ਪੰਜਾਬ 'ਚ 3 ਲੱਖ 5 ਹਜ਼ਾਰ ਵਿਦਿਆਰਥੀਆਂ ਨੂੰ ਪੋਸਟ ਮੈਟਰਿਕ ਸਕਾਲਰਸਿਪ ਸਕੀਮ ਤਹਿਤ 425 ਕਰੋੜ ਰੁਪਏ ਵਜੀਫੇ ਵਜੋਂ ਦਿੱਤੇ : ਰਾਜੇਸ ਬਾਘਾ
ਜ਼ਿਲ੍ਹੇ 'ਚ ਮਿਡ ਡੇ ਮੀਲ ਤਹਿਤ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਵਿੱਚ ਪੜਦੇ 57 ਹਜ਼ਾਰ 221 ਬੱਚਿਆਂ ਨੂੰ ਦਿੱਤਾ ਜਾਂਦਾ ਹੈ ਦੁਪਹਿਰ ਦਾ ਖਾਣਾ : ਡਾ. ਗੁਰਜੀਤ ਸਿੰਘ
5 Dariya News
ਐਸ.ਏ.ਐਸ.ਨਗਰ 27-May-2015
ਪੰਜਾਬ 'ਚ ਸਾਲ 2014-15 ਦੋਰਾਨ 3 ਲੱਖ 5 ਹਜ਼ਾਰ ਵਿਦਿਆਰਥੀਆਂ ਨੂੰ ਪੋਸਟ ਮੈਟਰਿਕ ਸਕਾਲਰਸਿਪ ਸਕੀਮ ਤਹਿਤ 425 ਕਰੋੜ ਰੁਪਏ ਵਜੀਫੇ ਵਜੋਂ ਦਿੱਤੇ ਗਏ ਹਨ ਜਦਕਿ ਸਾਲ 2013-14 ਵਿੱਚ ਕੇਵਲ 52 ਹਜ਼ਾਰ ਵਿਦਿਆਰਥੀਆਂ ਨੂੰ ਪੋਸਟ ਮੈਟਰਿਕ ਸਕਾਲਰਸਿਪ ਸਕੀਮ ਅਧੀਨ ਵਜੀਫਾ ਦਿੱਤਾ ਗਿਆ ਸੀ। ਇਸ ਗੱਲ ਦੀ ਜਾਣਕਾਰੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ ਬਾਘਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼ 2 ਵਿਖੇ ਮਿਡ ਡੇ ਮੀਲ ਤਹਿਤ ਸਕੂਲੀ ਬੱਚਿਆਂ ਨੂੰ ਦੁਪਹਿਰ ਦੇ ਖਾਣੇ ਦਾ ਨਿਰਿਖਣ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਇਸ ਮੋਕੇ ਸਕੂਲੀ ਬੱਚਿਆਂ ਨੂੰ ਮਿਡ ਡੇ ਮੀਲ ਤਹਿਤ ਦਿੱਤੇ ਗਏ ਦੁਪਹਿਰ ਦੇ ਖਾਣੇ ਦੀ ਗੁਣਵੱਤਾ ਨੂੰ ਜਾਂਚ ਕਰਨ ਉਪਰੰਤ ਤਸੱਲੀ ਦਾ ਪ੍ਰਗਟਾਵਾ ਕੀਤਾ।
ਰਾਜੇਸ ਬਾਘਾ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਆਖਿਆ ਗਿਆ ਹੈ ਕਿ ਸਕੂਲਾਂ ਵਿੱਚ ਛੁੱਟੀਆਂ ਹੋਣ ਤੋਂ ਪਹਿਲਾਂ-ਪਹਿਲਾਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆ ਮੁਫ਼ਤ ਕਿਤਾਬਾਂ ਕਾਪੀਆਂ ਵੰਡਣ ਦੇ ਕੰਮ ਨੂੰ ਮੁਕੰਮਲ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਦਾ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ ਅਤੇ ਉਹ ਛੁੱਟੀਆਂ ਵਿੱਚ ਵੀ ਆਪਣੀ ਤਿਆਰੀ ਕਰ ਸਕਣ। ਉਨ੍ਹਾਂ ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਵੰਡੀਆਂ ਗਈਆਂ ਮੁਫ਼ਤ ਕਿਤਾਬਾਂ ਕਾਪੀਆਂ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰ ਡਾ. ਗੁਰਜੀਤ ਸਿੰਘ ਦੀ ਸਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਸਕੂਲਾਂ ਵਿੱਚ ਬੁੱਕ ਬੈਂਕ ਬਣਨੇ ਚਾਹੀਦੇ ਹਨ ਜਿਸ ਵਿੱਚ ਪੁਰਾਣੀਆਂ ਕਿਤਾਬਾਂ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ ਤਾਂ ਜੋ ਉਹ ਕਿਤਾਬਾਂ ਅਗਲੇ ਵਰ੍ਹੇ ਹੋਰਨਾਂ ਵਿਦਿਆਰਥੀਆਂ ਲਈ ਕੰਮ ਆ ਸਕਣ ਜਿਸ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਕਿਤਾਬਾਂ ਦੀ ਛਪਾਈ ਤੇ ਆਉਣ ਵਾਲਾ ਖਰਚੇ ਦੀ ਬਚਤ ਹੋਵੇਗੀ।
ਰਾਜੇਸ ਬਾਘਾ ਨੇ ਕਿਹਾ ਕਿ ਕਮਿਸ਼ਨ ਪੰਜਾਬ ਰਾਜ ਦੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਖਾਸ ਕਰਕੇ ਅਨੁਸੂਚਿਤ ਜਾਤੀਆਂ ਦੇ ਬੱਚਿਆਂ ਨੂੰ ਸਿਹਤ ਪੱਖੋ ਨਿਰੋਆ ਅਤੇ ਸਿੱਖਿਆ ਪੱਖੋਂ ਉਨ੍ਹਾਂ ਦੀ ਹਰ ਪੱਖੋ ਸਹਾਇਤਾ ਕਰਨ ਲਈ ਵਿਸ਼ੇਸ ਯਤਨ ਕਰ ਰਿਹਾ ਹੈ। ਉਨ੍ਹਾਂ ਇਸ ਮੌਕੇ ਐਨ.ਡੀ.ਏ ਸਰਕਾਰ ਦਾ ਇਕ ਸਾਲ ਪੁਰਾ ਹੋਣ ਤੇ ਮੁਬਾਰਕਬਾਦ ਦਿੰਦਿਆ ਕਿਹਾ ਕਿ ਐਨ.ਡੀ.ਏ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਇਤਿਹਾਸਕ ਫੈਸਲੇ ਲਏ ਗਏ ਹਨ ਜਿਸ ਨਾਲ ਆਮ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡਾ. ਗੁਰਜੀਤ ਸਿੰਘ ਨੇ ਚੇਅਰਮੈਨ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲੀ ਜਮਾਤ ਤੋਂ ਦੱਸਵੀ ਜਮਾਤ ਤੱਕ ਪੜਨ ਵਾਲੇ ਅਨੁਸੂਚਿਤ ਜਾਤੀਆਂ ਦੇ 33 ਹਜ਼ਾਰ 722 ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਕਾਪੀਆਂ ਵੰਡੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮਿਡ ਡੇ ਮੀਲ ਤਹਿਤ ਪ੍ਰਾਇਮਰੀ ਅਤੇ ਅਪੱਰ ਪ੍ਰਾਇਮਰੀ ਸਕੂਲਾਂ ਵਿੱਚ ਪੜਦੇ 57 ਹਜ਼ਾਰ 221 ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਮੌਕੇ ਸ੍ਰੀ ਨਵਰੀਤ ਸਿੰਘ ਮਾਂਗਟ ਡੀ.ਆਰ.ਸੀ., ਜ਼ਿਲ੍ਹਾ ਮੈਨੇਜਰ ਮਿਡ ਡੇ ਮੀਲ ਸ੍ਰੀਮਤੀ ਸੁਭਲਾ ਸ਼ਰਮਾ, ਐਸ.ਡੀ.ਓ ਐਸ.ਐਸ. ਲੱਖੋਵਾਲ ਅਤੇ ਸ੍ਰੀਮਤੀ ਅਮਰਜੀਤ ਕੌਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।