5 Dariya News

ਬੈਂਕ ਕਰਜਾ ਦੇਣ ਸਮੇਂ ਸੈਲਫ ਹੈਲਪ ਗਰੁੱਪਾਂ ਅਤੇ ਕਿਸਾਨਾਂ ਨੂੰ ਖੱਜਲ ਖੁਆਰ ਨਾ ਹੋਣ ਦੇਣ : ਡਾ. ਰਘੁਰਾਮ ਰਾਜਨ

ਕਰਜਾ ਦੇਣ ਦੀ ਪ੍ਰੀਕਿਆ ਨੂੰ ਹੋਰ ਸਰਲ ਬਣਾਇਆ ਜਾਵੇ

5 Dariya News

ਐਸ.ਏ.ਐਸ.ਨਗਰ 24-Apr-2015

ਬੈਂਕ ਕਿਸਾਨਾਂ ਨੂੰ ਫਸਲੀ ਕਰਜਾ ਦੇਣ ਅਤੇ ਸੈਲਫ ਹੈਲਪ ਗਰੁੱਪਾਂ ਨੂੰ ਆਪਣੇ ਸਵੈ-ਰੋਜ਼ਗਾਰ ਧੰਦੇ ਸ਼ੁਰੂ ਕਰਨ ਲਈ ਬਿਨ੍ਹਾ ਕਿਸੇ ਦੇਰੀ ਤੇ ਕਰਜੇ ਮੁਹੱਈਆ ਕਰਾਉਣ ਨੂੰ ਯਕੀਨੀ ਬਣਾਉਣ  ਅਤੇ ਕਰਜਾ ਦੇਣ ਵੇਲੇ ਖੱਜਲ ਖੁਆਰੀ ਨੂੰ ਖਤਮ ਕੀਤਾ ਜਾਵੇ ਅਤੇ ਬੈਂਕ ਕਰਜਾ ਦੇਣ ਦੀ ਪ੍ਰੀਕਿਆ ਨੂੰ ਹੋਰ ਸਰਲ ਬਣਾਉਣ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਰਿਜਰਵ ਬੈਂਕ ਆਫ ਇੰਡੀਆ ਦੇ ਗਵਰਨਰ ਡਾ. ਰਘੁਰਾਮ ਰਾਮ ਰਾਜਨ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਗੀਗੇ ਮਾਜਰਾ ਦੇ ਸਰਕਾਰੀ ਸਕੂਲ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ, ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਅਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਗਵਰਨਰ ਆਰ.ਬੀ.ਆਈ ਨੇ ਇਸ ਮੌਕੇ ਬੋਲਦਿਆ ਕਿਹਾ ਕਿ ਰਿਜਰਵ ਬੈਂਕ ਆਫ ਇੰਡੀਆ ਵੱਲੋਂ ਨੀਤੀ ਦਰ ਤਹਿ ਕੀਤੀ ਜਾਂਦੀ ਹੈ ਉਪਰੰਤ ਬੈਂਕਾਂ ਵੱਲੌਂ ਵਿਆਜ ਦਰ ਤਹਿ ਕੀਤੀ ਜਾਂਦੀ ਹੈ ਅਤੇ ਰਿਜਰਵ ਬੈਂਕ ਵੱਲੋਂ ਬੈਂਕਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਲੈਣ ਦੇਣ ਦੀ ਪੀਕ੍ਰਿਆਂ ਨੂੰ ਅਸਾਨ ਬਣਾਉਣ ਅਤੇ ਖਾਸ ਕਰਕੇ ਕਰਜਾ ਲੈਣ ਵਾਲਿਆਂ ਨੂੰ ਬਿਨ੍ਹਾਂ ਵਜ੍ਹਾ ਪਰੇਸ਼ਾਨ ਨਾ ਹੋਣ ਦਿੱਤਾ ਜਾਵੇ। 

ਉਨ੍ਹਾਂ ਕਿਹਾ ਕਿ ਸੈਲਫ ਹੈਲਪ ਗਰੁੱਪ ਜਿਹੜ ਕਿ ਔਰਤਾਂ ਦੀ ਆਰਥਿਕਤਾ ਦੀ ਮਜਬੂਤੀ ਲਈ ਕਾਰਗਰ ਸਾਬਤ ਹੋ ਰਹੇ ਹਨ। ਇਨ੍ਹਾਂ ਦਾ ਘੇਰਾ ਹੋਰ ਵਿਸਾਲ ਕਰਨ ਲਈ ਰਿਜਰਵ ਬੈਂਕ ਆਫ ਇੰਡੀਆ ਆਪਣੀ ਮੋਹਰੀ ਭੁਮਿਕਾ ਨਿਭਾਵੇਗਾ । ਜਿਸ ਲਈ ਸੁਝਾਅ ਵੀ ਲਏ ਜਾ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਕਿਸਾਨਾਂ ਨੂੰ ਵੀ ਸੈਲਫ ਹੈਲਪ ਗਰੁੱਪ ਬਣਾਉਣ ਦੀ ਲੋੜ ਹੈ ਜਿਸ ਨਾਲ ਉਨ੍ਹਾਂ ਦੀ ਆਰਥਿਕਤਾ ਮਜਬੂਤ ਹੋਵੇਗੀ। ਗਵਰਨਰ ਆਰ.ਬੀ.ਆਈ ਨੇ ਇਸ ਤੋਂ ਪਹਿਲਾ ਸੈਲਫ ਹੈਲਪ ਗਰੁੱਪਾਂ ਵੱਲੋ ਤਿਆਰ ਕੀਤੀਆਂ ਵਸਤਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਉਪਰੰਤ ਮੁਆਇਨਾ ਵੀ ਕੀਤਾ ਅਤੇ ਸੈਲਫ ਹੈਲਪ ਗਰੁੱਪ ਦੀਆਂ ਔਰਤ ਮੈਂਬਰਾਂ ਨਾਲ ਤਿਆਰ ਕੀਤੀਆਂ ਵਸਤਾਂ ਸਬੰਧੀ ਅਤੇ ਉਨ੍ਹਾਂ ਤੇ ਆਉਣ ਵਾਲਾ ਖਰਚੇ ਤੇ ਆਮਦਨ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਔਰਤ ਮੈਂਬਰਾਂ ਨੇ ਗਵਰਨਰ ਆਰ.ਬੀ.ਆਈ ਨੂੰ ਦੱਸਿਆ ਕਿ ਉਨ੍ਹਾਂ ਨੂੰ ਮੰਡੀਕਰਨ ਵਿੱਚ ਜਰੂਰ ਮੁਸ਼ਕਲ ਆਉਂਦੀ ਹੈ । ਉਨ੍ਹਾਂ ਮੰਡੀਕਰਨ ਲਈ ਸਰਕਾਰੀ ਪੱਧਰ ਤੇ ਦੁਕਾਨਾ ਖੋਲਨ ਦੀ ਮੰਗ ਕੀਤੀ ਤਾਂ ਜੋ ਇੱਕੋ ਥਾਂ ਤੇ ਤਿਆਰ ਵਸਤਾਂ ਵਿਕ ਸਕਣ। 

ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਕਰਜੇ ਲੈਣ ਸਮੇਂ ਦਰਪੇਸ ਮੁਸ਼ਕਲਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਹੋਣਾ ਚਾਹੀਦਾ ਹੈ ਅਤੇ ਬੈਂਕਾਂ ਵਿੱਚ ਕਰਜਾ ਲੈਣ ਲਈ ਸਿੰਗਲ ਵਿੰਡੋ ਸਿਸਟਮ ਪ੍ਰਣਾਲੀ ਸ਼ੁਰੂ ਕਰਨ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਕਰਜਾ ਲੈਣ ਸਮੇਂ ਉਦਯਗਪਤੀਆਂ ਦੇ ਬਰਾਬਰ ਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਇਸ ਮੌਕੇ ਸੈਲਫ ਗਰੁੱਪਾਂ ਦੇ ਮੈਂਬਰਾਂ ਵੱਲੌਂ ਗਵਰਨਰ ਆਰ.ਬੀ.ਆਈ ਨੂੰ ਇੱਕ ਫੁੱਲਕਾਰੀ ਦੇ ਕੇ ਸਨਮਾਨਿਤ ਵੀ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਖੇਤਰੀ ਡਾਇਰੈਕਟਰ ਰਿਜਰਵ ਬੈਂਕ ਆਫ ਇੰਡੀਆ ਚੰਡੀਗੜ੍ਹ ਸ੍ਰੀਮਤੀ ਰਸਮੀ ਫੌਜਦਾਰ ਨੇ ਕਿਹਾ ਕਿ ਜੇਕਰ ਬੈਂਕਾਂ ਪ੍ਰਤੀ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਚੰਡੀਗੜ੍ਹ ਸਥਿਤ ਬੈਂਕਿੰਗ ਲੋਕਪਾਲ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉਨ੍ਹਾਂ ਬੈਂਕਾਂ ਨੂੰ ਲੋਨ ਫਾਰਮ ਪਿੰਡ ਪੱਧਰ ਤੇ ਹੀ ਭਰਨ ਦੀ ਸਲਾਹ ਦਿੱਤੀ ਤਾਂ ਜੋ ਲੋਕਾਂ ਨੂੰ ਬੈਂਕਾਂ ਵਿੱਚ ਖੱਜਲ ਖੁਆਰ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲੋੜ ਮੁਤਾਬਿਕ ਹੀ ਕਰਜੇ ਲੈਣੇ ਚਾਹੀਦੇ ਹਨ ਤਾਂ ਜੋ ਉਹ ਆਪਣਾ ਕਰਜਾ ਅਸਾਨੀ ਨਾਲ ਮੋੜ ਸਕਣ। ਇਸ ਮੌਕੇ ਚੀਫ ਜਨਰਲ ਮੈਨੇਜਰ ਨਬਾਰਡ ਸ੍ਰੀ ਰਾਜੇਸ ਗੁਪਤਾ ਨੇ ਬੋਲਦਿਆਂ ਕਿਹਾ ਕਿ ਨਬਾਰਡ ਭਾਰਤ ਸਰਕਾਰ ਅਤੇ ਰਿਜਰਵ ਬੈਂਕ ਆਫ ਇੰਡੀਆ ਦੇ ਪ੍ਰੋਗਰਾਮਾਂ ਨੂੰ ਪਿੰਡ ਪੱਧਰ ਤੱਕ ਪਹੁੰਚਾਉਣ ਲਈ ਲੋਕਾਂ ਨੂੰ ਬੈਂਕਾਂ ਨਾਲ ਜੋੜਨ ਦਾ ਕੰਮ ਪੁਰੀ ਸੁਹਿਦਰਤਾ ਨਾਲ ਕਰਦਾ ਹੈ ਅਤੇ ਸਵੈ-ਰੋਜ਼ਗਾਰ ਧੰਦਿਆਂ ਲਈ ਨਬਾਰਡ ਵੱਲੌਂ ਸਿਖਲਾਈ ਕੈਂਪ  ਵੀ ਆਯੋਜਿਤ ਕੀਤੇ ਜਾਂਦੇ ਹਨ। 

ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 35 ਹਜ਼ਾਰ ਦੇ ਕਰੀਬ ਸੈਲਫ ਹੈਲਪ ਗਰੁੱਪ ਹਨ ਜਿਨ੍ਹਾਂ ਨਾਲ 4 ਲੱਖ 25 ਹਜ਼ਾਰ ਤੋਂ ਵੱਧ ਔਰਤਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਲੋਨ ਪ੍ਰੀਕਿਆ ਲਈ ਮੁਬਾਇਲ ਐਪ ਡਿਵੈਲਪ ਕਰਨ ਦਾ ਸੁਝਾਅ ਵੀ ਦਿੱਤਾ ਤਾਂ ਜੋ ਲੋਨ ਸਬੰਧੀ ਲੋਕਾਂ ਨੂੰ ਜਾਣਕਾਰੀ ਮਿਲ ਸਕੇ। ਸਮਾਗਮ ਨੂੰ ਪੰਜਾਬ ਗ੍ਰਾਮੀਣ ਬੈਂਕ ਦੇ ਚੇਅਰਮੈਨ ਸ੍ਰੀ ਬੀ.ਐਸ ਰੈਨਾ ਨੇ ਵੀ ਸੰਬੋਧਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ  ਮਹਿਲਾ ਕਲਿਆਣ ਸੰਮਤੀ ਦੀ ਪ੍ਰਧਾਨ ਦੀਪਿਕਾ ਸਿਧਵਾਨੀ ਨੇ ਦੱਸਿਆ ਕਿ ਸੰਮਤੀ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਔਰਤਾਂ ਦੇ  350 ਸੈਲਫ ਹੈਲਪ ਗਰੁੱਪ ਕੰਮ ਕਰ ਰਹੇ ਹਨ। ਜਿਨ੍ਹਾਂ ਨਾਲ 4 ਹਜ਼ਾਰ ਤੋਂ ਵੱਧ ਔਰਤਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਮਹਿਲਾ ਕਲਿਆਣ ਸੰਮਤੀ ਵੱਲੌਂ ਐਸ.ਏ.ਐਸ.ਨਗਰ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ 'ਚ 210 ਸੈਲਫ ਹੈਲਪ ਗਰੁੱਪ ਜੁੜ ਕੇ ਕੰਮ ਕਰ ਰਹੇ ਹਨ। ਉਨ੍ਹਾਂ ਗਵਰਨਰ ਆਰ.ਬੀ.ਆਈ ਨੂੰ ਮਹਿਲਾ ਕਲਿਆਣ ਸੰਮਤੀ ਦੀਆਂ ਗਤੀਵਿਧੀਆਂ ਬਾਰੇ ਵਿਸਥਾਪੂਰਵਕ ਜਾਣਕਾਰੀ ਦਿੱਤੀ। ਚੀਫ  ਲੀਡ ਜ਼ਿਲ੍ਹਾ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਸ੍ਰੀ ਆਰ.ਕੇ. ਸੈਣੀ ਨੇ ਪੁੱਜੀਆਂ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਸ.ਡੀ.ਐਮ ਸ੍ਰੀ ਲਖਮੀਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰ: ਮੇਵਾ ਸਿੰਘ ਸਿੱਧੂ, ਡਿਪਟੀ ਜਨਰਲ ਮੈਨੇਜਰ ਆਰ.ਬੀ.ਆਈ ਸ੍ਰੀ ਅੰਜਨੀ ਮਿਸ਼ਰਾ, ਡਾÎਇਰੈਕਟਰ ਆਰਸੇਟੀ ਪੰਜਾਬ ਨੈਸ਼ਨਨ ਬੈਂਕ ਸ੍ਰੀ ਜਸਵਿੰਦਰ ਸਿੰਘ,  ਸ੍ਰੀ ਬਿਕਰਮਜੀਤ ਸਿੰਘ ਗੀਗੇ ਮਾਜਰਾ, ਪਿੰਡ ਦੀ ਸਰਪੰਚ ਸ੍ਰੀਮਤੀ ਚਰਨਜੀਤ ਕੌਰ ਸਮੇਤ ਹੋਰਨਾਂ ਬੈਂਕਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।