ ਦੌਰਾਨ ਵਿੱਤ ਸਕੱਤਰ ਪਸ਼ੂ ਪਾਲਣ ਸ੍ਰੀ ਜੀ ਵਜਰਾਲਿੰਗਮ, ਡਾਇਰੈਕਟਰ ਪਸ਼ੂ ਪਾਲਣ ਤੇ ਵਿਭਾਗ ਦੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।