ਸਕੂਲੀ ਬੱਚਿਆਂ ਨੂੰ ਸੁਰੱਖਿਅਤ ਬੱਸ ਸੇਵਾ ਪ੍ਰਦਾਨ ਨਾ ਕਰਨ ਤੇ ਸਕੂਲ ਪ੍ਰਬੰਧਕਾਂ ਵਿਰੁੱਧ ਹੋਵੇਗੀ ਕਾਰਵਾਈ : ਐਸ.ਡੀ.ਐਮ
5 Dariya News
ਐਸ.ਏ.ਐਸ.ਨਗਰ 20-May-2015
ਸਕੂਲੀ ਬੱਚਿਆਂ ਨੂੰ ਸੁਰੱਖਿਅਤ ਬੱਸ ਸੇਵਾ ਪ੍ਰਦਾਨ ਨਾ ਕਰਨ ਤੇ ਸਕੂਲੀ ਪ੍ਰਬੰਧਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ । ਸਕੂਲ ਪ੍ਰਬੰਧਕ ਬੱਚਿਆਂ ਨੂੰ ਸੁਰੱਖਿਅਤ ਬੱਸ ਸੇਵਾ ਪ੍ਰਦਾਨ ਕਰਨ ਅਤੇ ਸੇਫ ਸਕੂਲ ਵਾਹਨ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਹੁਕਮਾਂ ਦੀ ਇੰਨਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਇਹ ਹਦਾਇਤਾਂ ਐਸ.ਡੀ.ਐਮ ਸ੍ਰੀ ਲਖਮੀਰ ਸਿੰਘ ਨੇ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ, ਟਰਾਂਸਪੋਰਟ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਦੀ ਅਚਨਚੇਤੀ ਚੈਕਿੰਗ ਦੌਰਾਨ ਸਕੂਲੀ ਪ੍ਰਬੰਧਕਾਂ ਨੂੰ ਦਿੱਤੀਆਂ। ਚੈਕਿੰਗ ਮੌਕੇ ਐਸ.ਪੀ. (ਟਰੈਫਿਕ) ਸ੍ਰੀ ਐਸ.ਐਸ ਬੈਂਸ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੇਵਾ ਸਿੰਘ ਸਿੱਧੂ ਅਤੇ ਮੋਟਰ ਵਹੀਕਲ ਇੰਸਪੈਕਟਰ ਸ੍ਰੀ ਰਾਕੇਸ ਗੁਪਤਾ ਅਤੇ ਡੀ.ਐਸ.ਪੀ (ਟਰੈਫਿਕ) ਸ੍ਰੀ ਰਾਮ ਚੰਦਰ ਅਤੇ ਟਰੈਫਿਕ ਪੁਲਿਸ ਦੇ ਹੋਰ ਅਧਿਕਾਰੀ ਵੀ ਨਾਲ ਸਨ।
ਐਸ.ਡੀ.ਐਮ ਸ੍ਰੀ ਲਖਮੀਰ ਸਿੰਘ ਨੇ ਦੱਸਿਆ ਕਿ ਮਾਨਵ ਮੰਗਲ ਸਮਰਾਟ ਸਕੂਲ ਫੇਜ਼-10, ਮਿਲੇਨੀਅਮ ਸਕੂਲ ਸੈਕਟਰ 67 ਅਤੇ ਸਿਸ਼ੂ-ਨਿਕੇਤਨ ਪਬਲਿਕ ਸਕੂਲ ਸੈਕਟਰ-66 ਦੀਆਂ ਲਗਭਗ 66 ਬੱਸਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਿਸ਼ੂ-ਨਿਕੇਤਨ ਪਬਲਿਕ ਸਕੂਲ ਦੀ ਇੱਕ ਬੱਸ (ਸੀ.ਐਚ. 04 ਡੀ 0164) ਦੇ ਕਾਗਜ ਨਾ ਹੋਣ ਕਾਰਨ ਉਸ ਨੂੰ ਇੰਮਪਾਉਂਡ ਕਰਕੇ ਥਾਣੇ ਬੰਦ ਕੀਤਾ ਗਿਆ ਜਦਕਿ ਇਸੇ ਸਕੂਲ ਦੀ ਟਾਟਾ ਮੈਜਿਕ (ਪੀ.ਬੀ. 01 ਏ 4129) ਦੇ ਡਰਾਇਵਰ ਕੋਲ ਲਰਨਰ ਲਾਇਸੈਂਸ ਹੋਣ ਕਾਰਨ ਉਸ ਦਾ ਚਲਾਨ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਸਕੂਲ ਪ੍ਰਬੰਧਕਾਂ ਨੂੰ ਬੱਸਾਂ ਵਿਚਲੀਆਂ ਖਾਮੀਆਂ ਨੂੰ ਦੂਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਸੇਫ ਸਕੂਲ ਵਾਹਨ ਸਕੀਮ ਅਧੀਨ ਬੱਸਾਂ ਦੀ ਜਾਂਚ ਪੜਤਾਲ ਕੀਤੀ ਗਈ ਅਤੇ ਸਕੂਲ ਪ੍ਰਬੰਧਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਬੱਚਿਆਂ ਨੂੰ ਉਪਲਬੱਧ ਕਰਵਾਈ ਜਾ ਰਹੀ ਬੱਸ ਸੇਵਾ ਵਿੱਚ ਕਿਸੇ ਕਿਸਮ ਦੀ ਕੁਤਾਹੀ ਨਾ ਵਰਤਣ। ਉਨ੍ਹਾਂ ਦੱਸਿਆ ਕਿ ਸੇਫ ਸਕੂਲ ਵਾਹਨ ਸਕੀਮ ਤਹਿਤ ਹਰੇਕ ਸਕੂਲੀ ਬੱਸ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ ਅਤੇ ਸਕੂਲ ਬੱਸ ਦੇ ਅੱਗੇ ਅਤੇ ਪਿੱਛੇ ਸਕੂਲ ਬੱਸ ਲਿਖਿੱਆ ਹੋਣਾ ਜਰੂਰੀ ਹੈ ਜੇਕਰ ਬੱਸ ਕਿਰਾਏ ਤੇ ਹੋਵੇ ਤਾਂ ਉਸ ਤੇ ਆਨ ਸਕੂਲ ਡਿਊਟੀ ਲਿੱਖਿਆ ਹੋਣਾ ਚਾਹੀਦਾ ਹੈ ਅਤੇ ਬੱਸ ਵਿੱਚ ਫਾਸਟਏਡ ਬਾਕਸ ਅਤੇ ਬੱਸ ਤੇ ਸਕੂਲ ਦਾ ਨਾਂ ਅਤੇ ਟੈਲੀਫੋਨ ਨੰਬਰ ਲਿਖਿਆ ਹੋਣਾ ਜਰੂਰੀ ਹੈ। ਬੱਸ ਡਰਾਈਵਰ ਨੂੰ ਘੱਟੋ ਘੱਟ 5 ਸਾਲ ਦਾ ਤਜਰਬਾ ਅਤੇ ਉਸ ਕੋਲ ਹੈਵੀ ਲਾਇਸੈਂਸ ਹੋਣਾ ਚਾਹੀਦਾ ਹੈ । ਬੱਸ ਦੇ ਕੰਡੈਕਟਰ ਅਤੇ ਡਰਾਈਵਰ ਨੂੰ ਵਰਦੀ ਪਹਿਨਣਾ ਜਰੂਰੀ ਹੈ ਅਤੇ ਸਮੇਂ-ਸਮੇਂ ਤੇ ਡਰਾਈਵਰ ਦਾ ਮੈਡੀਕਲ ਚੈਕਅੱਪ ਕਰਾਉਣਾ ਜਰੂਰੀ ਹੈ ਜੇਕਰ ਬੱਸ ਕੇਵਲ ਲੜਕੀਆਂ ਲਈ ਵਰਤੀ ਜਾਂਦੀ ਹੈ ਤਾਂ ਉਸ ਨਾਲ ਲੇਡੀ ਅਟੈਂਡੈਂਟ ਹੋਣੀ ਜਰੂਰੀ ਹੈ।