ਬਿਕਰਮ ਸਿੰਘ ਮਜੀਠੀਆ ਅਤੇ ਚੀਮਾ ਵਲੋਂ ਨਿਵੇਕਲੀ ਪੰਜਾਬ ਰਾਜ ਊਰਜਾ ਸੰਭਾਲ ਅਤੇ ਕੁਸ਼ਲਤਾ ਮੁਹਿੰਮ ਦੀ ਸੁਰੂਆਤ
ਹੁਣ ਵਿਦਿਆਰਥੀ ਵੀ ਬਣਨਗੇ ਊਰਜਾ ਬਚਾਉਣ ਅਤੇ ਨਵਿਆਉਣਯੋਗ ਊਰਜਾ ਦੇ ਪ੍ਰਚਾਰ ਦਾ ਮਾਧਿਆਮ
5 Dariya News
ਜਲੰਧਰ 12-May-2015
ਪੰਜਾਬ ਨੇ ਅੱਜ ਨੌਜਵਾਨ ਪੀੜ੍ਹੀ ਨੂੰ ਬਿਹਤਰ ਜੀਵਨ ਲਈ ਊਰਜਾ ਦੀ ਸੰਭਾਲ ਅਤੇ ਨਵਿਆਉਣ ਯੋਗ ਊਰਜਾ ਦੀ ਅਹਿਮੀਅਤ ਬਾਰੇ ਜਾਗਰੂਕ ਕਰਨ ਦੀ ਦਿਸ਼ਾ ਵਿਚ ਇਕ ਵੱਡੀ ਪੁਲਾਂਘ ਪੁੱਟਦਿਆਂ ਰਾਜ ਪੱਧਰੀ ਊਰਜਾ ਸੰਭਾਲ ਅਤੇ ਕੁਸ਼ਲਤਾ ਮੁਹਿੰਮ ਨੂੰ ਸੁਰੂ ਕਰਕੇ ਦੇਸ਼ ਅੰਦਰ ਅਜਿਹਾ ਉਪਰਾਲਾ ਕਰਨ ਵਾਲਾ ਪਹਿਲਾ ਸੂਬਾ ਹੋਣ ਦਾ ਮਾਣ ਹਾਸਿਲ ਕਰ ਲਿਆ ਹੈ । ਅਗਲੇ 5 ਸਾਲਾਂ ਦੌਰਾਨ ਘਰੇਲੂ ਖੇਤਰ ਵਿਚ ਬਿਜਲੀ ਦੀ ਖਪਤ ਵਿਚ 20 ਫੀਸਦੀ ਦੀ ਬੱਚਤ ਦੇ ਆਸ਼ੇ ਨਾਲ ਕੀਤੀ ਗਈ ਇਸ ਪਹਿਲ ਕਦਮੀ ਦਾ ਇਕ ਨਿਰਾਲਾ ਪੱਖ ਇਹ ਵੀ ਹੈ ਕਿ ਇਸ ਮਕਸਦ ਲਈ 40 ਲੱਖ ਸਕੂਲੀ ਵਿਦਿਆਰਥੀਆਂ ਨੂੰ ਅਗਲੇ 3 ਸਾਲਾਂ ਦੌਰਾਨ ਪੜਾਅ ਵਾਰ ਇਸ ਮੁਹਿੰਮ ਵਿਚ ਸ਼ਾਮਿਲ ਕਰਕੇ ਉਨ੍ਹਾਂ ਨੂੰ ਊਰਜਾ ਦੀ ਬੱਚਤ ਅਤੇ ਨਵਿਆਉਣਯੋਗ ਊਰਜਾ ਦੇ ਪ੍ਰੋਤਸਾਹਨ ਦੇ ਪ੍ਰਤੀਕ ਵਜੋਂ ਉਭਾਰਿਆ ਜਾਵੇਗਾ।ਅੱਜ ਇਥੋਂ ਥੋੜ੍ਹੀ ਦੂਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮੁੱਖ ਆਡੀਟੋਰੀਅਮ ਵਿਖੇ ਪੰਜਾਬ ਦੇ ਨਵੀਂ ਅਤੇ ਨਵਵਿਆਉਣ ਯੋਗ ਊਰਜਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵਲੋਂ ਇਕ ਪ੍ਰਭਾਵਸਾਲੀ ਸਮਾਗਮ ਦੌਰਾਨ ਸਾਂਝੇ ਤੌਰ 'ਤੇ ਪੰਜਾਬ ਰਾਜ ਊਰਜਾ ਸੰਭਾਲ ਅਤੇ ਕੁਸ਼ਲਤਾ ਮੁਹਿੰਮ ਦਾ ਆਗਾਜ਼ ਕੀਤਾ ਗਿਆ ਜਿਸ ਉਪਰੰਤ ਜਲੰਧਰ ਅਤੇ ਕਪੂਰਥਲਾ ਜਿਲ੍ਹਿਆਂ ਨਾਲ ਸਬੰਧਿਤ 1200 ਤੋਂ ਵੱਧ ਸਕੂਲੀ ਪ੍ਰਿੰਸੀਪਲਾਂ ਅਤੇ ਸਾਇੰਸ ਅਧਿਆਪਕਾਂ/ਇਕੋ ਕਲੱਬ ਕੋਆਰਡੀਨੇਟਰਾਂ ਲਈ ਇਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ।
ਇਸ ਮੌਕੇ ਆਪਣੇ ਸੰਬੋਧਨ ਵਿਚ ਸ੍ਰ.ਮਜੀਠੀਆ ਨੇ ਕਿਹਾ ਕਿ ਥਰਮਲ ਅਤੇ ਹਾਈਡਰੋ ਪਲਾਂਟਾਂ ਰਾਹੀਂ ਬਿਜਲੀ ਪੈਦਾ ਕਰਨ 'ਤੇ ਲੋੜ ਤੋਂ ਵੱਧ ਨਿਰਭਰਤਾ ਦਾ ਨਤੀਜਾ ਅੱਜ ਸਾਡੇ ਲਈ ਗਲੋਬਲ ਵਾਰਮਿੰਗ , ਵਾਤਾਵਰਣ ਵਿਚ ਅਣ-ਕਿਆਸੀਆਂ ਤਬਦੀਲੀਆਂ ਅਤੇ ਵੱਖ-ਵੱਖ ਕੁਦਰਤੀ ਸਰੋਤਾਂ ਵਿਚ ਨਿਘਾਰ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ ਜੋ ਅਗੇ ਸਾਡੇ ਲਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਚੁਣੌਤੀਆਂ ਦੇ ਨਤੀਜੇ ਵਜੋਂ ਹੀ ਅਸੀਂ ਹਸਪਤਾਲਾਂ , ਕੁਦਰਤੀ ਆਫ਼ਤਾਂ ਨੂੰ ਰੋਕਣ ਅਤੇ ਪ੍ਰਬੰਧਨ ਦੇ ਨਾਲ ਨਾਲ ਪੁਨਰ ਵਸੇਬੇ ਆਦਿ ਲਈ ਲੋੜੀਂਦਾ ਬੁਨਿਆਦੀ ਢਾਂਚਾ ਖੜ੍ਹਾ ਕਰਨ ਲਈ ਵੱਡਾ ਖਰਚਾ ਕਰਨ ਲਈ ਮਜਬੂਰ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਚਿੰਤਾਜਨਕ ਸਥਿਤੀ ਦੇ ਮੱਦੇ ਨਜ਼ਰ ਸਾਡੇ ਲਈ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਅਸੀਂ ਬਿਜਲੀ ਤਾਂ ਪੈਦਾ ਕਰੀਏ ਪਰ ਸਾਡੇ ਕੁਦਰਤੀ ਇੰਧਣ ਭਾਵ ਕੋਲੇ ਆਦਿ ਦੀ ਬੇਤਹਾਸ਼ਾ ਵਰਤੋਂ ਕਰਨ ਤੋਂ ਗੁਰੇਜ਼ ਕਰਦੇ ਹੋਏ ਇਕ ਪਾਸੇ ਸਾਡੇ ਰੋਜ਼ਮਰਾ ਦੀ ਜਿੰਦਗੀ ਵਿਚ ਬਿਜਲੀ ਦੀ ਬੱਚਤ ਕਰੀਏ ਅਤੇ ਦੂਸਰੇ ਪਾਸੇ ਸੂਰਜੀ ਕਿਰਨਾਂ, ਹਵਾ , ਖੇਤੀ ਰਹਿੰਦ-ਖੂੰਹਦ ਅਤੇ ਛੋਟੇ ਪੱਧਰ ਦੇ ਹਾਈਡਰੋ ਪ੍ਰੋਜੈਕਟਾਂ ਜਿਹੇ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਵੱਧ ਤੋਂ ਵੱਧ ਬਿਜਲੀ ਪੈਦਾ ਕਰਨ ਨੂੰ ਤਰਜੀਹ ਦੇਈਏ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਲੋਂ ਇਸ ਮੁਹਿੰਮ ਨੂੰ ਸੁਰੂ ਕਰਨ ਦਾ ਮੰਤਵ ਸਾਡੇ ਸਕੂਲੀ ਵਿਦਿਆਰਥੀਆਂ,ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਊਰਜਾ ਦੀ ਬੱਚਤ ਅਤੇ ਕੁਸ਼ਲਤਾ ਲਈ ਆਡੀਟਰਾਂ ਵਜੋਂ ਤਿਆਰ ਕਰੀਏ । ਉਨ੍ਹਾਂ ਕਿਹਾ ਕਿ ਸਾਡਾ ਟੀਚਾ ਅਗਲੇ ਤਿੰਨ ਸਾਲਾਂ ਦੌਰਾਨ ਸਮੂਹ ਸਰਕਾਰੀ ਅਤੇ ਨਿੱਜੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪੜ੍ਹਦੇ 40 ਲੱਖ ਵਿਦਿਆਰਥੀਆਂ ਨੂੰ ਇਸ ਮੁਹਿੰਮ ਵਿਚ ਸ਼ਾਮਿਲ ਕਰਨਾ ਹੈ । ਇਸ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਬਿਜਲੀ ਦੇ ਬਿੱਲ ਨੂੰ ਸਮਝਣ,ਸਕੂਲ ਅਤੇ ਘਰ ਦਾ ਆਪਣੇ ਹੀ ਪੱਧਰ 'ਤੇ ਬਿਜਲੀ ਦੀ ਖਪਤ ਦਾ ਆਡਿਟ ਕਰਨ ਅਤੇ ਬਿਜਲੀ ਦੀ ਸੰਭਾਲ ਅਤੇ ਕੁਸ਼ਲਤਾ ਦਾ ਸੰਦੇਸ਼ ਆਪਣੇ ਮਾਪਿਆਂ,ਰਿਸਤੇਦਾਰਾਂ ਅਤੇ ਦੋਸਤਾਂ ਤੱਕ ਪਹੁੰਚਾਉਣ ਲਈ ਸਿੱਖਿਅਤ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਸਿੱਖਿਆ ਮੰਤਰੀ ਨੂੰ ਸੁਝਾਅ ਦਿੱਤਾ ਕਿ ਊਰਜਾ ਦੀ ਸੰਭਾਲ ਅਤੇ ਕੁਸ਼ਲਤਾ ਦੇ ਅਹਿਮ ਵਿਸ਼ੇ ਨੂੰ ਵਿਦਿਆਰਥੀਆਂ ਦੇ ਸਿਲੇਬਸ ਵਿਚ ਪ੍ਰਮੁੱਖਤਾ ਦੇਣ ਬਾਰੇ ਵੀ ਵਿਚਾਰ ਕੀਤਾ ਜਾਵੇ ।
ਮਜੀਠੀਆ ਨੇ ਦੱਸਿਆ ਕਿ ਜਿਸ ਤਰ੍ਹਾਂ ਪੰਜਾਬ ਨੇ 20 ਫੀਸਦੀ ਬਿਜਲੀ ਬਚਾਉਣ ਦਾ ਟੀਚਾ ਰੱਖਿਆ ਹੈ ਉਸ ਤਹਿਤ ਅਸੀਂ ਅਗਲੇ 5 ਸਾਲਾਂ ਦੌਰਾਨ ਆਪਣੀ ਬਿਜਲੀ ਪੈਦਾ ਕਰਨ ਦੀ ਸਮਰੱਥਾ ਵਿਚ 1900 ਮੈਗਾਵਾਟ ਤੱਕ ਘੱਟ ਥਰਮਲ ਸਮਰੱਥਾ ਵਧਾਉਣ ਬਾਰੇ ਸੋਚ ਸਕਦੇ ਹਾਂ । ਇਸ ਮਕਸਦ ਲਈ ਬੁਨਿਆਦੀ ਢਾਂਚੇ 'ਤੇ ਹੋਣ ਵਾਲਾ 12500 ਕਰੋੜ ਰੁਪਏ ਦਾ ਖਰਚਾ ਬਚਾਇਆ ਜਾ ਸਕਦਾ ਹੈ,ਸਿਰਫ ਘਰੇਲੂ ਖੇਤਰ ਵਿਚ ਹੀ ਅਸੀਂ 530 ਮੈਗਾਵਾਟ ਤੱਕ ਥਰਮਲ ਸਮਰੱਥਾ ਵਧਾਉਣ ਤੋਂ ਬੱਚ ਸਕਦੇ ਹਾਂ ਜਿਸ ਨਾਲ 3500 ਕਰੋੜ ਰੁਪਏ ਦਾ ਖਰਚਾ ਬੱਚ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ 1800 ਮੈਗਾਵਾਟ ਥਰਮਲ ਪਲਾਂਟਾ ਜ਼ਰੀਏ ਪੈਦਾ ਹੁੰਦੀ ਬਿਜਲੀ ਨੂੰ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਨ ਨਾਲ ਬਦਲੀਏ ਤਾਂ ਸਾਨੂੰ 12600 ਕਰੋੜ ਰੁਪਏ ਦੀ ਲੋੜ ਪਵੇਗੀ । ਉਨ੍ਹਾਂ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਨਾਲ ਅਸੀਂ ਸਲਾਨਾ 2000 ਕਰੋੜ ਰੁਪਏ ਦੀ ਸਿੱਧੀ ਬੱਚਤ ਕਰ ਸਕਦੇ ਹਾਂ। ਮਜੀਠੀਆ ਨੇ ਅਗੇ ਐਲਾਨ ਕੀਤਾ ਕਿ ਹਰ ਜ਼ਿਲ੍ਹੇ ਅੰਦਰ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ 5 ਸਕੂਲਾਂ ਨੂੰ ਕ੍ਰਮਵਾਰ 15000, 12000, 10000, 8000 ਅਤੇ 5000 ਰੁਪਏ ਦੇ ਨਗਦ ਐਵਾਰਡ ਦਿੱਤੇ ਜਾਣਗੇ । ਉਨ੍ਹਾਂ ਕਿਹਾ ਕਿ ਰਾਜ ਦੇ ਸਮੂਹ 22 ਜਿਲ੍ਹਿਆਂ ਅੰਦਰ ਕੁਲ 11 ਲੱਖ ਰੁਪਏ ਦੇ ਨਗਦ ਇਨਾਮ ਹਰ ਸਾਲ ਦਿੱਤੇ ਜਾਣਗੇ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਦੀਆਂ ਨਵਿਆਉਣਯੋਗ ਊਰਜਾ ਮੁਹਾਜ਼ ਤੇ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸ੍ਰ.ਮਜੀਠੀਆ ਨੇ ਕਿਹਾ ਕਿ ਫਰਵਰੀ 2012 ਦੌਰਾਨ ਰਾਜ ਦੀ ਸੂਰਜੀ ਕਿਰਨਾਂ ਤੋਂ ਬਿਜਲੀ ਪੈਦਾ ਕਰਨ ਦੀ ਸਮਰੱਥਾ ਸਿਰਫ 9 ਮੈਗਾਵਾਟ ਸੀ ਜੋ ਹੁਣ 1500 ਕਰੋੜ ਰੁਪਏ ਦੇ ਨਿਵੇਸ਼ ਨਾਲ 225 ਮੈਗਾਵਾਟ ਤੱਕ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ 184 ਮੈਗਾਵਾਟ ਸਮਰੱਥਾ ਦੇ 24 ਪ੍ਰੋਜੈਕਟ ਸੁਰੂ ਹੋ ਗਏ ਹਨ ਅਤੇ 38 ਮੈਗਾਵਾਟ ਸਮੱਰਥਾ ਦੇ 4 ਹੋਰ ਪ੍ਰੋਜੈਕਟ ਛੇਤੀ ਹੀ ਸੁਰੂ ਹੋ ਜਾਣਗੇ। ਇਸ ਤੋਂ ਇਲਾਵਾ 229 ਮੈਗਾਵਾਟ ਸਮਰੱਥਾ ਦੇ 24 ਨਵੇਂ ਪ੍ਰੋਜੈਕਟ ਅਤੇ ਘਰਾਂ ਦੀਆਂ ਛੱਤਾਂ ਤੋਂ ਬਿਜਲੀ ਪੈਦਾ ਕਰਨ ਦੇ 65 ਮੈਗਾਵਾਟ ਦੇ ਪ੍ਰੋਜੈਕਟ ਜਿਨ੍ਹਾਂ 'ਤੇ ਅੰਦਾਜ਼ਨ 2100 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਦਾ ਨਿਰਮਾਣ ਵੀ ਛੇਤੀ ਹੀ ਸੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਲੋਂ ਕਿਸਾਨਾਂ ਲਈ ਇਕ ਵਿਸੇਸ਼ ਸੋਲਰ ਬਿਜਲੀ ਉਤਪਾਦਨ ਯੋਜਨਾ ਸੁਰੂ ਕੀਤੀ ਗਈ ਹੈ ਜਿਸ ਤਹਿਤ 500 ਮੈਗਾਵਾਟ ਦਾ ਟੀਚਾ ਰੱਖਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਦੇਸ਼ ਦਾ ਸਭ ਤੋਂ ਵੱਡਾ ਛੱਤਾਂ ਤੋਂ ਬਿਜਲੀ ਪੈਦਾ ਕਰਨ ਦਾ ਪ੍ਰੋਜੈਕਟ ਡੇਰਾ ਬਿਆਸ ਵਿਖੇ 7.5 ਮੈਗਾਵਾਟ ਸਮਰੱਥਾ ਨਾਲ ਚੱਲ ਰਿਹਾ ਹੈ ਅਤੇ ਇਸ ਦੀ ਸਮੱਰਥਾ ਨੂੰ ਵਧਾ ਕੇ 31.5 ਮੈਗਾਵਾਟ ਕੀਤਾ ਜਾ ਰਿਹਾ ਹੈ ਜਿਸ ਨਾਲ ਇਹ ਦੁਨੀਆਂ ਦਾ ਸਭ ਤੋਂ ਵੱਡਾ ਅਜਿਹਾ ਪ੍ਰੋਜੈਕਟ ਬਣ ਜਾਵੇਗਾ । ਉਨ੍ਹਾਂ ਦੱਸਿਆ ਕਿ ਪੇਡਾ ਨੇ ਹਾਲ ਹੀ ਵਿਚ ਛੱਤਾਂ ਤੋਂ ਬਿਜਲੀ ਪੈਦਾ ਕਰਨ ਸਬੰਧੀ 65 ਮੈਗਾਵਾਟ ਦੇ ਟੈਂਡਰ ਸਫਲਤਾ ਪੂਰਵਕ ਅਲਾਟ ਕੀਤੇ ਹਨ ,ਇਸੇ ਤਰ੍ਹਾਂ ਰਾਜ ਦੀ ਨਵੀਂ ਨੈਟ ਮੀਟਰਿੰਗ ਯੋਜਨਾ ਤਹਿਤ 1100 ਅਰਜ਼ੀਆਂ ਪਹਿਲੇ 3 ਮਹੀਨਿਆਂ ਵਿਚ ਹੀ ਪ੍ਰਾਪਤ ਹੋ ਗਈਆਂ ਹਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਪੇਡਾ ਅਤੇ ਬਿਊਰੋ ਆਫ ਐਨਰਜੀ ਐਫੀਸੈਂਸੀ ਦੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਰੋਸਾ ਦੁਆਇਆ ਕਿ ਰਾਜ ਦਾ ਸਿੱਖਿਆ ਵਿਭਾਗ ਇਸ ਮੁਹਿੰਮ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਵੱਚਨਬੱਧ ਹੈ । ਉਨ੍ਹਾਂ ਕਿਹਾ ਕਿ ਬੱਚੇ ਕਿਸੇ ਵੀ ਤਬਦੀਲੀ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ ਅਤੇ ਉਨ੍ਹਾਂ ਵਲੋਂ ਬਿਜਲੀ ਦੀ ਬੱਚਤ ਵਾਲੀ ਜੀਵਨ ਸ਼ੈਲੀ ਅਪਣਾਉਣ ਨਾਲ ਰਾਸ਼ਟਰ ਨੂੰ ਵੱਡਾ ਫਾਇਦਾ ਮਿਲ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਉਤਸ਼ਾਹੀ ਮੁਹਿੰਮ ਵਿਚ ਰਾਜ ਦੇ ਸਮੂਹ 4361 ਸਰਕਾਰੀ,ਗੈਰ ਸਰਕਾਰੀ ਤੇ ਨਿੱਜੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ,ਸਾਇੰਸ ਅਧਿਆਪਕਾਂ ਅਤੇ ਈਕੋ ਕਲੱਬ ਕੋਆਰਡੀਨੇਟਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ।
ਇਸ ਮੌਕੇ ਸ੍ਰੀ ਸੰਜੇ ਸੇਠ ਸੀਨੀਅਰ ਊਰਜਾ ਅਰਥ ਸ਼ਾਸ਼ਤਰੀ,ਬਿਉਰੋ ਆਫ ਐਨਰਜੀ ਐਫੀਸੈਂਸੀ ਨੇ ਊਰਜਾ ਦੀ ਸੰਭਾਲ ਅਤੇ ਕੁਸ਼ਲਤਾ ਦੀ ਲੋੜ ਬਾਰੇ ਚਾਨਣਾ ਪਾਇਆ। ਡਾ.ਅਮਰਪਾਲ ਸਿੰਘ ਸੀ.ਈ.ਓ.ਪੇਡਾ ਨੇ ਇਸ ਮੁਹਿੰਮ ਦੀ ਰੁਪ ਰੇਖਾ ਦਸਦਿਆਂ ਸਿੱਖਿਆ ਵਿਭਾਗ ਅਤੇ ਐਲ.ਪੀ.ਯੂ ਦਾ ਇਸ ਅਹਿਮ ਯੋਗਦਾਨ ਲਈ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਰਮੇਸ਼ ਮਿੱਤਲ ਚੇਅਰਮੈਨ ਲਵਲੀ ਗਰੁੱਪ, ਸ੍ਰੀ ਅਸ਼ੋਕ ਮਿੱਤਲ ਚਾਂਸਲਰ ਐਲ.ਪੀ.ਯੂ.,ਸ੍ਰੀ ਪੀ.ਟੀ.ਭੂਟੀਆ ਡਾਇਰੈਕਟਰ ਕੇਂਦਰੀ ਬਿਜਲੀ ਮੰਤਰਾਲਾ ਅਤੇ ਸ੍ਰੀ ਬਲੌਰ ਸਿੰਘ ਡਾਇਰੈਕਟਰ ਪੇਡਾ ਵੀ ਪ੍ਰਮੁੱਖ ਤੌਰ 'ਤੇ ਹਾਜ਼ਰ ਸਨ।