5 Dariya News

ਭਗਤ ਚੁੰਨੀ ਲਾਲ ਵਲੋਂ ਛੱਤਬੀੜ ਚਿੜੀਆ ਘਰ ਦਾ ਨਿਰੀਖਣ

ਜਾਨਵਰਾਂ ਦੀ ਸੰਭਾਲ ਲਈ ਕੀਤੇ ਜਾਂਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

5 Dariya News

ਚੰਡੀਗੜ੍ਹ 08-Apr-2015

ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਭਗਤ ਚੁੰਨੀ ਲਾਲ ਨੇ ਛੱਤਬੀੜ ਚਿੜੀਆ ਘਰ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਥੋਂ ਦੀ ਕਾਰਜ ਪ੍ਰਣਾਲੀ ਅਤੇ ਤੈਨਾਤ ਸਟਾਫ ਬਾਰੇ ਜਾਣਕਾਰੀ ਹਾਸਲ ਕੀਤੀ। ਇਹ ਜਾਣਕਾਰੀ ਦਿੰਦੇ ਹੋਏ ਜੰਗਲਾਤ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਇਸ ਦੌਰੇ ਮੌਕੇ ਜੰਗਲਾਤ ਮੰਤਰੀ ਨੇ ਛੱਤਬੀੜ ਚਿੜੀਆ ਘਰ ਦੇ ਜਾਨਵਰ ਅਦਾਨ-ਪ੍ਰਦਾਨ ਪ੍ਰੋਗਰਾਮ, ਜੋ ਕਿ ਹਾਲ ਹੀ ਵਿਚ ਸੰਪਨ ਹੋਇਆ, ਤੋਂ ਇਲਾਵਾ ਚਿੜੀਆ ਘਰ ਵਿਚਲੇ ਜਾਨਵਰਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਛਤਬੀੜ ਚਿੜੀਆ ਘਰ ਦੇ ਫੀਲਡ ਡਾਇਰੈਕਟਰ ਨੇ ਮੰਤਰੀ ਨੂੰ ਕਾਨਪੁਰ ਚਿੜੀਆ ਘਰ ਅਤੇ ਜੂਨਾਗੜ੍ਹ ਚਿੜੀਆ ਘਰ ਨਾਲ ਹੋਏ ਦੋ ਹਾਲੀਆ ਆਦਾਨ-ਪ੍ਰਦਾਨ ਪ੍ਰੋਗਰਾਮਾਂ ਬਾਰੇ ਜਾਨਕਾਰੀ ਦਿੱਤੀ ਜਿਸ ਤਹਿਤ ਛੱਤਬੀੜ ਚਿੜੀਆ ਘਰ ਨੂੰ ਏਸ਼ੀਆਈ ਸ਼ੇਰ, ਸਫੇਦ ਮੋਰ, ਲਕੜਬੱਘਾ ਅਤੇ ਬਾਘ ਆਦਿ ਜਾਨਵਰ ਹਾਸਲ ਹੋਏ ਸਨ। 

ਜੰਗਲਾਤ ਮੰਤਰੀ ਨੇ ਚਿੜੀਆ ਘਰ ਦੇ ਬਜਟ ਅਤੇ ਸਲਾਨਾ ਖਰਚੇ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਵਲੋਂ ਛੱਤਬੀੜ ਚਿੜੀਆ ਘਰ ਨਾਲ ਸਬੰਧਤ ਕਿਸੇ ਨਵੇਂ ਪ੍ਰੋਜੈਕਟ ਬਾਰੇ ਪੁੱਛੇ ਜਾਣ 'ਤੇ ਮੁੱਖ ਵਣਪਾਲ ਨੇ ਦਸਿਆ ਕਿ ਪੰਜਾਬ ਸੈਰ ਸਪਾਟਾ ਵਿਭਾਗ ਵਲੋਂ ਏਸ਼ੀਅਨ ਵਿਕਾਸ ਬੈਂਕ ਦੀ ਵਿੱਤੀ ਮਦਦ ਨਾਲ ਮਿਲਕੇ ਛੱਤਬੀੜ ਚਿੜੀਆ ਘਰ ਲਈ ਇਕ ਵਿਕਾਸ ਪ੍ਰੋਜੈਕਟ ਨੇਪਰੇ ਚਾੜਿਆ ਜਾਵੇਗਾ, ਜਿਸ ਵਿੱਚ ਛੱਤਬੀੜ ਚਿੜੀਆ ਘਰ ਦੀਆਂ ਸੜਕਾਂ ਦੀ ਹਾਲਤ ਸੁਧਾਰਨਾ, ਬੱਚਿਆਂ ਲਈ ਐਜੁਕੇਸ਼ਨ ਪਾਰਕ, ਆਧੁਨਿਕ ਵਿਆਖਿਆ ਕੇਂਦਰ ਆਦਿ ਕੰਮ ਸ਼ਾਮਲ ਹਨ। ਜੰਗਲਾਤ ਮੰਤਰੀ ਨੂੰ ਚਿੜੀਆ ਘਰ ਦੇ ਅਧਿਕਾਰੀਆਂ ਦੁਆਰਾ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸਕੂਲੀ ਬੱਚਿਆਂ ਨੂੰ ਦਾਖਲਾ ਟਿਕਟਾਂ ਦੀਆਂ ਦਰਾਂ ਵਿਚ ਛੋਟ ਦਿੱਤੀ ਜਾਣਦੀ ਹੈ ਅਤੇ ਮਾਰਚ 2015 ਦੌਰਾਨ ਛੱਤਬੀੜ ਚਿੜੀਆ ਘਰ ਵਿਚ ਹੋਈ ਲੋਕਾਂ ਦੀ ਆਮਦ ਨੇ ਬੀਤੇ ਕਿਸੇ ਵੀ ਵਰ੍ਹੇ ਦੇ ਮਾਰਚ ਮਹੀਨੇ ਦੇ ਰਿਕਾਰਡ ਤੋੜ ਦਿੱਤੇ ਹਨ। ਜੰਗਲਾਤ ਮੰਤਰੀ ਨੂੰ ਇਸ ਗੱਲ ਤੋਂ ਵੀ ਜਾਣੂੰ ਕਰਵਾਇਆ ਗਿਆ ਕਿ ਮੀਡੀਆ ਕਰਮੀਆਂ ਲਈ ਚਿੜੀਆ ਘਰ ਵਿਚ ਦਾਖਲਾ ਮੁਫਤ ਹੈ (ਕੈਮਰੇ ਸਹਿਤ ਜਾਂ ਬਗੈਰ)। 

ਇਸ ਦੌਰੇ ਮੌਕੇ ਜੰਗਲਾਤ ਮੰਤਰੀ ਨੇ ਚਿੜੀਆ ਘਰ ਵਿਚਲੇ ਜਾਨਵਰਾਂ ਜਿਵੇਂ ਕਿ ਸ਼ੇਰ, ਹਾਥੀ, ਲਕੜਬੱਘਾ, ਚੀਤਾ, ਰਿੱਛ, ਘੜਿਆਲ ਅਤੇ ਹਿਰਨ ਆਦਿ ਦੇ ਬਾੜਿਆਂ ਦਾ ਵੀ ਜਾਇਜ਼ਾ ਲਿਆ ਅਤੇ ਜਾਨਵਰਾਂ ਦਾ ਸੰਭਾਲ ਤੇ ਸੁਚੱਜੇ ਪ੍ਰਬੰਧਾਂ ਤੋਂ ਇਲਾਵਾ ਜਾਨਵਰਾਂ ਨੂੰ ਦਿੱਤੀ ਜਾਂਦੀ ਖੁਰਾਕ ਦੀ ਸਮੀਖਿਆ ਵੀ ਕੀਤੀ। ਮੰਤਰੀ ਜੀ ਨੇ ਚਿੜੀਆ ਘਰ ਪ੍ਰਬੰਧਾਂ ਵਿਚ ਹੋਰ ਸੁਧਾਰ ਕਰਨ ਲਈ ਕੁੱਝ ਕੀਮਤੀ ਸੁਝਾਅ ਵੀ ਦਿੱਤੇ।