5 Dariya News

ਮੋਦੀ ਸਰਕਾਰ ਦੀ ਪਹਿਲੀ ਵਰ੍ਹੇਗੰਢ ਤੇ 117 ਵਿਧਾਨਸਭਾ ਖੇਤਰਾਂ ਵਿਚ ਜਨ ਕਲਿਆਣ ਪਰਵ ਦੇ ਰੂਪ ਵਿਚ ਸਭਾਵਾਂ ਕਰੇਗੀ ਭਾਜਪਾ - ਕਮਲ ਸ਼ਰਮਾ

5 Dariya News

ਜਲੰਧਰ 25-May-2015

ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਵਾਲੀ ਸਰਕਾਰ ਦਾ ਇਕ ਸਾਲ ਦਾ ਕਾਰਜਕਾਲ ਪੂਰਾ ਹੋਨ ਤੇ ਭਾਜਪਾ ਇਸ ਮੌਕੇ ਨੂੰ 'ਜਨਕਲਿਆਣ ਪਰਵ' ਦੇ ਰੂਪ ਵਿਚ ਮਨਾਵੇਗੀ ਅਤੇ ਪੰਜਾਬ ਦੇ ਸਾਰੇ 117 ਵਿਧਾਨਸਭਾ ਹਲਕਿਆਂ ਅੰਦਰ ਜਨਸਭਾਵਾਂ ਕਰੇਗੀ। ਇਹ ਜਾਣਕਾਰੀ ਭਾਜਪਾ ਦੇ ਪੰਜਾਬ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦਸਿਆ ਕਿ 26 ਤੋਂ 31 ਮਈ ਤੀਕ ਚਲਨ ਵਾਲੇ ਇਨ੍ਹਾਂ ਕਾਰਜਕ੍ਰਮਾਂ ਵਿਚ ਕੇਂਦਰੀ ਮੰਤਰੀ ਸ਼੍ਰੀ ਥਾਵਰ ਚੰਦ ਗਹਿਲੌਤ, ਸ਼੍ਰੀਮਤੀ ਮੇਨਕਾ ਗਾਂਧੀ, ਸ਼੍ਰੀ ਵਿਜੈ ਸਾਂਪਲਾ, ਸ਼੍ਰੀਮਤੀ ਹਰਸਿਮਰਤ ਕੌਰ ਬਾਦਲ, ਪਾਰਟੀ ਦੇ ਰਾਸ਼ਟਰੀ ਅਹੁਦੇਦਾਰ ਸ਼੍ਰੀ ਨਲਿਨ ਕੋਹਲੀ, ਸ਼੍ਰੀ ਤਰੁਣ ਚੁਘ, ਸਾਂਸਦ, ਵਿਧਾਇਕ ਅਤੇ ਪੰਜਾਬ ਦੇ ਅਹੁਦੇਦਾਰ ਸੰਬੋਧਤ ਕਰਨਗੇ। ਇਨ੍ਹਾਂ ਜਨਸਭਾਵਾਂ 'ਚ ਕੇਂਦਰ ਸਰਕਾਰ ਦੇ ਭੋਂ ਪ੍ਰਾਪਤੀ ਬਿਲ, ਐਫਡੀਆਈ, ਵਿਦੇਸ਼ ਨੀਤੀ, ਜਨ ਹਿਤੈਸ਼ੀ ਨੀਤੀਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।

ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਦਸਿਆ ਕਿ ਪਾਰਟੀ ਨੇ ਰਾਜ ਅੰਦਰ ਲੋਕਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਵਾਲੀ ਸਰਕਾਰ ਦੀ ਇਕ ਸਾਲ ਦੀਆਂ ਪ੍ਰਾਪਤੀਆਂ ਅਤੇ ਸੁਸ਼ਾਸਨ ਦੇ ਬਾਰੇ ਜਨਤਾ ਨੂੰ ਜਾਗਰੂਕ ਕਰਨ ਵਾਸਤੇ ਹੋਰ ਵੀ ਕਈ ਪ੍ਰੋਗਰਾਮ ਤਿਆਰ ਕੀਤੇ ਹਨ। ਇਸ ਅਨੁਸਾਰ 27 ਮਈ ਨੂੰ ਸਾਰਿਆਂ ਜਿਲੇ ਅੰਦਰ ਮੁਖ ਥਾਵਾਂ ਤੇ ਕੇਂਦਰ ਸਰਕਾਰ ਕੀ ਪ੍ਰਾਪਤੀਆਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਇਸ ਵਿਚ ਕੋਇਲੇ ਖਾਨਾਂ ਦੀ ਸਫਲ ਬੋਲੀ, ਹਰ ਘਰ ਨੂੰ 24 ਘੰਟੇ 7 ਦਿਨ ਬਿਜਲੀ ਦੀ ਸਪਲਾਈ, ਭ੍ਰਿਸ਼ਟਾਚਾਰ ਖਿਲਾਫ ਲੜਾਈ, ਕਾਲੇ ਧਨ ਤੇ ਪਾਸ ਕੀਤੇ ਬਿਲ, ਸਮਾਜਿਕ ਖੇਤਰ ਵਿਚ ਉਠਾਏ ਗਏ ਸੁਧਾਰਵਾਦੀ ਕਦਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਭਾਜਪਾ ਪ੍ਰਧਾਨ ਨੇ ਦੱਸਿਆ ਕਿ 30 ਅਤੇ 31 ਮਈ ਨੂੰ ਦੋ ਦਿਨੀਂ ਜਨ ਕਲਿਆਣਕਾਰੀ ਮੇਲੇ ਦਾ ਵੀ ਆਯੋਜਨ ਕੀਤਾ ਜਾਵੇਗਾ। ਇਸ ਵਿਜ ਬੈਂਕ ਅਤੇ ਬੀਮਾ ਖੇਤਰਾਂ ਨਾਲ ਜੁੜੇ ਅਧਿਕਾਰੀ ਵੀ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਬਾਰੇ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਨਾਲ ਸੰਬੰਧਤ ਕੈਂਪ ਵੀ ਲਗਾਏ ਜਾਣਗੇ।

ਨਰਿੰਦਰ ਮੋਦੀ ਦੀ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਨੂੰ ਪਿਛਲੀ ਯੂਪੀਏ ਸਰਕਾਰ ਦੇ ਦੱਸ ਸਾਲ ਦੇ ਕਾਰਜਕਾਲ ਤੋਂ ਕਿਤੇ ਬਿਹਤਰ ਦਸਦਿਆਂ ਪੰਜਾਬ ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ Àਨ੍ਹਾਂ ਨੇ 'ਮਿਨੀਮਮ ਗੌਰਮਿੰਟ ਮੈਕਸਿਮਮ ਗਵਰਨੈਂਸ' ਦੇ ਵਾਇਦੇ ਤੇ ਖਰਾ ਉਤਰਦਿਆਂ ਗਰੀਬਾਂ, ਕਿਸਾਨਾਂ, ਮਜਦੂਰਾਂ, ਮਹਿਲਾਵਾਂ, ਨੌਜਵਾਨਾਂ, ਵਿਓਪਾਰੀਆਂ ਅਤੇ ਸਮਾਜ ਦੇ ਹਰ ਵਰਗਾਂ ਦੇ ਵਿਕਾਸ ਅਤੇ ਕਲਿਆਣ ਤੇ ਬਹੁਤਾ ਜੋਰ ਦਿੱਤਾ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਸੋਸ਼ਲ ਮੀਡੀਆ ਅਤੇ ਪ੍ਰੈਸ ਕਾਨਫ੍ਰੈਂਸਾਂ ਰਾਹੀਂ ਵਿਕਾਸਪੱਖੀ ਅਤੇ ਗਰੀਬ ਹਿਤੈਸ਼ੀ ਸਰਕਾਰ ਦਾ ਸੁਨੇਹਾ ਜਨ ਜਨ ਤੀਕ ਪਹੁੰਚਾਇਆ ਜਾਵੇਗਾ।