ਨਿਫਟ ਦੇ ਵਿਦਿਆਰਥੀਆਂ ਵੱਲੋਂ 'ਅਨੁਕਮਾ-2015' ਰਾਹੀਂ ਆਲਮੀ ਫੈਸ਼ਨ ਉਦਯੋਗ 'ਚ ਧੁੰਮਾਂ
ਆਪਣੀ ਰਚਨਾਤਮਕਤਾ ਦੇ ਮੁਜ਼ਾਹਰੇ ਨਾਲ ਮੋਰੱਕੋ ਦੇ ਰਾਜਦੂਤ ਦਾ ਮਨ ਮੋਹਿਆ ,ਸੁਪਰ ਮਾਡਲਾਂ ਨੇ ਵਿਦਿਆਰਥੀਆਂ ਵੱਲੋਂ ਤਿਆਰ ਪੁਸ਼ਾਕਾਂ ਨੂੰ ਬਾਖੂਬੀ ਰੈਂਪ ਉਤੇ ਕੀਤਾ ਪ੍ਰਦਰਸ਼ਿਤ
5 Dariya News
ਚੰਡੀਗੜ੍ਹ 02-Jun-2015
ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੌਜੀ (ਨਿਫਟ), ਮੋਹਾਲੀ ਦੇ ਵਿਦਿਆਰਥੀਆਂ ਨੇ ਅੱਜ ਇੱਥੇ ਟੈਗੋਰ ਥੀਏਟਰ ਵਿਖੇ ਆਪਣੀ ਉੱਚ ਕੋਟੀ ਦੀ ਰਚਨਾਤਮਕਤਾ ਦਾ ਮੁਜ਼ਾਹਰਾ ਕਰਦੇ ਹੋਏ ਆਪਣੇ ਨਿਵੇਕਲੇ ਡਿਜਾਇਨਾਂ ਨਾਲ ਕੌਮਾਂਤਰੀ ਪ੍ਰਸਿੱਧੀ ਹਾਸਲ ਕਰਦੇ ਹੋਏ ਆਲਮੀ ਫੈਸ਼ਨ ਉਦਯੋਗ ਵਿੱਚ ਧੁੰਮਾਂ ਪਾਈਆਂ।ਇੱਕ ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਨਿਫਟ ਦੇ ਵਿਦਿਆਰਥੀਆਂ ਨੇ ਆਪਣੇ ਸਾਲਾਨਾ ਡਿਜ਼ਾਇਨ ਪ੍ਰਦਰਸ਼ਨ ਸ਼ੋਅ 'ਅਨੁਕਮਾ-2015' ਦੌਰਾਨ ਬਿਹਤਰੀਨ ਡਿਜ਼ਾਇਨ ਪੇਸ਼ ਕੀਤੇ। ਇਸ ਸ਼ੋਅ ਦੀ ਸ਼ੁਰੂਆਤ 'ਧੀਆਂ ਨੂੰ ਬਚਾਓ' ਵਿਸ਼ੇ ਨਾਲ ਕੀਤੀ ਗਈ| ਇਸ ਤੋਂ ਪਿਛੋਂ ਵਿਦਿਆਰਥੀਆਂ ਵਲੋਂ ਫੁਲਕਾਰੀ, ਇਕਤ, ਮੋਰੱਕੋ ਦੇਸ਼ ਦੀ ਕਲਾ, ਲੱਕੜੀ ਦੇ ਫਰਨੀਚਰ, ਰੌਕ ਗਾਰਡਨ, ਮੌਨਸੂਨ, ਵਹਿੰਦਾ ਪਾਣੀ ਅਤੇ ਰੌਕ ਬੈਂਡ ਆਦਿ ਵਿਸ਼ਿਆਂ ਉਤੇ ਅਧਾਰਿਤ ਡਿਜ਼ਾਇਨ ਕੀਤੀਆਂ ਪੁਸ਼ਾਕਾਂ ਪੇਸ਼ ਕੀਤੀਆਂ ਗਈਆਂ।ਬੁਲਾਰੇ ਨੇ ਅਗਾਂਹ ਦੱਸਿਆ ਕਿ ਇਨ੍ਹਾਂ ਪੁਸ਼ਾਕਾਂ ਨੂੰ ਸੁਪਰ ਮਾਡਲਾਂ ਅਮਨਪ੍ਰੀਤ ਵਾਹੀ, ਸ਼ਿਲਪਾ ਸਿੰਘ, ਹਿਦਾ, ਹਿਮਾਨੀ ਥਾਪਾ, ਮਿਨਾਕਸ਼ੀ ਚੌਧਰੀ, ਰੀਨਾ, ਪ੍ਰਿਯੰਕਾ ਭਾਊ, ਆਂਚਲ ਚੌਧਰੀ, ਅਨਾਮਿਕਾ ਬੈੱਨ, ਦੀਪਕ, ਸੌਰਵ, ਵਿਸ਼ਨੂੰ, ਗੋਕੁਲ ਅਤੇ ਸੁਮਿਤ ਨੇ ਬੇਹੱਦ ਸੁਚੱਜੇ ਢੰਗ ਨਾਲ ਰੈਂਪ ਉੱਤੇ ਪੇਸ਼ ਕੀਤਾ। ਇਸ ਮੌਕੇ ਸ਼ੋਅ ਦੀ ਕੋਰੀਓਗ੍ਰਾਫੀ ਦੀ ਜ਼ਿੰਮੇਵਾਰੀ ਕੌਸ਼ਿਕ ਘੋਸ਼ ਨੇ ਨਿਭਾਈ।ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਵਰ੍ਹੇ ਟਾਈਨੌਰ ਔਰਥੌਟਿਕਸ, ਜੋ ਕਿ ਇਸ ਸ਼ੋਅ ਦੀ ਮੁੱਖ ਸਪਾਂਸਰ ਹੈ ਅਤੇ ਵਿਕਲਾਂਗ ਵਿਅਕਤੀਆਂ ਵਾਸਤੇ ਉਤਪਾਦ ਬਣਾਉਂਦੀ ਹੈ, ਲਈ ਦੋ ਖਾਸ ਡਿਜ਼ਾਇਨ ਵੀ ਤਿਆਰ ਕੀਤੇ ਗਏ।
ਬੁਲਾਰੇ ਅਨੁਸਾਰ ਇਸ ਮੌਕੇ ਪੰਜਾਬ ਦੇ ਉਦਯੋਗ ਅਤੇ ਵਣਜ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਵਿਦਿਆਰਥੀਆਂ ਦੀ ਕਲਾ ਨੂੰ ਸਲਾਹੁੰਦੇ ਹੋਏ ਵੱਖੋ ਵੱਖ ਸ਼੍ਰੇਣੀਆਂ ਵਿੱਚ ਇਨਾਮਾਂ ਦੀ ਵੰਡ ਕੀਤੀ।ਵਧੇਰੇ ਵੇਰਵੇ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਮੋਰੱਕੋ ਦੇ ਰਾਜਦੂਤ ਸ੍ਰੀ ਲਾਰਬੀ ਰੇਫੋਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤਕਨੀਕੀ ਸਿੱਖਿਆ, ਫੈਸ਼ਨ ਅਤੇ ਕੱਪੜਾ ਉਦਯੋਗ, ਇੰਜੀਨੀਅਰਿੰਗ ਤੇ ਐਗਰੋ ਇੰਡਸਟਰੀ ਆਦਿ ਖੇਤਰਾਂ ਵਿੱਚ ਪੰਜਾਬ ਅਤੇ ਮੋਰੱਕੋ ਕਾਫੀ ਅਦਾਨ-ਪ੍ਰਦਾਨ ਦੀਆਂ ਸੰਭਾਵਨਾਵਾਂ ਰੱਖਦੇ ਹਨ। ਇਸ ਮੌਕੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਸਬਾ ਕਲਾਈ ਰੇਫੋਹ ਵੀ ਮੌਜੂਦ ਸਨ।
ਇਸ ਸ਼ੋਅ ਮੌਕੇ ਸਮਾਗਮ ਦੀ ਪ੍ਰਧਾਨਗੀ ਨਿਫਟ ਦੇ ਚੇਅਰਮੈਨ ਅਤੇ ਪੰਜਾਬ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨਿਰੁੱਧ ਤਿਵਾੜੀ, ਆਈ.ਏ.ਐਸ. ਨੇ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਨਿਫਟ ਦੇ ਡਾਇਰੈਕਟਰ ਜਨਰਲ ਅਤੇ ਪੰਜਾਬ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ-ਕਮ-ਸਕੱਤਰ ਸ੍ਰੀ ਐਸ.ਆਰ.ਲੱਧੜ ਆਈ.ਏ.ਐਸ., ਟਾਈਨੌਰ ਔਰਥੌਟਿਕਸ ਦੇ ਐਮ.ਡੀ. ਪੀ.ਜੇ. ਸਿੰਘ, ਏ.ਜੇ.ਸਿੰਘ, ਨਿਫਟ ਦੇ ਡਾਇਰੈਕਟਰ ਸ੍ਰੀ ਕੇ.ਐਸ.ਬਰਾੜ, ਰਜਿਸਟਰਾਰ ਇੰਦਰਜੀਤ ਸਿੰਘ, ਅਕਾਦਮਿਕ ਮੁਖੀ ਡਾ.ਪੂਨਮ ਠਾਕੁਰ, ਸ਼ੋਅ ਕੋਆਰਡੀਨੇਟਰ ਡਾ.ਸਿਮਰਿਤਾ ਸਿੰਘ, ਫੈਸ਼ਨ ਡਿਜ਼ਾਇਨ ਦੇ ਕੋਰਸ ਕੋਆਰਡੀਨੇਟਰ ਸ੍ਰੀ ਗੋਬਿੰਦ ਰਾਏ ਤੋਂ ਇਲਾਵਾ ਨਿਫਟ ਦੇ ਮੋਹਾਲੀ, ਲੁਧਿਆਣਾ ਤੇ ਜਲੰਧਰ ਕੈਂਪਸ ਤੋਂ ਫੈਕਲਟੀ ਮੈਂਬਰ ਹਾਜ਼ਰ ਸਨ।