5 Dariya News

ਕਿਸਾਨੀ ਮੁੱਦਿਆਂ ਤੇ ਕਾਂਗਰਸ ਵਹਾ ਰਹੀ ਹੈ ਮਗਰ ਮੱਛ ਦੇ ਹੰਝੂ : ਪਰਕਾਸ਼ ਸਿੰਘ ਬਾਦਲ

ਕਾਂਗਰਸ ਦੀ 'ਕਿਸਾਨ ਰੈਲੀ' ਨੂੰ ਦਸਿਆ ਸਿਆਸੀ ਡਰਾਮੇਬਾਜੀ ,ਹੁਸੈਨੀਵਾਲਾ ਅਤੇ ਫਾਜ਼ਿਲਕਾ ਰਾਹੀਂ ਵਪਾਰਕ ਲਾਂਘੇ ਖੋਲਣ ਦੀ ਕੀਤੀ ਵਕਾਲਤ

5 Dariya News

ਫਿਰੋਜ਼ਪੁਰ 19-Apr-2015

ਕਾਂਗਰਸ ਵੱਲੋਂ ਕਿਸਾਨੀ ਮੁੱਦਿਆਂ 'ਤੇ ਮਗਰਮੱਛ ਦੇ ਹੰਝੂ ਵਹਾਏ ਜਾਣ ਦੀ ਅਲੋਚਣਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ  ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਕਾਂਗਰਸ ਵੱਲੋਂ ਆਯੋਜਿਤ 'ਕਿਸਾਨ ਰੈਲੀ' ਇਕ ਸਿਆਸੀ ਡਰਾਮੇਬਾਜੀ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ।ਇੱਥੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੀ ਚੌਥੀ ਕਨਵੋਕੇਸ਼ਨ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੱਚ ਇਹੀ ਹੈ ਕਿ ਅੱਜ ਦੇਸ਼ ਦਾ ਕਿਸਾਨ ਜਿੰਨ੍ਹਾਂ ਗੰਭੀਰ ਮੁਸਕਿਲਾਂ ਵਿਚ ਫਸਿਆ ਹੋਇਆ ਹੈ ਉਨ੍ਹਾਂ ਦੀ ਜੜ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਰਹੀਆਂ ਹਨ। ਦਿੱਲੀ ਵਿਖੇ ਕਾਂਗਰਸ ਵੱਲੋਂ 'ਕਿਸਾਨ ਰੈਲੀ' ਆਯੋਜਿਤ ਕਰਨ ਤੇ ਸਵਾਲ ਉਠਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੁਸਕਿਲਾਂ ਕਾਂਗਰਸ ਦੀ ਹੀ ਪੈਦਾਵਾਰ ਹਨ ਅਤੇ ਅੱਜ ਉਸ ਪਾਰਟੀ ਨੂੰ ਕੀ ਨੈਤਿਕ ਅਧਾਰ ਹੈ ਕਿ ਉਹ ਕਿਸਾਨਾਂ ਦੇ ਹਿੱਤਾਂ ਦੇ ਨਾਂਅ ਤੇ ਅਜਿਹੀ ਰੈਲੀ ਆਯੋਜਿਤ ਕਰੇ। ਉਨ੍ਹਾਂ ਕਿਹਾ ਕਿ ਇਹ ਰੈਲੀ ਮੀਡੀਆ ਦਾ ਧਿਆਨ ਖਿੱਚਣ ਲਈ ਕੇਵਲ ਇਕ ਸਿਆਸੀ ਡਰਾਮਾ ਹੈ ਅਤੇ ਇਸ ਨਾਲ ਕਿਸਾਨਾਂ ਦੀਆਂ ਮੁਸਕਿਲਾਂ ਦਾ ਕੋਈ ਹੱਲ ਨਹੀਂ ਹੋਣਾ। 

ਪੰਜਾਬ ਸਰਕਾਰ ਵੱਲੋਂ ਅਪਨਾਏ ਗਏ ਜਮੀਨ ਅਧਿਗ੍ਰਹਿਣ ਨਿਤੀ ਨੂੰ ਸਮੇਂ ਦੀ ਪਰਖੀ ਅਤੇ ਆਦਰਸ਼ ਨਿਤੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿੱਛਲੇ ਕਈ ਸਾਲਾਂ ਤੋਂ ਇਸ ਨਿਤੀ ਨੂੰ ਰਾਜ ਵਿਚ ਸਫਲਤਾ ਨਾਲ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਿਤੀ ਤਹਿਤ ਜਦੋਂ ਵੀ ਸਰਕਾਰ ਵੱਲੋਂ ਜਮੀਨ ਲਈ ਜਾਂਦੀ ਹੈ ਤਾਂ ਉਨ੍ਹਾਂ ਨੂੰ ਪੂਰਾ ਮੁਆਵਜਾ ਦਿੱਤਾ ਜਾਂਦ ਹੈ। ਉਨ੍ਹਾਂ ਨੇ ਇਸ ਮਾਡਲ ਨੂੰ ਦੇਸ਼ ਲਈ ਜਰੂਰੀ ਦੱਸਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ 2007 ਵਿਚ ਸੱਤਾ ਸੰਭਾਲਣ ਤੋਂ ਹੀ ਕਿਸਾਨ ਹਿਤੈਸੀ ਨਿਤੀਆਂ ਬਣਾ ਕੇ ਲਾਗੂ ਕੀਤੀਆਂ ਗਈਆਂ ਹਨ ਜੋ ਹੋਰਨਾਂ ਸੂਬਿਆਂ ਲਈ ਵੀ ਅਗਵਾਹੀ ਲੀਂਹਾਂ ਸਾਬਤ ਹੋ ਰਹੀਆਂ ਹਨ।ਵਪਾਰ ਲਈ ਹੁਸੈਨੀਵਾਲਾ ਅਤੇ ਫਾਜ਼ਿਲਕਾ ਸਰਹੱਦਾਂ ਖੋਲਣ ਦੀ ਵਕਾਲਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬੇਸੱਕ ਇਹ ਅੰਤਰ ਰਾਸ਼ਟਰੀ ਮਸਲਾ ਹੈ ਪਰ ਰਾਜ ਸਰਕਾਰ ਇਹ ਬਾਰਡਰ ਖੁਲਵਾਉਣ ਲਈ ਹਰ ਸੰਭਵ ਕੋਸ਼ਿਸ ਕਰੇਗੀ ਕਿਉਂਕਿ ਇਹ ਹੱਦ ਖੁਲਣ ਨਾਲ ਪੰਜਾਬ ਦੀ ਤਰੱਕੀ ਅਤੇ ਵਿਕਾਸ ਨੂੰ ਨਵਾਂ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਸਮੁੰਦਰੀ ਤੱਟ ਦੀ ਅਣਹੋਂਦ ਕਾਰਨ ਪੰਜਾਬ ਦੀ ਭੁਗੋਲਿਕ ਸਥਿਤੀ ਅਜਿਹੀ ਹੈ ਕਿ ਇੱਥੋਂ ਵਿਦੇਸ਼ੀ ਵਪਾਰ ਮੁਸਕਿਲ ਹੈ ਇਸ ਲਈ ਜੇਕਰ ਪਾਕਿਸਤਾਨ ਰਾਹੀਂ ਮੱਧ ਏਸੀਆ ਨਾਲ ਵਪਾਰ ਖੁੱਲ ਜਾਵੇ ਤਾਂ ਸੂਬੇ ਦੇ ਵਪਾਰ ਵਿਚ ਵੱਡਾ ਵਾਧਾ ਹੋਵੇਗਾ।ਉਨ੍ਹਾਂ ਕਿਹਾ ਕਿ ਅਟਾਰੀ ਸਰੱਹਦ ਰਾਹੀਂ ਵੀ ਵਪਾਰ ਸੂਚੀ ਨੂੰ ਮੁੰਬਈ ਕਰਾਚੀ ਦੇ ਬਰਾਬਰ ਦੀ ਵਪਾਰ ਸੂਚੀ ਲਾਗੂ ਕਰਕੇ ਸਾਰੀਆਂ ਵਸਤਾਂ ਦਾ ਵਪਾਰ ਸ਼ੁਰੂ ਕਰਵਾਇਆ ਜਾਵੇ।ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਸੂਬੇ ਵਿਚ ਰੇਤੇ ਅਤੇ ਬੱਜਰੀ ਦੇ ਭਾਅ ਵਿਚ ਤੇਜੀ ਲਈ ਪਿੱਛਲੀ ਯੂ.ਪੀ.ਏ. ਸਰਕਾਰ ਨੂੰ ਜਿੰਮੇਵਾਰ ਦੱਸਦਿਆਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਨੇ ਸਮੇਂ ਸਿਰ ਰਾਜ ਦੀਆਂ ਰੇਤ ਖੱਡਾਂ ਨੂੰ ਵਾਤਾਵਰਨ ਪ੍ਰਵਾਨਗੀ ਨਹੀਂ ਦਿੱਤੀ ਸੀ। ਜਿਸ ਕਾਰਨ ਕੀਮਤਾਂ ਵਿਚ ਵਾਧਾ ਹੋਇਆ ਸੀ ਪਰ ਉਨ੍ਹਾਂ ਕਿਹਾ ਕਿ ਹੁਣ ਐਨ.ਡੀ.ਏ. ਸਰਕਾਰ ਵੱਲੋਂ ਨਵੀਂਆਂ ਖੱਡਾਂ ਦੀ ਪ੍ਰਵਾਨਗੀ ਆ ਜਾਣ ਤੋਂ ਬਾਅਦ ਕੀਮਤਾਂ ਵਿਚ ਹੋਰ ਕਮੀ ਜਲਦ ਆਵੇਗੀ।

ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਚ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਮੌਕੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਸ: ਬਾਦਲ ਨੇ ਕਿਹਾ ਕਿ ਇਸ ਕੈਂਪਸ ਨੂੰ ਡੀਮਡ ਯੂਨੀਵਰਸਿਟੀ ਦਾ ਦਰਜਾ ਦਿਵਾਉਣ ਲਈ ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ ਤਾਂ ਜੋ ਇਸ ਵਕਾਰੀ ਸਿੱਖਿਆ ਸੰਸਥਾਨ ਨੂੰ  ਡੀਮਡ ਯੂਨੀਵਰਸਿਟੀ ਦਾ ਦਰਜਾ ਦਿਵਾਇਆ ਜਾ ਸਕੇ। ਇਸ ਮੌਕੇ ਨੌਜਵਾਨਾਂ ਨੂੰ ਨਤੀਜਾਂ ਮੁੱਖੀ ਸਿੱਖਿਆ ਨੂੰ ਸਮੇਂ ਦੀ ਜਰੂਰਤ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਕਿੱਤਾ ਮੁੱਖੀ ਸਿੱਖਿਆ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨ ਸਵੈ ਰੁਜਗਾਰ ਨਾਲ ਜੁੜ ਸਕਣ। 

ਉਨ੍ਹਾਂ ਨੇ ਪੰਜਾਬ ਨੂੰ ਕੇਂਦਰ ਦੀ ਐਨ.ਡੀ.ਏ. ਸਰਕਾਰ ਵੱਲੋਂ ਵਕਾਰੀ ਪ੍ਰੌਜੈਕਟ ਜਿਵੇਂ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਆਦਿ ਦੇਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਡੀਅਨ ਸਕੂਲ ਆਫ ਬਿਜਨੈਸ ਅਤੇ ਆਈ.ਆਈ.ਟੀ ਰੋਪੜ ਵਰਗੇ ਸੰਸਥਾਨ ਸੂਬੇ ਦੇ ਸਿੱਖਿਆ ਖੇਤਰ ਦੇ ਪ੍ਰਸਾਰ ਵਿਚ ਅਹਿਮ ਯੋਗਦਾਨ ਪਾ ਰਹੇ ਹਨ।  ਸ: ਬਾਦਲ ਨੇ ਇਸ ਮੌਕੇ ਪੰਚਾਇਤੀ ਅਤੇ ਸ਼ਹਿਰੀ ਰਾਜ ਸੰਸਥਾਵਾਂ ਦੇ ਨੁੰਮਾਇੰਦਿਆਂ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਤਕਨੀਕੀ ਸਿੱਖਿਆ ਪ੍ਰਤੀ ਪ੍ਰੇਰਿਤ ਕਰਨ। ਉਨ੍ਹਾਂ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਸ਼ਹੀਦ ਭਗਤ ਸਿੰਘ ਵੱਲੋਂ ਵਿਖਾਏ ਰਾਹ ਤੇ ਚੱਲਦਿਆਂ ਆਪਣੇ ਗਿਆਨ ਰਾਹੀਂ ਆਪਣੇ ਦੇਸ਼ ਅਤੇ ਸੂਬੇ ਦੀ ਤਰੱਕੀ ਵਿਚ ਯੋਗਦਾਨ ਪਾਉਣ।ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਸੂਬਾ ਸਰਕਾਰ ਵੱਲੋਂ ਮਿਆਰੀ ਸਿੱਖਿਆ ਉਪਲਬੱਧ ਕਰਵਾਉਣ ਲਈ ਕੀਤੇ ਯਤਨਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਸਰਕਾਰ ਦੇ ਇੰਨ੍ਹਾਂ ਹੀ ਯਤਨਾਂ ਸਦਕਾ ਸੂਬਾ ਸਿੱਖਿਆ ਦੇ ਖੇਤਰ ਵਿਚ ਦੇਸ਼ ਵਿਚੋਂ ਮੋਹਰੀ ਸੂਬਾ ਬਣ ਕੇ ਉਭਰਿਆ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਮਾਜ ਦੇ ਹਰ ਵਰਗ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੀ ਵੀ ਸਲਾਘਾ ਕੀਤੀ। 

ਇਸ ਮੌਕੇ ਮੁੱਖ ਮੰਤਰੀ ਨੇ ਨਗਰ ਕੌਂਸਲ ਦੇ ਕੌਂਸਲਰਾਂ ਨਾਲ ਮੁਲਾਕਾਤ ਕੀਤੀ ਅਤੇ ਸਹਿਰ ਦੇ ਵਿਕਾਸ ਲਈ ਕੋਂਸਲ ਪ੍ਰਧਾਨ ਸ੍ਰੀ ਅਸ਼ਵਨੀ ਗਰੋਵਰ ਨੂੰ 1 ਕਰੋੜ ਰੁਪਏ ਦੀ ਗ੍ਰਾਂਟ ਦਾ ਚੈਕ ਵੀ ਦਿੱਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ: ਜਨਮੇਜਾ ਸਿੰਘ ਸੇਖੋਂ, ਮੁੱਖ ਮੰਤਰੀ ਦੇ ਮਿਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ, ਲੋਕ ਸਭਾ ਮੈਂਬਰ ਸ: ਸ਼ੇਰ ਸਿੰਘ ਘੁਬਾਇਆ, ਵਿਧਾਇਕ ਸ: ਜੋਗਿੰਦਰ ਸਿੰਘ ਜਿੰਦੂ ਅਤੇ ਸ: ਹਰੀ ਸਿੰਘ ਜ਼ੀਰਾ, ਸ: ਵਰਦੇਵ ਸਿਘ ਨੋਨੀ ਮਾਨ, ਸ: ਸੁਖਪਾਲ ਸਿੰਘ ਨਨੂੰ, ਕਮਿਸ਼ਨਰ ਸ੍ਰੀ ਵੀ.ਕੇ. ਮੀਨਾ, ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ. ਖਰਬੰਦਾ, ਸ੍ਰੀ ਦਿਨੇਸ਼ ਲਾਕੜਾ ਚੇਅਰਮੈਨ, ਕੈਂਪਸ ਡਾਇਰੈਕਟਰ ਸ੍ਰੀ ਟੀ.ਐਸ. ਸਿੱਧੂ, ਸ: ਜੁਗਰਾਜ ਸਿੰਘ ਕਟੋਰੀ ਜ਼ਿਲ੍ਹਾ ਪ੍ਰਧਾਨ ਭਾਜਪਾ ਆਦਿ ਵੀ ਹਾਜਰ ਸਨ।