5 Dariya News

ਮੋਹਾਲੀ ਪ੍ਰੈੱਸ ਕਲੱਬ ਵਿਖੇ ਸਮਰ ਕੈਂਪ ਸ਼ਾਨੋ ਸ਼ੌਕਤ ਨਾਲ ਸਮਾਪਤ

ਦੇਸ਼ ਦੇ ਉੱਜਲ ਭਵਿੱਖ ਲਈ ਬੱਚਿਆਂ ਨੂੰ ਵਿਰਸੇ ਨਾਲ ਜੋੜਨਾ ਉਤਮ ਕਾਰਜ: ਬੀਬੀ ਰਾਮੂਵਾਲੀਆ

5 Dariya News

ਐਸ.ਏ.ਐਸ.ਨਗਰ (ਮੁਹਾਲੀ) 23-Jun-2015

ਮੋਹਾਲੀ ਪ੍ਰੈੱਸ ਕਲੱਬ ਵਿਖੇ ਪਿਛਲੇ ਕਈ ਦਿਨਾਂ ਤੋਂ ਛੋਟੇ ਬੱਚਿਆਂ ਲਈ ਚੱਲ ਰਿਹਾ ਸਮਰ ਕੈਂਪ ਬੀਤੇ ਦਿਨ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਇਸ ਕੈਂਪ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਨ ਦੇ ਮਕਸਦ ਨਾਲ ਪੰਜਾਬੀ ਭੰਗੜੇ ਦੀ ਟ੍ਰੇਨਿੰਗ ਦਿੱਤੀ ਗਈ। ਕੈਂਪ ਦੇ ਆਖਰੀ ਦਿਨ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਮੋਹਾਲੀ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਦੀ ਪ੍ਰਧਾਨਗੀ ਵਿੱਚ ਕਰਵਾਏ ਗਏ ਇਸ ਸਮਾਪਤੀ ਸਮਾਰੋਹ ਵਿੱਚ ਮੁੱਖ ਸੰਸਦੀ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਸ੍ਰੀ ਪ੍ਰਕਾਸ਼ ਚੰਦ ਗਰਗ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ ਜਦਕਿ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਅਮਨਜੋਤ ਕੌਰ ਰਾਮੂਵਾਲੀਆ ਨੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਗਰਗ ਨੇ ਮੋਹਾਲੀ ਪ੍ਰੈੱਸ ਕਲੱਬ ਵੱਲੋਂ ਕੀਤੇ ਜਾਂਦੇ ਕੰਮਾਂ ਅਤੇ ਵਿਰਸੇ ਦੀ ਸੰਭਾਲ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ । ਉਨ੍ਹਾਂ ਕਿਹਾ ਕਿ ਮੋਹਾਲੀ ਪ੍ਰੈੱਸ ਕਲੱਬ ਇੱਕ ਡੈਮੋਕ੍ਰੇਟਿਕ ਸੰਸਥਾ ਹੈ ਜਿਸ ਵਿੱਚ ਲੋਕਤੰਤਰਿਕ ਢੰਗ ਨਾਲ ਚੋਣ ਕਰਕੇ ਪੱਤਰਕਾਰਾਂ ਦੀ ਭਲਾਈ ਲਈ ਕੰਮ ਕੀਤੇ ਜਾਂਦੇ ਹਨ। ਇਸ ਮੌਕੇ ਉਨ੍ਹਾਂ ਮੋਹਾਲੀ ਪ੍ਰੈੱਸ ਕਲੱਬ ਨੂੰ ਇੱਕ ਲੱਖ ਰੁਪਏ ਦੀ ਮਾਲੀ ਮੱਦਦ ਦੇਣ ਦਾ ਐਲਾਨ ਵੀ ਕੀਤਾ। ਸਮਾਰੋਹ ਦੌਰਾਨ ਕੈਂਪ ਵਿੱਚ ਭੰਗੜੇ ਦੀ ਟ੍ਰੇਨਿੰਗ ਲੈਣ ਵਾਲੇ ਛੋਟੇ ਛੋਟੇ ਬੱਚਿਆਂ ਵੱਲੋਂ ਭੰਗੜੇ ਦੀ ਪੇਸ਼ਕਾਰੀ ਨੇ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ। 

ਇਸ  ਉਪਰੰਤ ਮੁੱਖ ਮਹਿਮਾਨ ਸ੍ਰੀ ਪ੍ਰਕਾਸ਼ ਚੰਦ ਗਰਗ ਵੱਲੋਂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਕੈਂਪ ਦੇ ਸਮਾਪਤੀ ਸਮਰੋਹ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗਰਗ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੀ ਵਰਤੋਂ ਇੰਤਨੀ ਜਿਆਦਾ ਮਾਤਰਾ ਵਿੱਚ ਨਹੀਂ ਹੈ ਜਿਨ੍ਹਾਂ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਬਾਰਡਰ ਤੇ ਹੋਣ ਕਰਕੇ ਇਥੇ ਨਸ਼ੇ ਦੀ ਰਿਕਵਰੀ ਦੂਜੇ ਰਾਜਾਂ ਦੇ ਮੁਕਾਬਲੇ ਵੱਧ ਕੀਤੀ ਗਈ ਜਿਸ ਦਾ ਅਰਥ ਇਹ ਨਹੀਂ ਕਿ ਪੰਜਾਬ 'ਚ ਹੀ ਨਸ਼ਾ ਜਿਆਦਾ ਵਰਦਿਆਂ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਆਨੰਦਪੁਰ ਸਾਹਿਬ ਵਿਖੇ ਕੇਂਦਰੀ ਲੀਡਰਾਂ ਵੱਲੋਂ ਪੰਜਾਬ ਵੱਲੋਂ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਦੀ ਸਲਾਘਾ ਕੀਤੀ ਗਈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਇਹ ਵੀ ਕਿਹਾ ਕਿ ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਵੀ ਕਾਂਗਰਸ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਹੈ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਸਰਕਾਰ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਵੇਗੀ। ਇਸ ਮੌਕੇ ਬੀਬੀ ਰਾਮੂਵਾਲੀਆ ਨੇ ਕਿਹਾ ਕਿ ਦੇਸ਼ ਦੇ ਉੱਜਲ ਭਵਿੱਖ ਲਈ ਮੋਹਾਲੀ ਪ੍ਰੈੱਸ ਕਲੱਬ ਵੱਲੋਂ ਬੱਚਿਆਂ ਨੂੰ ਸਮਰ ਕੈਂਪ ਦੌਰਾਨ ਪੰਜਾਬ ਦੇ ਵਿਰਸੇ ਨਾਲ ਜੋੜਨਾ ਸ਼ਲਾਘਾਯੋਗ ਸੇਵਾ ਹੈ। ਸਾਨੂੰ ਆਪਣੇ ਅਮੀਰ ਵਿਰਸੇ ਨੂੰ ਬਚਾਉਣ ਲਈ ਦਾਜ ਵਰਗੀ ਭੈੜੀ ਲਾਹਨਤ ਤੋਂ ਵੀ ਛੁਟਕਾਰਾ ਪਾਉਣਾ ਪਵੇਗਾ ਕਿਉਂਕਿ ਦਾਜ ਦੇਣ ਲਈ ਲਏ ਕਰਜੇ ਕਦੇ ਵਾਪਸ ਨਹੀਂ ਹੁੰਦੇ।  

ਇਸ ਮੌਕੇ 'ਯਾਰੀ ਚੰਡੀਗੜ੍ਹ ਵਾਲੀਏ ਨੀਂ ਤੇਰੀ ਕਰਾਗੀ ਹੱਥ ਯਾਰਾਂ ਦੇ ਖੜ੍ਹੇ', 'ਬਾਵਾ ਮਿੱਟੀ ਦਾ ਬਣਾਉਨੀ ਆਂ' ਗੀਤਾਂ ਨਾਲ ਮਸ਼ਹੂਰ ਹੋਏ ਪ੍ਰਸਿੱਧ ਪੰਜਾਬੀ ਲੋਕ ਗਾਇਕ ਰਣਜੀਤ ਬਾਵਾ ਅਤੇ 'ਵੱਖਰਾ ਹੁੰਦਾ ਹੈ ਰੋਹਬ ਸਰਦਾਰ ਦਾ ਜਦੋਂ ਪਟਿਆਲਾ ਸ਼ਾਹੀ ਪੱਗ ਚਿਣੀ ਹੁੰਦੀ ਹੈ' ਵਰਗੇ ਗੀਤ ਨਾਲ ਮਸ਼ਹੂਰ ਹੋਏ ਪ੍ਰਸਿੱਧ ਪੰਜਾਬੀ ਲੋਕ ਗਾਇਕ 'ਸਿੱਪੀ ਗਿੱਲ' ਨੇ ਵੀ ਆਪਣੀ ਭਰ੍ਹਵੀਂ ਹਾਜ਼ਰੀ ਲਗਵਾਈ। ਇਸ ਤੋਂ ਪਹਿਲਾਂ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਵੱਲੋਂ ਮੁੱਖ ਮਹਿਮਾਨ ਅਤੇ ਆਏ ਹੋਏ ਹੋਰ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਉਨ੍ਹਾਂ ਪ੍ਰੈੱਸ ਕਲੱਬ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਸ ਸਮਰ ਕੈਂਪ ਦੀ ਸ਼ੁਰੂਆਤ ਪ੍ਰਸਿੱਧ ਪੰਜਾਬੀ ਲੋਕ ਗਾਇਕ ਕੁਲਵਿੰਦਰ ਬਿੱਲਾ ਵੱਲੋਂ ਕੀਤੀ ਗਈ ਸੀ। ਸਮਾਪਤੀ ਸਮਾਰੋਹ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਧਰਮਪਾਲ ਉਪਾਸਕ ਵੱਲੋਂ ਨਿਭਾਈ ਗਈ।ਇਸ ਮੌਕੇ ਪ੍ਰੈੱਸ ਕਲੱਬ ਦੇ ਵਾਈਸ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਸੀਨੀਅਰ ਵਾਈਸ ਪ੍ਰਧਾਨ ਗੁਰਮੀਤ ਸ਼ਾਹੀ, ਜਨਰਲ ਸਕੱਤਰ ਗੁਰਦੀਪ ਬੇਨੀਪਾਲ, ਅਰੁਣ ਬਿੱਟਾ, ਜਸਵੀਰ ਜੱਸੀ ਅਤੇ ਕੁਲਦੀਪ ਸਿੰਘ ਜੁਆਇੰਟ ਸੈਕਟਰੀ ਸਮੇਤ ਕਲੱਬ ਮੈਂਬਰਾਂ ਵਿੱਚ ਅਮਰਜੀਤ ਸਿੰਘ, ਨਾਹਰ ਸਿੰਘ ਧਾਲੀਵਾਲ, ਜਗਤਾਰ ਭੁੱਲਰ, ਧਰਮ ਸਿੰਘ, ਹਰਬੰਸ ਬਾਗੜੀ, ਵਿਜੇ ਕੁਮਾਰ, ਕੁਲਵਿੰਦਰ ਬਾਵਾ, ਮੈਡਮ ਸਰੋਜ ਵਰਮਾ, ਮੈਡਮ ਅਰਵੀਨ ਆਦਿ ਵੀ ਹਾਜ਼ਰ ਸਨ।