ਮਦਨ ਮੋਹਨ ਮਿੱਤਲ ਨੇ 34 ਕਰਾਫ਼ਟ ਇੰਸਟਰੱਕਟਰਾਂ, ਟਰੇਨਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਨਵੇਂ ਭਰਤੀ ਹੋਣ ਵਾਲਿਆਂ ਨੂੰ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ
5 Dariya News
ਚੰਡੀਗੜ੍ਹ 09-Jun-2015
ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਅੱਜ ਇੱਥੇ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਵਿਖੇ 15 ਕਰਾਫ਼ਟ ਇੰਸਟਰੱਕਟਰਾਂ, 2 ਪ੍ਰਿੰਸੀਪਲਾਂ (ਗਰੁੱਪ-ਬੀ) ਅਤੇ 17 ਹੋਰ ਉਮੀਦਵਾਰਾਂ ਨੂੰ, ਇੰਸਟੀਚਿਊਟ ਆਫ ਟ੍ਰੇਨਿੰਗ ਆਫ ਟਰੇਨਰਜ਼ ਲਾਲੜੂ ਵਿਖੇ ਟਰੇਨਰਾਂ ਦੇ ਅਹੁਦਿਆਂ ਲਈ ਨਿਯੁਕਤੀ ਪੱਤਰ ਦਿੱਤੇ।ਇਹ ਜਾਣਕਾਰੀ ਦਿੰਦੇ ਹੋਏ ਇੱਕ ਵਿਭਾਗੀ ਬੁਲਾਰੇ ਨੇ ਦੱਸਿਆ ਕਿ ਮਿੱਤਲ ਨੇ ਨਵੇਂ ਨਿਯੁਕਤ ਹੋਏ ਇੰਸਟਰੱਕਟਰਾਂ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਕਹਿੰਦੇ ਹੋਏ ਅਜੋਕੀ ਨੌਜਵਾਨੀ ਨੂੰ ਤਕਨੀਕੀ ਤੌਰ 'ਤੇ ਹੁਨਰਮੰਦ ਹੋਣ ਦਾ ਸੱਦਾ ਵੀ ਦਿੱਤਾ।ਬੁਲਾਰੇ ਅਨੁਸਾਰ ਮਿੱਤਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਲਾਲੜੂ ਵਿਖੇ ਟਰੇਨਰਾਂ ਨੂੰ ਸਿਖਲਾਈ ਦੇਣ ਹਿੱਤ 10 ਕਰੋੜ ਰੁਪਏ ਦੀ ਲਾਗਤ ਅਤੇ ਭਾਰਤ ਸਰਕਾਰ ਦੀ ਸਹਾਇਤਾ ਨਾਲ ਇੱਕ ਇੰਸਟੀਚਿਊਟ ਬਣਾਇਆ ਜਾ ਰਿਹਾ ਹੈ, ਜੋ ਕਿ ਉਤਰੀ ਭਾਰਤ ਦੇ 10 ਸੂਬਿਆਂ ਦੀਆਂ ਲੋੜਾਂ ਪੂਰੀਆਂ ਕਰੇਗਾ। ਇਸ ਮੌਕੇ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਐਮ.ਪੀ. ਸਿੰਘ, ਵਿਭਾਗ ਦੇ ਡਾਇਰੈਕਟਰ ਸ੍ਰੀ ਬੀ. ਪੁਰੂਸ਼ਾਰਥਾ ਅਤੇ ਉਦਯੋਗਿਕ ਸਿਖਲਾਈ ਵਿੰਗ ਪੰਜਾਬ ਦੀ ਵਧੀਕ ਡਾਇਰੈਕਟਰ ਸ੍ਰੀਮਤੀ ਦਲਜੀਤ ਕੌਰ ਸਿੱਧੂ ਵੀ ਮੌਜੂਦ ਸਨ।