5 Dariya News

ਪੰਜਾਬ ਸਰਕਾਰ ਵੱਲੋਂ ਗਰੀਬੀ ਦੇ ਖਾਤਮੇ ਲਈ ਹਾਈ ਪਾਵਰ ਟਾਸਕ ਫੋਰਸ ਦਾ ਗਠਨ; ਪ੍ਰੋ. ਰਾਜਿੰਦਰ ਭੰਡਾਰੀ ਨੂੰ ਚੇਅਰਮੈਨ ਲਗਾਇਆ

5 Dariya News

ਚੰਡੀਗੜ੍ਹ 28-May-2015

ਪੰਜਾਬ ਸਰਕਾਰ ਨੇ ਨੀਤੀ ਆਯੋਗ ਵੱਲੋਂ ਸ਼ੁਰੂ ਕੀਤੀਆਂ ਪਹਿਲਕਦਮੀਆਂ ਅਤੇ ਦਿੱਤੇ ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਗਰੀਬੀ ਦੇ ਖਾਤਮੇ ਲਈ ਇਕ ਹਾਈ ਪਾਵਰ ਟਾਸਕ ਫੋਰਸ ਦਾ ਗਠਨ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਰਾਜ ਯੋਜਨਾ ਬੋਰਡ ਦੇ ਉਪ-ਚੇਅਰਮੈਨ ਪ੍ਰੋ. ਰਾਜਿੰਦਰ ਭੰਡਾਰੀ ਨੂੰ ਇਸ ਉੱਚ ਪੱਧਰੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਉੁੱਚ ਪੱਧਰੀ ਕਮੇਟੀ ਵੱਲੋਂ ਪੰਜਾਬ ਵਿਚ ਗਰੀਬੀ ਨੂੰ ਖਤਮ ਕਰਨ ਲਈ ਨੀਤੀਆਂ ਤਿਆਰ ਕੀਤੀਆਂ ਜਾਣਗੀਆਂ ਅਤੇ ਕਿਸ ਪੱਧਰ 'ਤੇ ਕੀ ਕੰਮ ਕੀਤਾ ਜਾਣਾ ਚਾਹੀਦਾ ਹੈ, ਉਸ ਬਾਰੇ ਵੀ ਬਿਓਰਾ ਤਿਆਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਵੇਂ ਪੈਂਤੜੇ ਸੁਝਾਏ ਜਾਣਗੇ ਅਤੇ ਗਰੀਬੀ ਨੂੰ ਦੂਰ ਕਰਨ ਲਈ ਜੇਕਰ ਮੌਜੂਦਾ ਨੀਤੀਆਂ ਵਿਚ ਸੁਧਾਰ ਕਰਨ ਦੀ ਲੋੜ ਹੈ ਤਾਂ ਉਸ ਸਬੰਧੀ ਵੀ ਸੁਝਾਅ ਪੇਸ਼ ਕੀਤੇ ਜਾਣਗੇ।

ਇਸ ਮੌਕੇ ਪ੍ਰੋ. ਰਾਜਿੰਦਰ ਭੰਡਾਰੀ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਨ੍ਹਾਂ ਵਿਚ ਇਸ ਅਹਿਮ ਕੰਮ ਲਈ ਪ੍ਰਗਟਾਏ ਗਏ ਵਿਸ਼ਵਾਸ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਇਸ ਜ਼ਿੰਮੇਵਾਰੀ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਣਗੇ। ਉਨ੍ਹਾਂ ਦੱਸਿਆ ਕਿ ਇਸ ਟਾਸਕ ਫੋਰਸ ਵਿਚ ਵੱਖ-ਵੱਖ ਖੇਤਰਾਂ ਦੇ ਤਜ਼ਰਬੇਕਾਰ ਅਤੇ ਮਾਹਿਰਾਂ ਸਮੇਤ ਸਬੰਧਤ ਵਿਭਾਗਾਂ ਦੇ ਸਕੱਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰੋ. ਭੰਡਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਇਸ ਟੀਮ ਨਾਲ ਉਹ ਸਕਾਰਾਤਮਕ ਨਤੀਜੇ ਲਿਆ ਕੇ ਦੇਣਗੇ ਅਤੇ ਗਰੀਬੀ ਦਾ ਖਾਤਮਾ ਕਰਨ ਲਈ ਸਾਰਥਕ ਕੋਸ਼ਿਸ਼ਾਂ ਕਰਨਗੇ।ਉਨ੍ਹਾਂ ਕਿਹਾ ਕਿ ਇਹ ਇਕ ਬਹੁਤ ਵੱਡਾ ਕੰਮ ਹੈ ਅਤੇ ਇਸ ਕੰਮ ਪ੍ਰਤੀ ਗੰਭੀਰਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਟਾਸਕ ਫੋਰਸ ਵੱਲੋਂ ਦਿੱਤੇ ਸੁਝਾਵਾਂ ਨੂੰ ਵੱਖ-ਵੱਖ ਸਕੀਮਾਂ ਵਿਚ ਲਾਗੂ ਕਰਕੇ ਪੰਜਾਬ ਅਤੇ ਕੇਂਦਰ ਸਰਕਾਰ ਗਰੀਬੀ ਦਾ ਖਾਤਮਾ ਕਰੇਗੀ। ਦੱਸਣਯੋਗ ਹੈ ਕਿ ਪ੍ਰੋ. ਭੰਡਾਰੀ ਪੰਜਾਬ ਦੇ ਭਾਜਪਾ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਆਰਿਆ ਕਾਲਜ ਲੁਧਿਆਣਾ ਵਿਖੇ ਕਾਮਰਸ ਦੇ ਪੀਜੀ ਵਿਭਾਗ ਵਿਚ ਐਸੋਸੀਏਟ ਪ੍ਰੋਫੈਸਰ ਵੱਜੋਂ ਵੀ ਸੇਵਾ ਨਿਭਾਈ ਹੈ।