5 Dariya News

ਜਾਖੜ ਨਸ਼ਿਆਂ ਦੇ ਮੁੱਦੇ 'ਤੇ ਰਾਜਨੀਤੀ ਨਾ ਕਰਨ- ਅਕਾਲੀ ਮੰਤਰੀ

'ਜਾਖੜ ਉਹ ਸਮਾਂ ਯਾਦ ਕਰਨ ਜਦ ਉਨ੍ਹਾਂ ਨੇ ਹੀ ਵਿਧਾਨ ਸਭਾ ਵਿਚ ਨਸ਼ਿਆਂ ਦੇ ਮਾਮਲੇ ਵਿਚ ਮਜੀਠੀਆ ਨੂੰ ਨਿਰਦੋਸ਼ ਦੱਸਿਆ ਸੀ'

5 Dariya News

ਚੰਡੀਗੜ੍ਹ 12-Mar-2015

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੰਤਰੀਆਂ ਨੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਨੂੰ ਕਿਹਾ ਹੈ ਕਿ ਉਹ ਕੁਝ ਸੁਆਰਥੀ ਲੋਕਾਂ ਦੇ ਦਬਾਅ ਹੇਠ ਨਸ਼ਿਆਂ ਦੇ ਮੁੱਦੇ 'ਤੇ ਰਾਜਨੀਤੀ ਨਾ ਕਰਨ ਬਲਕਿ ਨਸ਼ਿਆਂ ਦੇ ਮਾਮਲੇ ਵਿਚ ਫਸੇ ਕਾਂਗਰਸੀ ਆਗੂਆਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਯੂਥ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਭੁਲੱਥ ਤੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਰੁੱਧ ਕਾਰਵਾਈ ਕਰਨ। ਅੱਜ ਇੱਥੋਂ ਜਾਰੀ ਇਕ ਬਿਆਨ ਵਿਚ ਸ. ਜਨਮੇਜਾ ਸਿੰਘ ਸੇਖੋਂ, ਸ. ਸ਼ਰਨਜੀਤ ਸਿੰਘ ਢਿੱਲੋਂ, ਸ. ਗੁਲ਼ਜ਼ਾਰ ਸਿੰਘ ਰਣੀਕੇ  ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸ੍ਰੀ ਜਾਖੜ ਆਪਣਾ ਸੁਆਰਥ ਪੂਰਾ ਕਰਨ ਵਾਲੇ ਆਗੂਆਂ ਦੇ ਦਬਾਅ ਹੇਠ ਆ ਕੇ ਸ. ਮਜੀਠੀਆ ਵਿਰੁੱਧ ਮਰਿਆਦਾ ਮਤਾ ਲਿਆਉਣ ਬਾਰੇ ਕਹਿ ਰਹੇ ਹਨ ਜਦਕਿ ਸ੍ਰੀ ਜਾਖੜ ਨੇ ਵਿਧਾਨ ਸਭਾ ਵਿਚ ਹੀ ਕਿਹਾ ਸੀ ਕਿ ਸ. ਮਜੀਠੀਆ ਨਸ਼ਿਆਂ ਦੇ ਮਾਮਲੇ ਵਿਚ ਬਿਲਕੁਲ ਨਿਰਦੋਸ਼ ਹਨ।  ਉਨ੍ਹਾਂ ਕਿਹਾ  ਕਿ ਇਹ ਵਿਧਾਨ ਸਭਾ ਦੇ ਰਿਕਾਰਡ 'ਤੇ ਹੈ ਕਿ ਸ੍ਰੀ ਜਾਖੜ ਨੇ ਪਿਛਲੇ ਸੈਸ਼ਨ ਦੌਰਾਨ ਕਿਹਾ ਸੀ ਕਿ ਉਹ ਇਸ ਗੱਲ 'ਤੇ ਯਕੀਨ ਨਹੀਂ ਕਰਦੇ ਕਿ ਸ.,ਮਜੀਠੀਆ ਦਾ ਨਸ਼ਿਆਂ ਦੇ ਮਾਮਲੇ ਨਾਲ ਕੋਈ ਲੈਣਾ ਦੇਣਾ ਹੈ। ਅਕਾਲੀ ਮੰਤਰੀਆਂ ਨੇ ਕਾਂਗਰਸੀ ਨੇਤਾ ਨੂੰ ਕਿਹਾ ਕਿ ਉਹ ਇਸ ਮਾਮਲੇ 'ਤੇ ਦੋਹਰੇ ਮਾਪਦੰਡਾਂ ਦਾ ਤਿਆਗ ਕਰਦਿਆਂ ਆਪਣੇ ਵਿਧਾਨ ਸ਼ਭਾ ਵਿਚਲੇ ਉਸ ਬਿਆਨ ਨੂੰ ਚੇਤੇ ਕਰਨ। ਅਕਾਲੀ ਮੰਤਰੀਆਂ ਨੇ  ਸ੍ਰੀ ਜਾਖੜ ਨੂੰ ਕਿਹਾ ਕਿ 'ਤੁਹਾਡੇ ਵਰਗੇ ਆਗੂ ਨੂੰ ਦੋਹਰੇ ਮਾਪਦੰਡਾਂ ਵਾਲੀਆਂ ਗੱਲਾਂ ਵਿਚ ਨਹੀਂ ਪੈਣਾ ਚਾਹੀਦਾ ਕਿਉਂਕਿ ਇਸ ਕਾਰਨ ਕਰਕੇ ਹੀ ਸਾਰੇ ਦੇਸ਼ ਵਿਚੋਂ ਕਾਂਗਰਸ ਨੂੰ ਲੋਕਾਂ ਨੇ ਨਾਕਾਰ ਦਿੱਤਾ ਹੈ'।

ਅਕਾਲੀ ਆਗੂਆਂ ਨੇ ਕਿਹਾ ਕਿ ਉਹ  ਸਮਝ ਸਕਦੇ ਹਨ ਕਿ ਸ੍ਰੀ ਜਾਖੜ ਭਾਰੀ ਦਬਾਅ ਹੇਠ ਹਨ ਕਿਉਂਕਿ ਆਪਣੇ ਹਿੱਤਾਂ ਦੀ ਪੂਰਤੀ ਲਈ ਕੁਝ ਵਿਅਕਤੀ ਵਿਸ਼ੇਸ਼ਾਂ ਵਲੋਂ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰਨ ਬਾਰੇ ਵੀ ਧਮਕਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ 'ਸਾਡਾ ਮੰਨਣਾ ਹੈ ਕਿ ਸ੍ਰੀ ਜਾਖੜ ਸਿਧਾਂਤਾਂ ਵਾਲੇ ਆਗੂ ਹਨ ਅਤੇ ਉਹ ਆਪਣੇ ਪਹਿਲੇ ਸਟੈਂਡ 'ਤੇ ਕਾਇਮ ਰਹਿੰਦਿਆਂ ਕਿਸੇ ਦਬਾਅ ਨੂੰ ਨਹੀਂ ਮੰਨਣਗੇ। ਉਨ੍ਹਾਂ ਕਿਹਾ ਕਿ ਉਹ ਨਾਲ ਹੀ ਇਹ ਮਹਿਸੂਸ ਕਰਦੇ ਹਨ ਕਿ ਸ੍ਰੀ ਜਾਖੜ ਨੂੰ ਆਪਣੀ ਪਾਰਟੀ ਦੇ ਉਨ੍ਹਾਂ ਆਗੂਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਜੋ ਕਿ ਪਾਰਟੀ ਲਈ ਵੱਖ-ਵੱਖ ਕਾਰਨਾਂ ਕਰਕੇ ਬਦਨਾਮੀ ਦਾ ਸਬੱਬ ਬਣ  ਰਹੇ ਹਨ।ਸ੍ਰੀ ਜਾਖੜ ਨੂੰ ਜੋ ਉਹ ਉਪਦੇਸ਼ ਦਿੰਦੇ ਹਨ ਉਨ੍ਹਾਂ 'ਤੇ ਖੁਦ ਅਮਲ ਕਰਨ ਦੀ ਅਪੀਲ ਕਰਦਿਆਂ, ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਕੋਈ ਵੀ ਸ਼ਕਸ ਇਕੋ ਸਮੇਂ 'ਤੇ ਤੁਸੀਂ ਮੂੰਹ 'ਚ ਰਾਮ-ਰਾਮ ਬਗਲ 'ਚ ਛੁਰੀ ਵਾਲਾ ਕੰਮ ਨਾ ਕਰਦਿਆਂ ਆਪਣੀ ਪਾਰਟੀ ਅੰਦਰਲੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਖੜ੍ਹੇ ਹੋਣ ਦਾ ਨੈਤਿਕ ਹੌਂਸਲਾ ਰੱਖੋ ਅਤੇ ਪੰਜਾਬ ਦੀ ਸਿਆਸਤ ਨੂੰ ਸਾਫ ਕਰਨ ਲਈ ਇੰਨ੍ਹਾਂ ਨੂੰ ਤੁਰੰਤ ਪਾਰਟੀ 'ਚੋਂ ਕੱਢਣ ਦੀ ਸਿਫਾਰਿਸ਼ ਕਰੋ। ਉਨ੍ਹਾਂ ਕਿਹਾ ਕਿ ਸਿਰਫ ਆਪਣੀ ਕੁਰਸੀ ਸੁਰੱਖਿਅਤ ਰੱਖਣ ਦੀਆਂ ਕੋਸ਼ਿਸ਼ਾਂ ਛੱਡ ਕੇ ਅਜਿਹਾ ਕਰਨ 'ਤੇ ਹੀ ਸ੍ਰੀ ਜਾਖੜ ਨੂੰ ਇੱਕ ਅਜਿਹੀ ਸਿਆਸੀ ਸ਼ਖਸੀਅਤ ਵਜੋਂ ਜਾਣਿਆ ਜਾਵੇਗਾ ਜਿਸ ਨੂੰ ਸਮੁੱਚੇ ਪੰਜਾਬ ਦੇ ਭਲੇ ਦੀ ਚਿੰਤਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਪਰਦਾਫਾਸ਼ ਕੀਤੇ ਗਏ ਬਹੁ ਕਰੋੜੀ ਡਰੱਗ ਮਾਮਲੇ ਨਾਲ ਸਬੰਧਤ ਇੱਕ ਵਪਾਰੀ ਤੋਂ ਪੈਸੇ ਪ੍ਰਾਪਤ ਕਰਨ ਦੇ ਦੋਸ਼ਾਂ ਤਹਿਤ ਚੌਧਰੀ ਸੰਤੋਖ ਸਿੰਘ ਤੋਂ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੁੱਛਗਿਛ ਕੀਤੀ ਗਈ ਸੀ। 

ਉਨ੍ਹਾਂ ਕਿਹਾ ਕਿ ਸੰਤੋਖ ਸਿੰਘ ਦਾ ਨਾਂਅ ਤਾਂ ਉਕਤ ਵਪਾਰੀ ਤੋਂ ਬਰਾਮਦ ਹੋਈ ਡਾਇਰੀ ਵਿੱਚ ਵੀ ਲਾਭਪਾਤਰੀ ਵਜੋਂ ਲਿਖਿਆ ਪਾਇਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਵਿਧਾਨ ਸਭਾ ਪਾਰਟੀ ਦੇ ਆਗੂ ਨੇ ਜੇਕਰ ਪੰਜਾਬ ਦੇ ਲੋਕਾਂ ਤੱਕ ਸੱਚਮੁੱਚ ਇਹ ਸੰਦੇਸ਼ ਪਹੁੰਚਾਉਣਾ ਹੈ ਕਿ ਉਹ ਸੂਬੇ ਅੰਦਰੋਂ ਨਸ਼ਿਆਂ ਦੀ ਲਾਹਨਤ ਨੂੰ ਜੜੋਂ ਖਤਮ ਕਰਨਾ ਚਾਹੁੰਦੇ ਹਨ ਅਤੇ ਇਸ ਮਾਮਲੇ 'ਚ ਉਹ ਆਪਣੀ ਪਾਰਟੀ ਦੇ ਆਗੂਆਂ ਵਿਰੁੱਧ ਵੀ ਕਾਰਵਾਈ ਕਰਨ ਤੋਂ ਨਹੀਂ ਡਰਦੇ ਤਾਂ ਉਨ੍ਹਾਂ ਨੂੰ ਚੌਧਰੀ ਸੰਤੋਖ ਸਿੰਘ ਨੂੰ ਵੀ ਤੁਰੰਤ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਲਈ ਕਹਿਣਾ ਚਾਹੀਦਾ ਹੈ।ਇਕ ਹੋਰ ਕਾਂਗਰਸੀ ਆਗੂ ਜਿਸ ਬਾਰੇ ਹਾਲ ਹੀ ਵਿਚ ਨਸ਼ਿਆਂ ਦੇ ਮਾਮਲੇ ਵਿਚ ਲਿਪਤ ਹੋਣ ਬਾਰੇ ਖੁਲਾਸਾ ਹੋਇਆ ਹੈ, ਬਾਰੇ ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੀ ਜਾਖੜ ਸੁਖਪਾਲ ਸਿੰਘ ਖਹਿਰਾ ਨੂੰ ਤੁਰੰਤ ਪਾਰਟੀ ਵਿਚੋਂ ਬਾਹਰ ਕੱਢਣ। ਉਨ੍ਹਾਂ ਕਿਹਾ ਕਿ ਸਾਬਕਾ ਕਾਂਗਰਸੀ ਵਿਧਾਇਕ ਨਾ ਸਿਰਫ ਨਸ਼ਾ ਤਸਕਰ ਦੇ ਨੇੜੇ ਸੀ ਬਲਕਿ ਉਸ ਨਾਲ ਲਗਾਤਾਰ ਸੰਪਰਕ ਵਿਚ ਸੀ, ਜਿਸਨੂੰ ਕਿ 2 ਕਿਲੋ ਹੈਰੋਇਨ ਤੇ ਪਾਕਿਸਤਾਨੀ ਸਿੰਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਖਹਿਰਾ ਵਿਰੁੱਧ ਕਾਰਵਾਈ ਲਈ ਸ੍ਰੀ ਜਾਖੜ ਨੂੰ ਹੋਰ ਕਿਹੜਾ ਸਬੂਤ ਚਾਹੀਦਾ ਹੈ?  ਇਸ ਤੋਂ ਇਲਾਵਾ ਯੂਥ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਡਰੱਗ ਮਾਫੀਆ ਨਾਲ ਰਿਸ਼ਤੇ ਵੀ ਰਿਕਾਰਡ 'ਤੇ ਹਨ ਤੇ ਉਨ੍ਹਾਂ ਨੂੰ ਵੀ ਪ੍ਰਧਾਨਗੀ ਤੋਂ ਤੁਰੰਤ ਲਾਂਭੇ ਕਰਨਾ ਚਾਹੀਦਾ ਹੈ।