ਮਹਿਲਾ ਸਸ਼ਕਤੀਕਰਣ ਵਿਚ ਮੀਡੀਆ ਅਹਿਮ ਰੋਲ ਅਦਾ ਕਰ ਸਕਦਾ ਹੈ: ਕਪਤਾਨ ਸਿੰਘ ਸੋਲੰਕੀ
ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ''ਮਹਿਲਾ ਸਸ਼ਕਤੀਕਰਣ ਵਿੱਚ ਮੀਡੀਆ ਦੀ ਭੂਮਿਕਾ'' ਦੇ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ
5 Dariya News
ਐਸ.ਏ.ਐਸ ਨਗਰ 08-Mar-2015
ਮਹਿਲਾ ਸਸ਼ਕਤੀਕਰਣ ਤੋਂ ਬਿਨਾਂਹ ਕੋਈ ਵੀ ਸਮਾਜ ਜਾਂ ਦੇਸ਼ ਤਰੱਕੀ ਨਹੀ ਕਰ ਸਕਦਾ। ਔਰਤਾਂ ਦੇ ਸਸ਼ਕਤੀਕਰਣ ਲਈ ਮੀਡੀਆ ਲੋਕ ਰਾਇ ਪੈਦਾ ਕਰਨ ਵਿਚ ਆਪਣੀ ਅਹਿਮ ਭੁਮਿਕਾ ਨਿਭਾ ਸਕਦਾ ਹੈ । ਇਨਾਂਹ ਵਿਚਾਰਾਂ ਦਾ ਪ੍ਰਗਟਾਵਾ ਮਾਣਯੋਗ ਰਾਜਪਾਲ ਪੰਜਾਬ ਅਤੇ ਹਰਿਆਣਾ ਸ੍ਰੀ ਕਪਤਾਨ ਸਿੰਘ ਸੋਲੰਕੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਬ੍ਰਹਮਾ ਕੁਮਾਰੀ ਸੁਖ ਸ਼ਾਂਤੀ ਭਵਨ ਵਿਖੇ ਪਰਜਾਪਿਤਾ ਬ੍ਰਹਮਾ ਕੁਮਾਰੀਜ਼ ਇਸ਼ਵਰੀਯਾ ਵਿਸ਼ਵ ਵਿਦਿਆਲਿਯਾ ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਾ ਸਸ਼ਕਤੀਕਰਣ ਵਿਚ ਮੀਡੀਆ ਦੀ ਭੂਮਿਕਾ ਤੇ ਕਰਵਾਏ ਗਏ ਇਕ ਰੋਜ਼ਾ ਨੈਸ਼ਨਲ ਮੀਡੀਆ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂਹ ਕਿਹਾ ਕਿ ਲੋਕ ਮੱਤ ਹੀ ਔਰਤਾਂ ਦੇ ਸਸ਼ਕਤੀਕਰਣ ਲਈ ਵਧੇਰੇ ਸਾਰਥਕ ਹੋ ਸਕਦਾ ਹੈ ਜਿਸ ਨਾਲ ਲੋਕਾਂ ਦੀ ਔਰਤਾਂ ਪ੍ਰਤੀ ਸੋਚ ਵਿਚ ਤਬਦੀਲੀ ਆ ਸਕਦੀ ਹੈ। ਉਨਾਂਹ ਕਿਹਾ ਕਿ ਕਿਸੇ ਵੀ ਰਾਸ਼ਟਰ ਦੇ ਵਿਕਾਸ ਲਈ ਔਰਤਾਂ ਦਾ ਸਸ਼ਕਤੀਕਰਣ ਹੋਣਾ ਜਰੂਰੀ ਹੈ । ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਕਿਹਾ ਸਾਡੇ ਦੇਸ਼ ਵਿਚ ਭਾਂਵੇਂ ਮਰਦਾਂ ਦਾ ਦਬਦਬਾ ਹੈ ਪ੍ਰੰਤੂ ਇਥੇ ਔਰਤਾਂ ਦਾ ਵੀ ਪੂਜਣ ਯੋਗ ਸਥਾਨ ਹੈ ਉਨਾਂਹ ਕਿਹਾ ਕਿ ਕੋਈ ਵੀ ਪਰਿਵਾਰ ਜਿਥੇ ਔਰਤ ਦੁਖੀ ਹੋਵੇ ਉਹ ਖੁਸ਼ ਨਹੀ ਰਹਿ ਸਕਦਾ । ਉਨਾਂਹ ਕਿਹਾ ਕਿ ਔਰਤਾਂ ਨੂੰ ਆਪਣੀ ਜਿੰਮੇਵਾਰੀ ਸਵੈ ਫੈਸਲੇ ਅਤੇ ਆਰਥਿਕ ਅਜ਼ਾਦੀ ਪ੍ਰਤੀ ਅਤੇ ਉਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਮਹੱਤਵ ਰੱਖਦਾ ਹੈ।
ਜਿਸ ਲਈ ਮੀਡੀਆ ਵੀ ਆਪਣਾ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਹੈ ਅਤੇ ਮੀਡੀਏ ਨੂੰ ਔਰਤਾਂ ਦੇ ਵਿਕਾਸ ਅਤੇ ਲਿੰਗ ਅਨੁਪਾਤ ਦੀ ਬਰਾਬਰੀ ਪ੍ਰਤੀ ਵੀ ਸਮਾਜ ਨੂੰ ਸੁਚੇਤ ਕਰਨ ਦੀ ਲੋੜ ਹੈ। ਰਾਜਪਾਲ ਨੇ ਕਿਹਾ ਕਿ ਰਾਜ ਅਤੇ ਕੇਂਦਰ ਦੀ ਸਰਕਾਰ ਵੱਲੋਂ ਔਰਤਾਂ ਦੇ ਸਸ਼ਕਤੀਕਰਣ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਹਨ । ਉਨਾਂਹ ਕਿਹਾ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੇਟੀ ਬਚਾਓ , ਬੇਟੀ ਪੜਾਓ ਅਤੇ ਸੁਕੰਨਿਆ ਸੁਮਰਿਧੀ ਅਕਾਂਊਂਟ ਸਕੀਮਾਂ ਜੋ ਕਿ ਲੜਕੀਆਂ ਨੂੰ ਸਿੱਖਿਆ ਦੇਣ ਲਈ ਉਤਸ਼ਾਹਤ ਕਰਦੀਆਂ ਹਨ ਚਲਾਈਆਂ ਗਈਆਂ ਹਨ । ਉਨਾਂਹ ਇਸ ਮੌਕੇ ਖੋਜੀ ਪੱਤਰਕਾਰੀ ਵਿਚ ਪੱਤਰਕਾਰਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਪੱਤਰਕਾਰਾਂ ਦੀ ਹਰ ਥਾਂ ਤੇ ਪਹੁੰਚ ਹੁੰਦੀ ਹੈ। ਉਨਾਂਹ ਇਸ ਮੌਕੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਏ ਗਏ ਸੈਮੀਨਾਰ ਲਈ ਪਰਜਾਪਿਤਾ ਬ੍ਰਹਮਾ ਕੁਮਾਰੀਜ਼ ਇਸ਼ਵਰੀਯਾ ਵਿਸ਼ਵ ਵਿਦਿਆਲਿਯਾ ਦੇ ਪ੍ਰਬੰਧਕਾਂ ਨੂੰ ਵਧਾਈ ਵੀ ਦਿੱਤੀ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰੋ: ਕਮਲ ਦਿਕਸ਼ਤ ਮੁਲਿਆਨੂਗਾਟ ਮੀਡੀਆ ਅਤੇ ਪ੍ਰੋਫੈਸ਼ਰ ਅਤੇ ਮੁੱਖੀ ਮੱਖਣ ਲਾਲ ਚਤੁਰਵੇਦੀ ਯੂਨੀਵਰਸਿਟੀ ਭੁਪਾਲ ਨੇ ਆਪਣੇ ਕੂੰਜੀਵਤ ਭਾਸ਼ਨ ਵਿਚ ਕਿਹਾ ਕਿ ਸਾਡੀਆਂ ਕਦਰਾਂ ਕੀਮਤਾਂ ਇਥੋਂ ਤੱਕ ਸਵਾਲਾਂ ਦੇ ਘੇਰੇ ਵਿਚ ਆ ਗਈਆਂ ਹਨ ਕਿ ਸਾਨੂੰ ਅਜਿਹੇ ਸੈਮੀਨਾਰ ਕਰਾਉਣ ਦੀ ਲੋੜ ਮਹਿਸੂਸ ਹੋ ਰਹੀ ਹੈ। ਉਨਾਂਹ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮੀਡੀਆ ਊਸਾਰੂ ਕਦਰਾਂ ਕੀਮਤਾਂ ਨੂੰ ਉਜਾਗਰ ਕਰਕੇ ਔਰਤਾਂ ਦੇ ਸ਼ਸਕਤੀਕਰਣ ਲਈ ਅਗੇ ਆਵੇ । ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀਨੀਅਰ ਰੈਜੀਡੈਂਟ ਐਡੀਟਰ ਹਿੰਦੁਸਤਾਨ ਟਾਇਮਜ਼ ਸ੍ਰੀ ਰਮੇਸ਼ ਵਿਨਾਇਕ ਨੇ ਕਿਹਾ ਕਿ ਮੀਡੀਆ ਔਰਤਾਂ ਦੇ ਸ਼ਸਕਤੀਕਰਣ ਲਈ ਉਸਾਰੂ ਭੂਮਿਕਾ ਨਿਭਾ ਰਿਹਾ ਹੈ। ਪਰ ਅਜੇ ਵੀ ਇਸ ਖੇਤਰ ਵਿਚ ਹੋਰ ਕੰਮ ਕਰਨ ਦੀ ਲੋੜ ਹੈ ਅਤੇ ਮੀਡੀਏ ਨੂੰ ਮਹਿਲਾ ਸ਼ਸਕਤੀਕਰਣ ਦੇ ਨਾਲ ਨਾਲ ਲਿੰਗ ਅਨੁਪਾਤ ਦੇ ਸੁਧਾਰ ਲਈ ਵੀ ਉਸਾਰੂ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨਾਂਹ ਕਿਹਾ ਕਿ ਇਕੱਲਾ ਕਾਨੂੰਨ ਕੁਝ ਨਹੀਂ ਕਰ ਸਕਦਾ । ਪ੍ਰੰਤੂ ਲੋਕਾਂ ਦੀ ਔਰਤਾਂ ਪ੍ਰਤੀ ਸੋਚ ਬਦਲਣ ਦੀ ਲੋੜ ਹੈ। ਜਿਸ ਵਿਚ ਮੀਡੀਆ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨਾਂ ਔਰਤਾਂ ਦੀ ਸਿੱਖਿਆ ਤੇ ਜੋਰ ਦਿੰਦਿਆਂ ਕਿਹਾ ਕਿ ਜੇ ਮਰਦ ਨੂੰ ਸਿੱਖਿਆ ਦੇਵੋਗੇ ਤਾਂ ਉਹ ਇੱਕਲੇ ਮਰਦ ਲਈ ਹੋਵੇਗੀ ਪ੍ਰੰਤੂ ਜੇਕਰ ਔਰਤ ਨੂੰ ਸਿੱਖਿਆ ਦੇਵਾਂਗੇ ਤਾਂ ਆਉਣ ਵਾਲੀ ਪੀੜੀ ਸਿੱਖਿਅਕ ਹੋਵੇਗੀ। ਉਨਾਂਹ ਮੀਡੀਏ ਨੂੰ ਦਿਹਾਤੀ ਖੇਤਰ ਵਿਚ ਰਹਿ ਰਹੀਆਂ ਔਰਤਾਂ ਦੀਆਂ ਮੁਸ਼ਕਲਾਂ ਸਬੰਧੀ ਵੀ ਤੱਥ ਉਜਾਗਰ ਕਰਨ ਲਈ ਕਿਹਾ । ਉਨਾਂਹ ਹੋਰ ਕਿਹਾ ਕਿ ਹੁਣ ਔਰਤਾਂ ਕਿਸੇ ਗੱਲੋਂ ਘੱਟ ਨਹੀ ਰਹੀਆਂ ਅਤੇ ਬਹੁਤ ਸਾਰੀਆਂ ਔਰਤਾਂ ਮੀਡੀਆ ਦੇ ਖੇਤਰ ਵਿਚ ਮਹੱਤਵ ਪੂਰਨ ਅਹੁਦਿਆਂ ਤੇ ਅਖ਼ਬਾਰਾਂ ਅਤੇ ਟੈਲੀਵਿਯਜ਼ਨ ਚੈਨਲਾਂ ਚ ਐਡੀਟਰ ਦੇ ਤੌਰ ਤੇ ਕੰਮ ਰਹੀਆਂ ਹਨ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਟੇਟ ਹੈੱਡ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੈਨਿਕ ਭਾਸਕਰ ਸ੍ਰੀ ਦੀਪਕ ਧਿਮਾਨ ਨੇ ਕਿਹਾ ਕਿ ਮੀਡੀਆ ਹਮੇਸ਼ਾਂ ਆਮ ਲੋਕਾਂ ਦੀ ਸਹਾਇਤਾ ਲਈ ਅਗੇ ਆਇਆ ਹੈ ਜਦੋਂ ਲੋਕਾਂ ਨੇ ਉਸ ਦੀ ਲੋੜ ਸਮਝੀ ਅਤੇ ਮੀਡੀਏ ਨੇ ਬੇਖੌਫ ਹੋ ਕੇ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਉਨਾਂ੍ਹ ਕਿਹਾ ਕਿ ਦੈਨਿਕ ਭਾਸਕਰ ਵੱਲੋਂ ਰਾਜਸਥਾਨ ਦੇ ਸਕੂਲਾਂ ਵਿਚ ਲੜਕੀਆਂ ਲਈ ਇਕ ਹਜ਼ਾਰ ਪਾਖਾਨੇ ਬਣਵਾਏ ਹਨ। ਉਨਾਂ੍ਹ ਹੋਰ ਦੱਸਿਆ ਕਿ ਦੈਨਿਕ ਭਾਸਕਰ ਵੱਲੋਂ ਸਾਲ 2011 ਵਿਚ ਬੇਟੀ ਪੜਾਓ ਸਕੀਮ ਲਾਂਚ ਕੀਤੀ ਸੀ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਔਰਤਾਂ ਨੂੰ ਨਗਰ ਕੌਸਲਾਂ ਅਤੇ ਪੰਚਾਇਤਾਂ ਵਿਚ 33 ਫੀਸਦੀ ਰਾਖਵਾਂ ਕਰਣ ਦਿਵਾਉਣ ਵਿਚ ਮੀਡੀਏ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਵਿਧਾਨ ਸਭਾ ਅਤੇ ਲੋਕ ਸਭਾ ਵਿਚ ਵੀ 33 ਫੀਸਦੀ ਰਾਖਵਾਂਕਰਣ ਲਈ ਰਾਹ ਪੱਧਰਾ ਹੋ ਗਿਆ ਹੈ। ਉਨਾਂ੍ਹ ਇਸ ਮੌਕੇ ਭਰੂਣ ਹੱਤਿਆ ਦਾਜ ਦਹੇਜ ਵਰਗੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਵੀ ਸਮਾਜ ਨੂੰ ਇਕ ਜੁੱਟ ਹੋਣ ਲਈ ਆਖਿਆ । ਸੈਮੀਨਾਰ ਨੂੰ ਸੰਬੋਧਨ ਕਰਦਿਆਂ ਵਾਇਸ ਚੇਅਰਪਰਸਨ ਆਲ ਇੰਡੀਆ ਸੋਸਲ ਵਿੰਗ ਰਾਜਯੋਗੀ ਬੀ.ਕੇ. ਅਮੀਰਚੰਦ ਨੇ ਕਿਹਾ ਕਿ ਮੀਡੀਏ ਨੂੰ ਨਕਾਰਤਮਕ ਖ਼ਬਰਾਂ ਲਈ ਸੰਕੋਚ ਕਰਨਾ ਚਾਹੀਦਾ ਹੈ। ਉਨਾਂਹ ਔਰਤਾਂ ਦੇ ਸ਼ਸਕਤੀਕਰਣ ਲਈ ਮੀਡੀਏ ਵੱਲੋਂ ਨਿਭਾਏ ਜਾ ਰਹੇ ਰੋਲ ਦੀ ਪ੍ਰਸੰਸਾ ਵੀ ਕੀਤੀ। ਇਸ ਮੌਕੇ ਮਾਂਊਟ ਆਬੂ ਤੋਂ ਪੁੱਜੇ ਸ੍ਰੀ ਬੀ.ਕੇ. ਸ਼ਨਤਾਨੂੰ ਕੋਅਰਡੀਨੇਟਰ ਮੀਡੀਆ ਵਿੰਗ, ਸ੍ਰੀ ਬੀ.ਕੇ ਕੋਮਲ ਕੋਅਰਡੀਨੇਟਰ ਪੀਐਮਵੀਟੀ ਸਮੇਤ ਐਸ.ਡੀ.ਐਮ ਸ਼੍ਰੀ ਲਖਮੀਰ ਸਿੰਘ , ਸਕੱਤਰ ਜਿਲਾ੍ਹ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਤਰਨਤਾਰਨ ਸਿੰਘ ਬਿੰਦਰਾ ਸਮੇਤ ਹੋਰ ਪੱਤਵੰਤੇ ਵੀ ਮੌਜੂਦ ਸਨ।