ਚਾਲੂ ਮਾਲੀ ਸਾਲ ਦੌਰਾਨ ਜ਼ਿਲ੍ਹੇ 'ਚ ਕਿਸਾਨਾਂ ਨੂੰ ਖੇਤੀਬਾੜੀ ਲਈ 1096 ਕਰੋੜ 7 ਲੱਖ 52 ਹਜ਼ਾਰ ਦੇ ਕਰਜੇ ਮੁਹੱਈਆ ਕਰਵਾਏ ਜਾਣਗੇ : ਸਿੱਧੂ
ਸਿੱਖਿਆ ਕਰਜਾ ਯੋਜਨਾ ਤਹਿਤ 115 ਕਰੋੜ 91 ਲੱਖ 91 ਹਜ਼ਾਰ ਰੁਪਏ ਦੇ ਕਰਜੇ ਦਿੱਤੇ ਜਾਣਗੇ
5 Dariya News
ਐਸ.ਏ.ਐਸ.ਨਗਰ 12-May-2015
ਚਾਲੂ ਮਾਲੀ ਸਾਲ ਦੌਰਾਨ ਜ਼ਿਲ੍ਹੇ 'ਚ ਕਿਸਾਨਾਂ ਨੂੰ ਖੇਤੀਬਾੜੀ ਲਈ 1096 ਕਰੋੜ 7 ਲੱਖ 52 ਹਜ਼ਾਰ ਦੇ ਕਰਜੇ ਮੁਹੱਈਆ ਕਰਵਾਏ ਜਾਣਗੇ ਅਤੇ ਕਿਸਾਨਾਂ ਨੂੰ ਖੇਤਬਾੜੀ ਵਿਭਿੰਨਤਾ ਲਈ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਕਿਸਾਨ ਰਿਵਾਇਤੀ ਫਸਲਾਂ ਕਣਕ, ਝੋਨੇ ਦੀ ਬਜਾਏ ਲਾਹੇਵੰਦ ਫਸਲਾਂ, ਫਲ, ਫੁੱਲ ਅਤੇ ਸਬਜੀਆਂ ਦੀ ਪੈਦਾਵਾਰ ਕਰਕੇ ਆਪਣੀ ਆਰਥਿਕਤਾ ਮਜਬੂਤ ਕਰ ਸਕਣ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਨੈਸ਼ਨਲ ਬੈਂਕ (ਲੀਡ ਬੈਂਕ) ਮੋਹਾਲੀ ਵੱਲੋਂ ਜ਼ਿਲ੍ਹੇ ਦੀ ਸਾਲ 2015-16 ਦੀ 5419.54 ਕਰੋੜ ਰੁਪਏ ਦੀ ਸਾਲਾਨਾ ਕਰਜ਼ਾ ਯੋਜਨਾ ਜਾਰੀ ਕਰਨ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੀ ਸਾਲਾਨਾ ਕਰਜ਼ਾ ਯੋਜਨਾ 4506.37 ਕਰੋੜ ਰੁਪਏ ਦੀ ਸੀ ਅਤੇ ਇਸ ਸਾਲ 913.17 ਕਰੋੜ ਰੁਪਏ ਵੱਧ ਰੱਖੇ ਗਏ ਹਨ ਅਤੇ ਜੋ ਕਿ ਪਿਛਲੇ ਸਾਲ ਨਾਲੋਂ 20.26 ਫੀਸਦੀ ਵੱਧ ਹੈ।
ਸਿੱਧੂ ਨੇ ਦੱਸਿਆ ਕਿ ਇਸ ਸਾਲ ਸਾਲਾਨਾ ਕਰਜ਼ਾ ਯੋਜਨਾ ਤਹਿਤ ਖੇਤੀਬਾੜੀ ਖੇਤਰ ਅਤੇ ਇਸ ਨਾਲ ਸਹਾਇਕ ਧੰਦਿਆਂ ਲਈ 1758 ਕਰੋੜ 48 ਲੱਖ ਰੁਪਏ ਦੇ ਕਰਜ਼ੇ ਦਿੱਤੇ ਜਾਣਗੇ। ਜਿਸ ਵਿੱਚ 1096 ਕਰੋੜ 7 ਲੱਖ 52 ਹਜ਼ਾਰ ਦੇ ਕਰਜੇ ਇਕੱਲੇ ਖੇਤੀਬਾੜੀ ਖੇਤਰ ਲਈ ਦਿੱਤੇ ਜਾਣਗੇ। ਉਨ੍ਹਾਂ ਹੋਰ ਅੱਗੇ ਦੱਸਿਆ ਕਿ ਨਾਨ ਫਾਰਮ ਸੈਕਟਰ ਲਈ 1597.72 ਕਰੋੜ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਜਾਣਗੇ ਅਤੇ ਹੋਰ ਤਰਜੀਹੀ ਖੇਤਰਾਂ ਲਈ 1329.08 ਕਰੋੜ ਦੇ ਕਰਜ਼ੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਤਰਜੀਹੀ ਸੈਕਟਰ ਤਹਿਤ ਜ਼ਿਲ੍ਹੇ ਵਿੱਚ ਲਘੂ ਅਤੇ ਸੁਖਮ ਉਦਯੋਗਾਂ ਲਈ 1224 ਕਰੋੜ 31 ਲੱਖ 82 ਹਜ਼ਾਰ ਰੁਪਏ ਦੇ ਕਰਜ਼ੇ ਦਿੱਤੇ ਜਾਣਗੇ ਤਾਂ ਜੋ ਜ਼ਿਲ੍ਹੇ ਵਿੱਚ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਬੇਰੁਜ਼ਗਾਰਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਣ।
ਡਿਪਟੀ ਕਮਿਸ਼ਨਰ ਨੇ ਅੱਗੋਂ ਦੱਸਿਆ ਕਿ ਐਜੂਕੇਸ਼ਨ ਲੋਨ ਸਕੀਮ ਅਧੀਨ ਚਾਲੂ ਮਾਲੀ ਸਾਲ ਦੌਰਾਨ 115 ਕਰੋੜ 91 ਲੱਖ 91 ਹਜ਼ਾਰ ਰੁਪਏ ਦੇ ਕਰਜ਼ੇ ਮੁਹੱਈਅ ਕਰਵਾਏ ਜਾਣਗੇ ਤਾਂ ਜੋ ਉੱਚ ਵਿਦਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਮਿਲ ਸਕੇ ਅਤੇ ਉਹ ਉੱਚ ਵਿਦਿਆ ਹਾਸਲ ਕਰ ਸਕਣ। ਸ੍ਰੀ ਸਿੱਧੂ ਨੇ ਇਸ ਮੌਕੇ ਦੱਸਿਆ ਕਿ ਬੈਂਕਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆ ਹਨ ਕਿ ਐਜੂਕੇਸ਼ਨ ਲੋਨ ਦੇਣ ਲਈ ਕਰਜ਼ਾ ਯੋਜਨਾ ਨੂੰ ਹੋਰ ਵਧੇਰੇ ਆਸਾਨ ਬਣਾਉਣਾ ਯਕੀਨੀ ਬਣਾਉਣÎ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਵਿੱਚ ਸੈਲਫ ਹੈਲਪ ਗਰੁੱਪਾਂ ਸਹਿਂਦ ਧੰਦੇ ਸ਼ੁਰੂ ਕਰਨ ਲਈ ਘੱਟ ਵਿਆਜ 'ਤੇ ਕਰਜ਼ੇ ਮੁਹੱਈਆ ਕਰਵਾਉਣ ਦੀ ਵਿਵਸਥਾ ਕੀਤੀ ਗਈ ਹੈ ਅਤੇ ਜ਼ਿਲ੍ਹੇ ਵਿੱਚ ਬਾਗਬਾਨੀ ਤੇ ਡੇਅਰੀ ਵਿਕਾਸ ਦੇ ਨਾਲ ਨਾਲ ਹੋਰ ਸਹਾਇਕ ਧੰਦਿਆਂ ਲਈ ਅਸਾਨ ਕਿਸਤਾਂ 'ਤੇ ਕਰਜ਼ੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਡੇਅਰੀ ਧੰਦੇ ਲਈ 6 ਕਰੋੜ 72 ਲੱਖ 81 ਹਜਾਰ ਰੁਪਏ ਦੇ ਕਰਜੇ ਦੀ ਵਿਵਸਥਾ ਕੀਤੀ ਗਈ ਹੈ।
ਇਸ ਮੌਕੇ ਬੋਲਦਿਆਂ ਚੀਫ਼ ਲੀਡ ਜ਼ਿਲ੍ਹਾ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਸ੍ਰੀ ਆਰ.ਕੈ. ਸੈਣੀ ਨੇ ਦੱਸਿਆ ਕਿ ਇਸ ਜਾਰੀ ਕੀਤੀ ਗਈ ਸਾਲਾਨਾ ਕਰਜ਼ਾ ਯੋਜਨਾ ਦਾ 100 ਫੀਸਦੀ ਟੀਚਾ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਜਨ ਧੰਨ ਯੋਜਨਾ ਤਹਿਤ 100 ਫੀਸਦੀ ਖਾਤੇ ਖੋਲ੍ਹੇ ਜਾ ਚੁੱਕੇ ਜਾ ਚੁੱਕੇ ਹਨ ਅਤੇ ਬੈਂਕਾਂ ਵੱਲੋਂ ਸਵੈ ਰੋਜਗਾਰ ਧੰਦਿਆਂ ਨੂੰ ਸ਼ੁਰੂ ਕਰਨ ਲਈ ਲੋੜਵੰਦਾਂ ਨੂੰ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੇਵਾ ਸਿੰਘ ਸਿੱਧੂ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਡਾ. ਗੁਰਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।