5 Dariya News

ਪਰਕਾਸ਼ ਸਿੰਘ ਬਾਦਲ ਵੱਲੋਂ ਭਾਰਤ ਵਿੱਚ 'ਹੁਨਰ ਕ੍ਰਾਂਤੀ' ਲਿਆਉਣ ਲਈ ਏਜੰਡਾ ਪੇਸ਼

ਕੌਮੀ ਪੱਧਰ 'ਤੇ ਹੁਨਰ ਵਿਕਾਸ ਦੀ ਸਾਂਝੀ ਰੂਪ ਰੇਖਾ ਉਲੀਕਣ ਦੀ ਵਕਾਲਤ

5 Dariya News

ਨਵੀਂ ਦਿੱਲੀ 25-Apr-2015

ਦੇਸ਼ ਵਿੱਚ 'ਹੁਨਰ ਕ੍ਰਾਂਤੀ' ਦਾ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਆਪਣਾ ਏਜੰਡਾ ਪੇਸ਼ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਤੇ ਹੁਨਰ ਵਿਕਾਸ ਬਾਰੇ ਮੁੱਖ ਮੰਤਰੀਆਂ ਦੇ ਸਬ-ਗਰੁੱਪ ਦੇ ਚੇਅਰਮੈਨ ਪਰਕਾਸ਼ ਸਿੰਘ ਬਾਦਲ ਨੇ ਅੱਜ ਕੌਮੀ ਪੱਧਰ 'ਤੇ ਸਾਂਝੀ ਰੂਪ-ਰੇਖਾ ਉਲੀਕਣ 'ਤੇ ਜ਼ੋਰ ਦਿੱਤਾ ਤਾਂ ਕਿ  ਹੁਨਰ ਵਿਕਾਸ ਮਿਸ਼ਨ ਅਧੀਨ ਰੁਜ਼ਗਾਰਮੁਖੀ ਦੇ ਵਧੇਰੇ ਮੌਕੇ ਮੁਹੱਈਆ ਕਰਵਾਏ ਜਾ ਸਕੇ।ਅੱਜ ਇੱਥੇ ਨੀਤੀ ਅਯੋਗ ਵਿਖੇ ਹੁਨਰ ਵਿਕਾਸ ਬਾਰੇ ਮੁੱਖ ਮੰਤਰੀਆਂ ਦੇ ਸਬ-ਗਰੁੱਪ ਦੀ ਪਲੇਠੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਹੁਨਰ ਵਿਕਾਸ ਦੀ ਇਸ ਚੁਣੌਤੀ ਨੂੰ ਸਰ ਕਰਨ ਲਈ ਇਸ ਉਦੇਸ਼ ਵਾਸਤੇ ਵਿਆਪਕ ਮੁਹਿੰਮ ਰਾਹੀਂ ਜ਼ੋਰ-ਸ਼ੋਰ ਰਾਹੀਂ ਅੱਗੇ ਵਧਿਆ ਜਾਵੇ। ਇਸ ਕਰਕੇ ਹਰੇਕ ਸੂਬੇ ਵੱਲੋਂ ਉਸ ਖੇਤਰ ਵੱਲ ਧਿਆਨ ਇਕਾਗਰ ਕੀਤਾ ਜਾਵੇ ਜਿੱਥੇ ਹੁਨਰ ਵਿਕਾਸ ਸਿੱਖਿਆ ਰਾਹੀਂ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਏ ਜਾ ਸਕਣ।ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਇਸ ਵੇਲੇ ਦੁਨੀਆਂ ਭਰ ਵਿੱਚ ਸਭ ਤੋਂ ਯੁਵਾ ਦੇਸ਼ ਹੈ ਅਤੇ ਇਸ ਦੀ 65 ਫੀਸਦੀ ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ। ਪਰ ਸਾਡਾ ਦੇਸ਼ ਖਾਸ ਕਰ ਦਿਹਾਤੀ ਖੇਤਰ ਅਤੇ ਸਮਾਜ ਦਾ ਹੇਠਲਾ ਤਬਕਾ ਬੇਰੁਜ਼ਗਾਰੀ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਦਾ ਹੁਨਰ ਵਿਕਾਸ ਸਾਡੇ ਨੌਜਵਾਨਾਂ ਦੀ ਬੇਰੁਜ਼ਗਾਰੀ ਅਤੇ ਗਰੀਬੀ ਦੀ  ਸਮੱਸਿਆ ਨੂੰ  ਹੱਲ ਕਰਨ ਵਿੱਚ ਮਦਦ ਕਰ ਸਕਦਾ ਹੈ। 

ਬਾਦਲ ਨੇ ਕਿਹਾ ਇਸ ਸਮੇਂ ਸਾਡਾ ਦੇਸ਼ ਹੁਨਰ ਵਿਕਾਸ ਦੇ ਪੱਖ ਤੋਂ ਹੋਰਨਾਂ ਦੇਸ਼ਾਂ ਤੋਂ ਪਿੱਛੇ ਹੈ ਅਤੇ ਇਸ ਦੀ ਕਿੱਤਾਕਾਰੀ ਦੇ ਪੱਖ ਤੋਂ ਕੇਵਲ 12 ਫੀਸਦੀ ਸਿੱਖਿਅਤ ਕੰਮਕਾਜੀ ਜਨਸੰਖਿਆ ਹੈ ਜਦਕਿ ਇਸ ਦੇ ਮੁਕਾਬਲੇ ਕੋਰੀਆ ਵਿੱਚ 96 ਫੀਸਦੀ, ਜਪਾਨ ਵਿੱਚ 80 ਫੀਸਦੀ ਅਤੇ ਜਰਮਨੀ ਵਿੱਚ 75 ਫੀਸਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਇਕ ਪਿੰਡ ਬਣਦਾ ਜਾ ਰਿਹਾ ਹੈ ਅਤੇ ਸਾਨੂੰ ਆਪਣੇ ਨੌਜਵਾਨਾਂ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਰੁਜ਼ਗਾਰ ਦੀ ਪ੍ਰਾਪਤੀ ਲਈ ਹੁਨਰਮੰਦ ਬਨਾਉਣ ਦੀ ਜ਼ਰੂਰਤ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਕ ਅਨੁਮਾਨ ਦੇ ਮੁਤਾਬਕ ਸਾਲ 2020 ਤੱਕ ਸਾਨੂੰ 109 ਮਿਲੀਅਨ ਨਵੇਂ ਲੋਕਾਂ ਨੂੰ ਹੁਨਰ ਸਿਖਲਾਈ ਦੇਣ ਦੀ ਲੋੜ ਹੈ ਜਦਕਿ 460 ਮਿਲੀਅਨ ਲੋਕਾਂ ਦਾ ਲੋੜਾਂ ਦੇ ਮੁਤਾਬਕ ਹੁਨਰ ਵਿਕਾਸ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਰਥਿਕ ਸ਼ਕਤੀ ਬਣਾਉਣ ਦੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਾਨੂੰ ਦੇਸ਼ ਦੇ ਹਰ ਨੌਜਵਾਨ ਨੂੰ ਹੁਨਰ ਸਿਖਲਾਈ ਦੇਣੀ ਚਾਹੀਦੀ ਹੈ। ਬਾਦਲ ਨੇ ਕਿਹਾ ਕਿ ਦੇਸ਼ ਵਿੱਚ ਹੁਨਰ ਵਿਕਾਸ ਦੀ ਚੁਣੌਤੀ ਨਾਲ ਨਿਪਟਣ ਲਈ ਸਾਨੂੰ ਮਿਸ਼ਨ ਦੀ ਭਾਵਨਾ ਨਾਲ ਇਕ ਵਿਆਪਕ ਮੁਹਿੰਮ ਸ਼ੁਰੂ ਕਰਨਾ ਸਮੇਂ ਦੀ ਜ਼ਰੂਰਤ ਹੈ।

ਹੁਨਰ ਵਿਕਾਸ ਬਾਰੇ ਮੁੱਖ ਮੰਤਰੀਆਂ ਦਾ ਸਬ ਗਰੁਪ ਗਠਿਤ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਪਹੁੰਚ ਦੀ ਸਰਾਹਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਆਪਣੇ ਨਾਗਰਿਕਾਂ ਨੂੰ ਸੂਚਨਾ ਦੇ ਅਧਿਕਾਰ, ਸਿੱਖਿਆ ਦੇ ਅਧਿਕਾਰ, ਖੁਰਾਕ ਸੁਰੱਖਿਆ ਦੇ ਅਧਿਕਾਰ ਆਦਿ ਨਾਲ ਲੈਸ ਕਰ ਦਿੱਤਾ ਹੈ ਅਤੇ ਹੁਣ ਇਹ ਸਮਾਂ ਆ ਗਿਆ ਹੈ ਕਿ ਅਸੀਂ ਦੇਸ਼ ਦੇ ਹਰੇਕ ਨੌਜਵਾਨ ਨੂੰ 'ਹੁਨਰ ਦਾ ਅਧਿਕਾਰ' ਦੇਈਏ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਦਾ ਕੌਮੀ ਪੱਧਰ 'ਤੇ ਸਾਂਝਾ ਢਾਂਚਾ ਹੈ ਅਤੇ ਹਰ ਸੂਬੇ ਨੂੰ ਉਨ੍ਹਾਂ ਸੈਕਟਰਾਂ 'ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਜਿਸ ਸੈਕਟਰ ਵਿੱਚ ਰੁਜ਼ਗਾਰ ਦੀ ਸਮਰੱਥਾ ਹੈ। ਪਰ ਹੁਨਰ ਵਿਕਾਸ ਨੂੰ ਰੁਜ਼ਗਾਰ ਅਤੇ ਨਿਯੁਕਤੀ ਨਾਲ ਜੋੜਨਾ ਚਾਹੀਦਾ ਹੈ। ਸ. ਬਾਦਲ ਨੇ ਕਿਹਾ ਕਿ ਟੀਚਾਗਤ ਜਨਸੰਖਿਆ ਖਾਸ ਕਰ ਦਿਹਾਤੀ ਨੌਜਵਾਨ, ਕੰਮਜ਼ੋਰ ਵਰਗਾਂ ਅਤੇ ਔਰਤਾਂ ਲਈ ਵਿਸ਼ੇਸ਼ ਮੁਹਿੰਮ ਆਰੰਭੇ ਜਾਣ ਦੀ ਜ਼ਰੂਰਤ ਹੈ ਤਾਂ ਜੋ ਉਨ੍ਹਾਂ ਨੂੰ ਹੁਨਰ ਸਿਖਲਾਈ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਹੁਨਰ ਸਿਖਲਾਈ ਪ੍ਰੋਗਰਾਮਾਂ ਤੋਂ ਫਾਇਦਾ ਲੈਣ ਲਈ ਪ੍ਰੇਰਿਤ ਕੀਤਾ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾਈ ਹੁਨਰ ਵਿਕਾਸ ਮਿਸ਼ਨ ਨੂੰ ਇਕ ਮਿਸ਼ਨ ਦੇ ਤੌਰ 'ਤੇ ਕੰਮ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਅਤੇ ਬਲਾਕ ਪੱਧਰਾਂ 'ਤੇ ਮਜ਼ਬੂਤ ਕੀਤੇ ਜਾਣ ਦੀ ਲੋੜ ਹੈ। ਹੁਨਰ ਵਿਕਾਸ ਦੇ ਮਾਪਦੰਡਾਂ ਵਿੱਚ ਸੁਧਾਰ ਲਿਆਉਣ ਅਤੇ ਸਮਰੱਥਾ ਵਧਾਉਣ ਲਈ ਸੂਬਾਈ ਹੁਨਰ ਵਿਕਾਸ ਮਿਸ਼ਨ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹੁਨਰ ਵਿਕਾਸ ਵਿੱਚ ਨਿੱਜੀ ਸੈਕਟਰ ਦੀ ਭਾਈਵਾਲੀ ਦਾ ਲਾਜ਼ਮੀ ਤੌਰ 'ਤੇ ਪਤਾ ਲਾਇਆ ਜਾਣਾ ਚਾਹੀਦਾ ਹੈ ਅਤੇ ਪਾਠਕ੍ਰਮ ਦੇ ਵਿਕਾਸ, ਵਿਧੀ ਵਿਧਾਨ ਦੀ ਡਲਿਵਰੀ, ਸਰਟੀਫਿਕੇਸ਼ ਆਦਿ ਲਈ ਨਿੱਜੀ ਸੈਕਟਰ ਦੀ ਭਾਈਵਾਲੀ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ। ਸ. ਬਾਦਲ ਨੇ ਕਿਹਾ ਕਿ ਸਾਨੂੰ ਦੇਸ਼ ਦੇ ਹਰ ਹਿੱਸੇ ਵਿੱਚ ਹੁਨਰ ਵਿਕਾਸ ਦੇ ਪਸਾਰ ਲਈ ਚੁੱਕੇ ਜਾਣ ਵਾਲੇ ਕਦਮ ਤਜਵੀਜ਼ ਕਰਨੇ ਚਾਹੀਦੇ ਹਨ ਅਤੇ ਇਸ ਕੰਮ ਵਿੱਚ ਹਰ ਸੂਬੇ ਦੀ ਵੱਧ ਤੋਂ ਵੱਧ ਸ਼ਮੂਲੀਅਤ ਹੋਣੀ ਚਾਹੀਦੀ ਹੈ।

ਸੂਬਾ ਸਰਕਾਰ ਵੱਲੋਂ ਹੁਨਰ ਵਿਕਾਸ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਹੁਨਰ ਵਿਕਾਸ ਦੇ ਸਾਰੇ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਇਕ ਛਤਰੀ ਦੇ ਹੇਠਾਂ ਲਿਆਉਣ ਲਈ 'ਪੰਜਾਬ ਹੁਨਰ ਵਿਕਾਸ ਮਿਸ਼ਨ ਸਥਾਪਤ' ਕੀਤਾ ਹੈ। ਆਟੋ ਮੋਬਾਈਲ ਵਿੱਚ ਮੈਸਰਜ ਟਾਟਾ ਮੋਟਰ ਦੀ ਭਾਈਵਾਲੀ ਦੇ ਨਾਲ ਹੁਨਰ ਸਿਖਲਾਈ ਸੰਸਥਾ ਸਥਾਪਤ ਕਰਨ ਦਾ ਉੱਦਮ ਕੀਤਾ ਹੈ। ਇਸੇ ਤਰ੍ਹਾਂ ਹੀ ਨਿਰਮਾਣ ਦੇ ਕੰਮ ਲਈ ਮੈਸਰਜ਼ ਲਰਸਨ ਅਤੇ ਟੂਬਰੋ ਨਾਲ ਸਾਂਝਾ ਉਪਰਾਲਾ ਕੀਤਾ ਗਿਆ ਹੈ। ਇਹ ਯਤਨ ਬਹੁਤ ਸਫਲ ਹੋਏ ਹਨ ਅਤੇ ਸਿੱਖਿਅਤ ਨੌਜਵਾਨ ਓਮਾਨ, ਸਾਊਦੀ ਅਰਬ ਅਤੇ ਭੂਟਾਨ ਆਦਿ ਵਰਗੇ ਦੇਸ਼ ਵਿੱਚ ਜਾ ਰਹੇ ਹਨ। ਬਾਦਲ ਨੇ ਕਿਹਾ ਕਿ ਹੁਨਰਮੰਦ ਸ਼ਕਤੀ ਬਾਰੇ ਉਦਯੋਗ ਦੀ ਮੰਗ ਦੇ ਸੰਦਰਭ ਵਿੱਚ ਅਸੀਂ ਬਹੁ-ਹੁਨਰ ਵਿਕਾਸ ਕੇਂਦਰ ਸਥਾਪਤ ਕਰ ਰਹੇ ਹਾਂ। ਅਸੀ ਸਿਹਤ ਸੰਭਾਲ, ਨਿਰਮਾਣ, ਆਟੋ ਮੋਬਾਇਲ ਦੇ ਸੈਕਟਰ ਵਿੱਚ ਵੀ ਹੁਨਰ ਵਿਕਾਸ ਕੇਂਦਰ ਸਥਾਪਤ ਕਰ ਰਹੇ ਹਾਂ। ਇਸ ਤੋਂ ਇਲਾਵਾ ਖੇਤੀਬਾੜੀ, ਡੇਅਰੀ, ਅਤੇ ਹੋਰ ਖੇਤੀ ਸਹਾਇਕ ਧੰਦਿਆਂ ਬਾਰੇ ਸੈਕਟਰਾਂ ਲਈ ਵੀ ਹੁਨਰ ਵਿਕਾਸ ਅਤੇ ਹੁਨਰ ਵਧਾਉਣ ਲਈ ਧਿਆਨ ਕੇਂਦਰ ਕੀਤਾ ਹੈ ਜੋ ਕਿ ਦਿਹਾਤੀ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਦੇ ਮੌਕੇ ਮੁਹਈਆ ਕਰਵਾਏਗਾ।ਬਾਦਲ ਨੇ ਮੁਹਾਲੀ ਵਿਖੇ ਸਥਾਪਤ ਕੀਤੀ ਮਹਾਰਾਜਾ ਰÎਣਜੀਤ ਪ੍ਰੈਪਰੇਟਰੀ ਆਰਮਡ ਫੋਰਸਿਜ਼ ਅਕੈਡਮੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ ਜਿਸ ਨਾਲ ਫੌਜ ਵਿੱਚ ਪੰਜਾਬੀਆਂ ਦੀ ਸਰਦਾਰੀ ਬਹਾਲ ਹੋਈ ਹੈ। 

ਇਸ ਸਫਲ ਮਾਡਲ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਮੁਹਾਲੀ ਵਿਖੇ ਹੀ ਲੜਕੀਆਂ ਲਈ ਵੀ ਅਜਿਹੀ ਅਕੈਡਮੀ ਖੋਲ੍ਹੀ ਜਾ ਰਹੀ ਹੈ ਤਾਂ ਕਿ ਪੰਜਾਬ ਦੀਆਂ ਧੀਆਂ ਵੀ ਫੌਜ ਵਿੱਚ ਸੇਵਾ ਨਿਭਾਅ ਸਕਣ।ਵਿਚਾਰ-ਚਰਚਾ ਨੂੰ ਸਮੇਟਦਿਆਂ ਸ. ਬਾਦਲ ਨੇ ਕਿਹਾ ਕਿ ਸਾਨੂੰ ਪੂਰਾ ਅਹਿਸਾਸ ਹੈ ਕਿ ਪ੍ਰਧਾਨ ਮੰਤਰੀ ਨੇ ਹੁਨਰ ਵਿਕਾਸ ਬਾਰੇ ਸਬ-ਗਰੁੱਪ ਦੀ ਅਗਵਾਈ ਸੌਂਪ ਕੇ ਉਨ੍ਹਾਂ (ਸ. ਪਰਕਾਸ਼ ਸਿੰਘ ਬਾਦਲ) ਨੂੰ  ਬਹੁਤ ਜ਼ਿੰਮੇਵਾਰੀ ਵਾਲਾ ਕਾਰਜ ਦਿੱਤਾ ਹੈ ਪਰ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਨਿਰਧਾਰਤ ਕੀਤੀ ਤਰੀਕ 25 ਜੂਨ ਤੱਕ ਸਾਰੇ ਸੂਬਿਆਂ ਅਤੇ ਨੀਤੀ ਅਯੋਗ ਦੇ ਸਹਿਯੋਗ ਨਾਲ ਇਸ ਨੂੰ ਹਰ ਹਾਲ ਵਿੱਚ ਪੂਰਾ ਕਰ ਲਿਆ ਜਾਵੇਗਾ। ਇਸ ਕਾਰਜ ਨੂੰ ਸਮੇਂ ਸਿਰ ਪੂਰਾ ਕਰਨ ਲਈ ਸ. ਬਾਦਲ ਨੇ ਐਲਾਨ ਕੀਤਾ ਕਿ ਅਜਿਹੀਆਂ ਮੀਟਿੰਗਾਂ ਦੇਸ਼ ਦੇ ਉੱਤਰ, ਦੱਖਣ, ਪੂਰਬ ਤੇ ਪੱਛਮ ਖੇਤਰਾਂ ਵਿੱਚ ਕੀਤੀਆਂ ਜਾਣਗੀਆਂ। ਸ. ਬਾਦਲ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਸਾਰੇ ਸੂਬੇ ਇਨ੍ਹਾਂ ਮੀਟਿੰਗਾਂ ਵਿੱਚ ਸ਼ਾਮਲ ਹੋਣਗੇ ਸਗੋਂ ਸਬ-ਗਰੁੱਪ ਨੂੰ ਵਿਆਪਕ ਪੱਧਰ 'ਤੇ ਵਿਚਾਰ ਤੇ ਸੁਝਾਅ ਹਾਸਲ ਹੋਣਗੇ।ਮੀਟਿੰਗ ਵਿੱਚ ਅਸਾਮ, ਤਾਮਿਲਨਾਡੂ, ਹਿਮਾਚਲ ਪ੍ਰਦੇਸ਼, ਗੁਜਰਾਤ, ਛਤੀਸਗੜ੍ਹ ਤੋਂ ਇਲਾਵਾ  ਅਹਿਮ ਸ਼ਖਸੀਅਤਾਂ ਅਤੇ ਹੋਰਨਾਂ ਸੂਬਿਆਂ ਦੇ ਉਚ ਅਧਿਕਾਰੀ ਹਾਜ਼ਰ ਸਨ। ਸ.ਬਾਦਲ ਨੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ, ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਸਕੱਤਰ ਤਕਨੀਕੀ ਸਿੱਖਿਆ ਸ੍ਰੀ ਰਾਕੇਸ਼ ਵਰਮਾ ਅਤੇ ਰੈਜ਼ੀਡੈਂਟ ਕਮਿਸ਼ਨਰ ਪੰਜਾਬ ਭਵਨ ਸ੍ਰੀ ਕੇ. ਸਿਵਾ ਪ੍ਰਸਾਦ ਹਾਜ਼ਰ ਸਨ।