5 Dariya News

ਦੇਸ਼ 'ਸਕੈਮ ਇੰਡੀਆ ਤੋਂ ਸਕਿੱਲ ਇੰਡੀਆ' 'ਚ ਬਦਲ ਰਿਹੈ-ਰਾਜਿੰਦਰ ਭੰਡਾਰੀ

ਕਿਚਲੂ ਨਗਰ 'ਚ ਸਮਾਗਮ 'ਚ ਸ਼ਿਰਕਤ ਦੌਰਾਨ ਰੁਜ਼ਗਾਰ ਦੇ ਮੌਕੇ ਵਧਣ ਦਾ ਦਾਅਵਾ

5 Dariya News (ਅਜੇ ਪਾਹਵਾ)

ਲੁਧਿਆਣਾ 10-Jun-2015

ਪੰਜਾਬ ਯੋਜਨਾ ਕਮਿਸ਼ਨ ਦੇ ਉੱਪ ਚੇਅਰਮੈਨ ਰਾਜਿੰਦਰ ਭੰਡਾਰੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗਠਜੋੜ ਦੀ ਸਰਕਾਰ ਹੇਠ ਦੇਸ਼ 'ਸਕੈਮ ਇੰਡੀਆ ਤੋਂ ਸਕਿੱਲ ਇੰਡੀਆ' 'ਚ ਬਦਲ ਰਿਹਾ ਹੈ। ਇਹ ਸਭ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਹੀ ਸਿੱਟਾ ਹੈ ਕਿ ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਵਧ ਰਹੇ ਹਨ। ਅੱਜ ਸਥਾਨਕ ਕਿਚਲੂ ਨਗਰ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਭੰਡਾਰੀ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਨੇ ਆਪਣਾ ਇੱਕ ਸਾਲ ਦਾ ਕਾਰਜਕਾਲ ਪੂਰਾ ਕਰ ਲਿਆ ਹੈ। ਇਸ ਸਮੇਂ ਦੌਰਾਨ ਦੇਸ਼ ਦੀ ਵਿਕਾਸ ਗਤੀ ਨੂੰ ਤੇਜ਼ ਕਰਨ ਲਈ ਕਈ ਵੱਡੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਕਾਬਲ ਬਣਾਉਣ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਲਈ ਬਹੁਤ ਯਤਨ ਕੀਤੇ ਗਏ ਹਨ। ਹਰ ਖੇਤਰ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣ ਨਾਲ ਦੇਸ਼ 'ਤੋਂ 'ਸਕੈਮ' ਸ਼ਬਦ ਦਾ ਦਾਗ ਮਿਟਦਾ ਜਾ ਰਿਹਾ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਦੇਸ਼ 'ਸਕੈਮ ਇੰਡੀਆ ਤੋਂ ਸਕਿੱਲ ਇੰਡੀਆ' 'ਚ ਬਦਲ ਰਿਹਾ ਹੈ। ਜਿਸ ਦਾ ਲਾਭ ਸਾਡੇ ਦੇਸ਼ ਵਾਸੀਆਂ ਨੂੰ ਜਲਦੀ ਹੀ ਮਿਲਣਾ ਸ਼ੁਰੂ ਹੋ ਜਾਵੇਗਾ। 

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਰਦਰਸ਼ਤਾ ਦਾ ਪ੍ਰਗਟਾਵਾ ਕਰਦਿਆਂ ਸਪੈਕਟ੍ਰਮ ਦੀ ਬੋਲੀ ਕਰਵਾਈ ਗਈ ਹੈ ਅਤੇ ਉਮੀਦ ਤੋਂ ਵਧੇਰੇ ਰਕਮ ਸਰਕਾਰੀ ਖ਼ਜਾਨੇ ਵਿੱਚ ਜਮ੍ਹਾਂ ਕਰਵਾਈ ਗਈ ਹੈ, ਜੋ ਕਿ ਦੇਸ਼ ਦੇ ਲੋਕਾਂ ਦੀ ਭਲਾਈ 'ਤੇ ਖ਼ਰਚ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵੱਲੋਂ 204 ਖਾਣਾਂ ਵਿੱਚੋਂ 33 ਖਾਣਾਂ ਦੀ ਕਰਵਾਈ ਗਈ ਬੋਲੀ ਤੋਂ 2 ਲੱਖ ਕਰੋੜ ਰੁਪਏ ਦੀ ਕਮਾਈ ਹੋਈ ਹੈ, ਜੋ ਕਿ ਆਪਣੇ ਆਪ ਵਿੱਚ ਪਾਰਦਰਸ਼ਤਾ ਦੀ ਵੱਡੀ ਉਦਾਹਰਨ ਹੈ। ਸ੍ਰੀ ਭੰਡਾਰੀ ਨੇ ਕਿਹਾ ਕਿ ਯੂ. ਪੀ. ਏ. ਸਰਕਾਰ ਦੇ ਪ੍ਰਧਾਨ ਮੰਤਰੀ ਸ੍ਰ. ਮਨਮੋਹਨ ਸਿੰਘ ਨੇ ਆਪਣੇ ਵਿਦੇਸ਼ੀ ਦੌਰਿਆਂ ਬਾਰੇ ਕੁਝ ਵੀ ਦੇਸ਼ ਨਾਲ ਸਾਂਝਾ ਨਹੀਂ ਕੀਤਾ, ਜਦਕਿ ਸ੍ਰੀ ਮੋਦੀ ਆਪਣੇ ਵਿਦੇਸ਼ ਦੌਰਿਆਂ ਦੇ ਦਿਨੋਂ ਦਿਨ ਦੇਸ਼ ਲਈ ਨਤੀਜੇ ਦੇ ਰਹੇ ਹਨ। ਸ੍ਰੀ ਮੋਦੀ ਨੇ ਪਿਛਲੇ 365 ਦਿਨਾਂ ਦੌਰਾਨ ਇੱਕ ਵੀ ਛੁੱਟੀ ਨਹੀਂ ਕੀਤੀ। ਸ੍ਰੀ ਮੋਦੀ ਵੱਲੋਂ ਹੋਰ ਮੁਲਕਾਂ ਨਾਲ ਦੇਸ਼ ਦੇ ਰਿਸ਼ਤੇ ਸੁਧਾਰਨ ਲਈ ਲਗਾਤਾਰ ਵਿਦੇਸ਼ੀ ਦੌਰੇ ਕੀਤੇ ਜਾ ਰਹੇ ਹਨ। ਜਿਸ ਦੇ ਨਤੀਜੇ ਜਲਦੀ ਹੀ ਦੇਸ਼ ਦੇ ਵਿਕਾਸ ਦੇ ਰੂਪ ਵਿੱਚ ਮਿਲਣ ਲੱਗਣਗੇ। ਸ੍ਰੀ ਭੰਡਾਰੀ ਨੇ ਕੇਂਦਰ ਸਰਕਾਰ ਵੱਲੋਂ ਹਰੇਕ ਵਰਗ ਦੀ ਭਲਾਈ ਲਈ ਸ਼ੁਰੂ ਕੀਤੀਆਂ ਯੋਜਨਾਵਾਂ ਦਾ ਵੇਰਵਾ ਦਿੰਦਿਆਂ ਦਾਅਵਾ ਕੀਤਾ ਕਿ ਭਾਰਤ ਦੇਸ਼ ਜਲਦ ਹੀ ਦੁਨੀਆਂ ਦੇ ਸਭ ਤੋਂ ਵਿਕਸਤ ਦੇਸ਼ਾਂ ਵਿੱਚ ਸ਼ੁਮਾਰ ਹੋ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਕਮਲਜੀਤ ਸੋਈ, ਸ੍ਰੀ ਅਨਿਲ ਸਰੀਨ, ਸ੍ਰੀ ਸੁਨੀਲ ਮੋਦਗਿਲ, ਸ੍ਰੀ ਸੰਜੇ ਗੋਸਾਈਂ, ਸ੍ਰੀ ਬਲਬੀਰ ਚੰਦ ਕਪਿਲਾ, ਸ੍ਰੀ ਪ੍ਰੇਮ ਭਾਟੀਆ, ਸ੍ਰੀ ਕਮਲ ਚੇਟਲੇ, ਸ੍ਰੀ ਅਨਿਲ ਕਪੂਰ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਸਨ।