ਜਗਰਾਉਂ ਵਿਖੇ 3.14 ਕਰੋੜ ਰੁਪਏ ਦੀ ਲਾਗਤ ਵਾਲਾ ਤਹਿਸੀਲ ਕੰਪਲੈਕਸ ਤਿਆਰ, ਉਦਘਾਟਨ ਜਲਦ
ਹਲਕਾ ਜਗਰਾਉਂ ਦੇ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਤੋਹਫ਼ਾ-ਕਲੇਰ
5 Dariya News (ਅਜੇ ਪਾਹਵਾ)
ਜਗਰਾਉਂ 23-Apr-2015
ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਾਰੀਆਂ ਪ੍ਰਸਾਸ਼ਨਿਕ ਸੇਵਾਵਾਂ ਇੱਕੋ ਛੱਤ ਹੇਠਾਂ ਦੇਣ ਲਈ ਇਥੇ ਉਸਾਰਿਆ ਗਿਆ ਤਹਿਸੀਲ ਕੰਪਲੈਕਸ ਬਣ ਕੇ ਤਿਆਰ ਹੋ ਚੁੱਕਾ ਹੈ ਅਤੇ ਜਲਦੀ ਹੀ ਪੰਜਾਬ ਸਰਕਾਰ ਵੱਲੋਂ ਇਸ ਕੰਪਲੈਕਸ ਨੂੰ ਲੋਕਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਦੋ ਮੰਜਿਲਾ ਤਹਿਸੀਲ ਕੰਪਲੈਕਸ ਨੂੰ ਬਣਾਉਣ 'ਤੇ 3.14 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਕੰਪਲੈਕਸ ਦਾ ਹਜ਼ਾਰਾਂ ਉਨ੍ਹਾਂ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ, ਜੋ ਰੋਜ਼ਾਨਾ ਆਪਣੇ ਕਿਸੇ ਨਾ ਕਿਸੇ ਕੰਮ ਲਈ ਵੱਖ-ਵੱਖ ਦਫ਼ਤਰਾਂ ਵਿੱਚ ਆਉਂਦੇ ਹਨ। ਅੱਜ ਵਿਧਾਇਕ ਸ੍ਰੀ ਐੱਸ. ਆਰ. ਕਲੇਰ ਨੇ ਉਸਾਰੀ ਕਾਰਜ ਦੀਆਂ ਅੰਤਿਮ ਛੋਹਾਂ ਦਾ ਜਾਇਜ਼ਾ ਲਿਆ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਇਸ ਸੰਬੰਧੀ ਸੰਬੰਧਤ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਅਤੇ ਐੱਸ. ਡੀ. ਐੱਮ. ਸ੍ਰੀ ਰਾਕੇਸ਼ ਪੋਪਲੀ ਨੇ ਸ੍ਰੀ ਕਲੇਰ ਨੂੰ ਦੱਸਿਆ ਕਿ 3.14 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਇਹ ਕੰਪਲੈਕਸ ਬਿਲਕੁਲ ਤਿਆਰ ਹੈ ਅਤੇ ਇਸ ਦੀ ਸਜਾਵਟ ਤੋਂ ਪਹਿਲਾਂ ਇਮਾਰਤ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਦੱਸਿਆ ਕਿ ਇਸ ਤਹਿਸੀਲ ਕੰਪਲੈਕਸ ਵਿੱਚ ਦੋ ਮੰਜਿਲਾਂ ਹੋਣਗੀਆਂ। ਜਿਸ ਵਿੱਚ ਐੱਸ. ਡੀ. ਐੱਮ., ਤਹਿਸੀਲਦਾਰ ਅਤੇ ਨਾਇਬ ਤਹਿਸੀਲ ਦੇ ਦਫ਼ਤਰ ਅਤੇ ਕਚਿਹਰੀਆਂ, ਵੱਡਾ ਮੀਟਿੰਗ ਹਾਲ, ਰਿਕਾਰਡ ਰੂਮ, ਸਟਾਫ਼ ਰੂਮ, ਪਟਵਾਰ ਵਰਕ ਸਟੇਸ਼ਨ, ਵੱਡਾ ਸੁਵਿਧਾ ਕੇਂਦਰ, ਸਰਵਰ ਰੂਮ, ਦੋਵਾਂ ਮੰਜਿਲਾਂ 'ਤੇ ਟੁਆਲਿਟ ਤੇ ਪੀਣ ਵਾਲੇ ਪਾਣੀ ਦੀ ਸਹੂਲਤ, ਚੋਣ ਦਫ਼ਤਰ, ਕਮੇਟੀ ਰੂਮ, ਰਸੋਈ ਘਰ, ਸਟੋਰ, ਵਾਹਨ ਪਾਰਕਿੰਗ ਲਈ ਮੁਕੰਮਲ ਜਗ੍ਹਾ ਅਤੇ ਹੋਰ ਵਾਧੂ ਕਮਰੇ ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਆਮ ਲੋਕਾਂ ਦੀ ਸਹੂਲਤ ਲਈ ਸੰਬੰਧਤ ਵਿਭਾਗ ਵੀ ਤਬਦੀਲ ਕੀਤੇ ਜਾ ਸਕਦੇ ਹਨ।
ਕਲੇਰ ਦੇ ਪੁੱਛਣ 'ਤੇ ਸ੍ਰੀ ਥੋਰੀ ਅਤੇ ਸ੍ਰੀ ਪੋਪਲੀ ਨੇ ਦੱਸਿਆ ਕਿ ਇਸ ਕੰਪਲੈਕਸ ਵਿੱਚ ਅਪਾਹਜ ਅਤੇ ਲਾਚਾਰ ਵਿਅਕਤੀਆਂ ਦੇ ਆਉਣ ਅਤੇ ਸਹੂਲਤ ਲਈ ਜਿੱਥੇ ਬਕਾਇਕਾ ਰੈਂਪ ਤਿਆਰ ਕੀਤੇ ਗਏ ਹਨ, ਉਥੇ ਵਿਸ਼ੇਸ਼ ਟੁਆਲਿਟ ਵੀ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਕਿਸੇ ਵੀ ਵਿਅਕਤੀ ਨੂੰ ਇਥੇ ਆ ਕੇ ਆਪਣੇ ਵਾਰੀ ਦੀ ਉਡੀਕ ਲਈ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ, ਸਗੋਂ ਹਵਾਦਾਰ ਵੇਟਿੰਗ ਖੇਤਰ ਵਿੱਚ ਬੈਠ ਕੇ ਆਪਣੀ ਵਾਰੀ ਦੀ ਉਡੀਕ ਕੀਤੀ ਜਾ ਸਕੇਗੀ। ਸਾਰੇ ਕੰਪਲੈਕਸ ਵਿੱਚ ਲੋੜੀਂਦੀ ਮਾਤਰਾ ਵਿੱਚ ਬਿਜਲੀ ਸਪਲਾਈ ਦੇਣ ਲਈ ਬਿਜਲੀ ਵਿਭਾਗ ਵੱਲੋਂ 100 ਕੇ. ਵੀ. ਦਾ ਵਿਸ਼ੇਸ਼ ਟਰਾਂਸਫਰ ਲਗਾਇਆ ਗਿਆ ਹੈ, ਜਿਸ ਨਾਲ ਬਿਜਲੀ ਦੀ ਕਿੱਲਤ ਦੀ ਕੋਈ ਪ੍ਰੇਸ਼ਾਨੀ ਨਹੀਂ ਰਹੇਗੀ। ਕਲੇਰ ਨੇ ਮੀਟਿੰਗ ਉਪਰੰਤ ਸਾਰੇ ਕੰਪਲੈਕਸ ਦਾ ਦੌਰਾ ਕੀਤਾ ਅਤੇ ਉਸਾਰੀ ਕਾਰਜਾਂ 'ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਸੰਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਹਿੰਦੇ ਉਸਾਰੀ ਕਾਰਜਾਂ ਅਤੇ ਸਜਾਵਟ ਨੂੰ ਜਲਦ ਤੋਂ ਜਲਦ ਮੁਕੰਮਲ ਕਰ ਲਿਆ ਜਾਵੇ, ਤਾਂ ਜੋ ਇਸ ਦੇ ਉਦਘਾਟਨ ਸੰਬੰਧੀ ਪੰਜਾਬ ਸਰਕਾਰ ਦੇ ਮਾਲ ਤੇ ਮੁੜ ਵਸੇਬਾ, ਸੂਚਨਾ ਅਤੇ ਲੋਕ ਸੰਪਰਕ ਵਿਭਾਗਾਂ ਬਾਰੇ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਵੱਲੋਂ ਸਮਾਂ ਲਿਆ ਜਾ ਸਕੇ।
ਕਲੇਰ ਨੇ ਇਸ ਕੰਪਲੈਕਸ ਦੇ ਬਣ ਕੇ ਤਿਆਰ ਹੋ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਕੰਪਲੈਕਸ ਤਹਿਸੀਲ ਜਗਰਾਉਂ ਦੇ ਆਮ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਤੋਹਫ਼ਾ ਸਾਬਿਤ ਹੋਵੇਗਾ। ਕਿਉਂਕਿ ਇਸ ਤੋਂ ਪਹਿਲਾਂ ਆਮ ਲੋਕਾਂ ਨੂੰ ਆਪਣੇ ਕੰਮ ਕਾਰ ਕਰਾਉਣ ਲਈ ਉੱਚਿਤ ਦਫ਼ਤਰੀ ਇਮਾਰਤਾਂ ਦੀ ਅਣਹੋਂਦ ਕਾਰਨ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਇਹ ਦਫ਼ਤਰ ਇੱਕ ਛੱਤ ਹੇਠ ਆ ਜਾਣ ਕਾਰਨ ਆਮ ਲੋਕਾਂ ਨੂੰ ਕਿਤੇ ਹੋਰ ਦੌੜਨਾ ਭੱਜਣਾ ਨਹੀਂ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਨਵੇਂ ਉਸਾਰੇ ਗਏ ਅਤੇ ਆਮ ਲੋਕਾਂ ਲਈ ਚਾਲੂ ਨਿਆਂਇਕ ਕੰਪਲੈਕਸ ਦਾ ਵੀ ਸਥਾਨਕ ਲੋਕਾਂ ਨੂੰ ਕਾਫੀ ਲਾਭ ਮਿਲ ਰਿਹਾ ਹੈ।