ਮਦਨ ਮੋਹਨ ਮਿੱਤਲ ਵਲੋਂ 156 ਕਰਾਫ਼ਟ ਇੰਸਟਰਕਟਰਜ਼ ਨੂੰ ਨਿਯੁਕਤੀ ਪੱਤਰਾਂ ਦੀ ਵੰਡ
ਇੰਸਟਰਕਟਰਾਂ ਨੂੰ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ
5 Dariya News
ਚੰਡੀਗੜ੍ਹ 15-May-2015
ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਮਦਨ ਮੋਹਨ ਮਿੱਤਲ ਨੇ ਅੱਜ ਇੱਥੇ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਦਫ਼ਤਰ ਵਿਖੇ 156 ਕਰਾਫਟ ਇੰਸਟਰਕਟਰਜ਼ ਨੂੰ ਨਿਯੁਕਤੀ ਪੱਤਰ ਵੰਡੇ।ਇਹ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਇੰਸਟਰਕਟਰਜ਼ ਨੂੰ ਰੈਗੂਲਰ ਆਧਾਰ ਉੱਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਇੱਕ ਨਿਵੇਕਲੇ ਉਦਮ ਤਹਿਤ ਨਿਯੁਕਤ ਕੀਤਾ ਗਿਆ ਹੈ। ਸ੍ਰੀ ਮਿੱਤਲ ਨੇ ਇਸ ਮੌਕੇ ਨਵ ਨਿਯੁਕਤ ਇੰਸਟਰਕਟਰਜ਼ ਨੂੰ ਪੂਰੀ ਤਨਦੇਹੀ ਨਾਲ ਆਪਣਾ ਫ਼ਰਜ ਨਿਭਾਉਣ ਲਈ ਕਿਹਾ। ਬੁਲਾਰੇ ਅਨੁਸਾਰ ਇਸ ਮੌਕੇ ਸ੍ਰੀ ਮਿੱਤਲ ਨੇ ਇਹ ਵੀ ਕਿਹਾ ਕਿ ਛੇਤੀ ਹੀ ਕਰਾਫ਼ਟ ਇੰਸਟਰਕਟਰਜ਼ ਦੀਆਂ 169 ਅਸਾਮੀਆਂ ਵੀ ਰੈਗੂਲਰ ਆਧਾਰ ਉੱਤੇ ਭਰੀਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਨਾਲ ਕੰਮ ਕਰਦੇ ਸਰਵਿਸ ਟ੍ਰੇਨਿੰਗ ਪ੍ਰੋਵਾਈਡਰਜ਼ ਦੀਆਂ 114 ਅਸਾਮੀਆਂ ਨੂੰ ਕਰਾਫਟਸਮੈਨ ਟ੍ਰੇਨਿੰਗ ਸਕੀਮ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਹੋਰ ਵੇਰਵੇ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਆਉਂਦੇ ਅਕਾਦਮਿਕ ਸੈਸ਼ਨ ਵਿੱਚ ਆਈ.ਟੀ.ਆਈਜ਼. ਵਿੱਚ 10 ਹਜ਼ਾਰ ਸੀਟਾਂ ਹੋਰ ਭਰੀਆਂ ਜਾਣਗੀਆਂ ਜੋ ਕਿ ਪਹਿਲਾਂ ਸਟਾਫ ਦੀ ਘਾਟ ਕਾਰਨ ਭਰੀਆਂ ਨਹੀਂ ਸੀ ਗਈਆਂ। ਇਸ ਮੌਕੇ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਐਮ.ਪੀ.ਸਿੰਘ, ਡਾਇਰੈਕਟਰ ਸ੍ਰੀ ਬੀ.ਪੁਰੂਸ਼ਾਰਥਾ, ਸਕੱਤਰ ਸ੍ਰੀ ਆਰ.ਕੇ.ਵਰਮਾ ਅਤੇ ਉਦਯੋਗਿਕ ਸਿਖਲਾਈ ਵਿੰਗ ਪੰਜਾਬ ਦੀ ਵਧੀਕ ਡਾਇਰੈਕਟਰ ਸ੍ਰੀਮਤੀ ਦਲਜੀਤ ਕੌਰ ਸਿੱਧੂ ਵੀ ਮੌਜੂਦ ਸਨ।