5 Dariya News

ਪੰਜਾਬ ਸਰਕਾਰ ਨੇ ਐਨ.ਆਰ.ਆਈ ਦੇ 70 ਪ੍ਰਤੀਸ਼ਤ ਕੇਸਾਂ ਦਾ ਨਿਪਟਾਰਾ ਕੀਤਾ- ਤੋਤਾ ਸਿੰਘ

5 Dariya News

ਚੰਡੀਗੜ੍ਹ 30-Apr-2015

ਪੰਜਾਬ ਸਰਕਾਰ ਨੇ ਐਨ.ਆਰ.ਆਈ ਦੇ 70 ਪ੍ਰਤੀਸ਼ਤ ਕੇਸਾਂ ਦਾ ਮਿਥੇ ਸਮੇਂ ਵਿਚ ਨਿਪਟਾਰਾ ਕੀਤਾ ਅਤੇ ਰਹਿੰਦੀਆਂ ਬਾਕੀ ਸਾਰੀਆਂ ਸ਼ਿਕਾਇਤਾਂ ਦਾ ਵੀ ਨਿਪਟਾਰਾ ਜਲਦੀ ਕੀਤਾ ਜਾਏਗਾ। ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਪ੍ਰਵਾਸੀ ਭਾਰਤੀਆਂ ਦੀਆਂ ਪੈਡਿੰਗ ਸ਼ਿਕਾਇਤਾਂ ਦਾ ਰੀਵਿਊ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ।ਉਨ੍ਹਾਂ ਨੇ ਰਾਜ ਦੇ ਹਰ ਜ਼ਿਲੇ ਵਿਚ ਸਥਾਪਤ ਐਨ.ਆਰ.ਆਈ. ਸੈਲ ਦੇ ਕੰਮ ਕਾਜ ਤੇ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਅਧਿਕਾਰੀਆਂ ਨੂੰ ਪ੍ਰਵਾਸੀ ਭਾਰਤੀਆਂ ਦੇ ਹੋਰ ਮਸਲੇ ਪਹਿਲ ਦੇ ਅਧਾਰ ਤੇ ਅਤੇ ਜਲਦੀ ਸੁਲਝਾਉਣ ਨੂੰ ਕਿਹਾ। ਮੀਟਿੰਗ ਵਿਚ ਪ੍ਰਵਾਸੀ ਭਾਰਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਰਾਕੇਸ਼ ਗਰਗ, ਐਨ.ਆਰ.ਆਈ. ਕਮਿਸ਼ਨਰ ਸ਼੍ਰੀ ਬੀ. ਪੁਰਸ਼ਾਰਥਾ ਅਤੇ ਐਨ.ਆਰ.ਆਈ. ਪ੍ਰਮੁੱਖ ਸਕੱਤਰ, ਸ਼੍ਰੀ ਸੰਜੇ ਕੁਮਾਰ ਵੀ ਸਨ। ਮੰਤਰੀ ਨੇ ਅਧਿਕਾਰੀਆਂ ਨੂੰ ਪ੍ਰਵਾਸੀ ਭਾਰਤੀਆਂ ਦੇ ਜ਼ਮੀਨਾਂ ਜਾਇਦਾਦਾਂ ਦੇ ਪਰਿਵਾਰਕ ਕੇਸ ਅਤੇ ਘਰੇਲੂ ਝਗੜਿਆਂ ਸਬੰਧੀ ਕੇਸਾਂ ਨੂੰ ਵੀ ਆਪਣੀ ਨਿੱਜੀ ਦਿਲਚਸਪੀ ਲੈ ਕੇ ਪਹਿਲ ਦੇ ਅਧਾਰ ਤੇ ਨਿਪਟਾਉਣ ਲਈ ਕਿਹਾ।ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਐਨ.ਆਰ.ਆਈ. ਸੰਗਤ ਦਰਸ਼ਨ ਸੰਮੇਲਨਾਂ ਦੇ ਪ੍ਰੋਗਰਾਮਾਂ ਨੂੰ ਪ੍ਰਵਾਸੀ ਭਾਰਤੀਆਂ ਵਲੋਂ ਵੀ ਸ਼ਲਾਘਾ ਕੀਤੀ ਗਈ। ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਅਜਿਹੇ ਪ੍ਰੋਗਰਾਮਾਂ ਰਾਹੀਂ ਪ੍ਰਵਾਸੀ ਭਾਰਤੀਆਂ ਦੇ ਮਸਲੇ ਸਰਕਾਰ ਦੇ ਧਿਆਨ ਵਿਚ ਆਉਣ ਕਾਰਨ ਕੁਝ ਮਸਲੇ ਮੌਕੇ ਤੇ ਹੀ ਨਿਪਟਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪ੍ਰਵਾਸੀ ਭਾਰਤੀਆਂ ਦੀ ਭਲਾਈ ਲਈ ਵੱਚਨਬੱਧ ਹੈ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਅਤੇ ਜਾਨਾਂ ਦੀ ਰਾਖੀ ਲਈ ਲੋੜੀਂਦੇ ਕਦਮ ਚੁੱਕ ਰਹੀ ਹੈ।