ਪੰਜਾਬ ਤੇ ਜਰਮਨੀ ਨੇ ਆਰਗੈਨਿਕ ਖੇਤੀ ਨੂੰ ਹੁਲਾਰਾ ਦੇਣ ਲਈ ਮਿਲਾਏ ਹੱਥ
ਭਾਰਤ ਦੇ ਵਿਕਾਸ ਦਾ ਪੰਜਾਬ ਅਹਿਮ ਹਿੱਸਾ-ਬਲੈਸਰ
5 Dariya News
ਚੰਡੀਗੜ੍ਹ 11-Feb-2015
ਜਰਮਨੀ ਅਤੇ ਪੰਜਾਬ ਨੇ ਅੱਜ ਪੰਜਾਬ ਸੂਬੇ ਵਿੱਚ ਆਰਗੈਨਿਕ ਖੇਤੀ ਨੂੰ ਹੁਲਾਰਾ ਦੇਣ ਲਈ ਹੱਥ ਮਿਲਾਉਣ ਦਾ ਫੈਸਲਾ ਕੀਤਾ ਹੈ। ਜਰਮਨੀ ਦੇ ਪਾਰਲੀਮਾਨੀ ਸੂਬਾ ਸਕੱਤਰ, ਖੁਰਾਕ ਤੇ ਖੇਤੀਬਾੜੀ ਮੰਤਰਾਲਾ ਸ੍ਰੀ ਪੀਟਰ ਬਲੈਸਰ ਦੀ ਅਗਵਾਈ ਵਾਲੇ ਇੱਕ ਵਫਦ, ਜਿਸ ਵਿੱਚ ਜਰਮਨੀ ਦੇ ਖੁਰਾਕ ਅਤੇ ਖੇਤੀਬਾੜੀ ਮੰਤਰਾਲੇ, ਸੰਸਦ ਅਤੇ ਸਰਕਾਰੀ ਏਜੰਸੀਆਂ ਦੇ ਪ੍ਰਤੀਨਿੱਧੀ ਸ਼ਾਮਲ ਸਨ, ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨਾਲ ਇੱਕ ਮੁਲਾਕਾਤ ਕੀਤੀ ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ।ਜਥੇਦਾਰ ਤੋਤਾ ਸਿੰਘ ਨੇ ਜਰਮਨ ਮੰਤਰੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਜੋ ਕਿ ਦੇਸ਼ ਦਾ ਅੰਨ ਭੰਡਾਰ ਹੈ, ਉਸ ਨੇ ਖੁਰਾਕ ਸੁਰੱਖਿਆ ਸਬੰਧੀ ਭਾਰਤ ਨੂੰ ਆਤਮ ਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਹੁਣ ਪੰਜਾਬ ਅਤੇ ਜਰਮਨੀ ਨੂੰ ਸੂਬੇ ਵਿੱਚ ਆਰਗੈਨਿਕ ਖੇਤੀ ਨੂੰ ਹੁਲਾਰਾ ਦੇਣ ਲਈ ਹੱਥ ਮਿਲਾਉਣਾ ਪਵੇਗਾ। ਮੀਟਿੰਗ ਵਿੱਚ ਇਸ ਗੱਲ ਉੱਤੇ ਵੀ ਸਹਿਮਤੀ ਹੋਈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋ ਜਰਮਨੀ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਨਾਲ ਤਕਨੀਕੀ ਜਾਣਕਾਰੀ ਦਾ ਅਦਾਨ ਪ੍ਰਦਾਨ ਕੀਤਾ ਜਾਵੇਗਾ ਅਤੇ ਦੋਵੇ ਧਿਰਾਂ ਕੀੜਾ ਰੋਕੂ ਫਸਲਾਂ ਦੀਆਂ ਨਵੀਆਂ ਕਿਸਮਾਂ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨਗੇ। ਖੇਤੀਬਾੜੀ ਮੰਤਰੀ ਪੰਜਾਬ ਜਥੇਦਾਰ ਤੋਤਾ ਸਿੰਘ ਨੇ ਪੰਜਾਬ ਦੀਆਂ ਪ੍ਰਾਪਤੀਆਂ ਬਾਰੇ ਦਸਦਿਆਂ ਕਿਹਾ ਕਿ ਹਾਲਾਂ ਕਿ ਪੰਜਾਬ ਵਿਚਲੀ ਖੇਤੀਬਾੜੀ ਵਾਲੀ ਜਮੀਨ, ਕੌਮੀ ਪੱਖ ਤੋਂ ਵੇਖਿਆਂ ਸਿਰਫ 1.5 ਫੀਸਦੀ ਹੈ ਪਰ ਇਸ ਦੇ ਬਾਵਜੂਦ ਵੀ ਕੌਮੀ ਪੂਲ ਵਿੱਚ ਕਣਕ ਦਾ ਯੋਗਦਾਨ ਪਾਉਣ ਵਿੱਚ ਪੰਜਾਬ ਮੋਹਰੀ ਹੈ । ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 151 ਮੁੱਖ ਖ੍ਰੀਦ ਕੇਂਦਰ (ਮੇਨ ਯਾਰਡ) ਹਨ ਜਦੋਂ ਕਿ ਪੇਂਡੂ ਖੇਤਰਾਂ ਵਿੱਚ 1700 ਖ੍ਰੀਦ ਕੇਂਦਰ ਹਨ ਅਤੇ 6 ਏਜੰਸੀਆਂ ਵਲੋਂ ਐਮ.ਐਸ.ਪੀ. ਮੁੱਲ ਉਤੇ ਕਣਕ, ਝੋਨੇ ਅਤੇ ਚੌਲਾਂ ਦੀ ਖ੍ਰੀਦ ਕੀਤੀ ਜਾਂਦੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਸਟਮ ਹਾਇਰਿੰਗ ਵਿਧੀ ਨੂੰ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਦੀ ਮਦਦ ਨਾਲ ਕਿਸਾਨਾਂ ਦੀ ਸਹਾਇਤਾ ਲਈ ਅਪਣਾਇਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਕੀਟਨਾਸ਼ਕਾਂ ਦਾ ਇਸਤੇਮਾਲ ਵੀ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਫਸਲਾਂ ਨੁਕਸਾਨ ਤੋਂ ਬਚ ਸਕਣ।
ਹੋਰ ਵੇਰਵਾ ਦਿੰਦਿਆਂ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਹਰੀ ਖਾਦ ਅਤੇ ਆਰਗੈਨਿਕ ਖੇਤੀ ਨੂੰ ਵੱਧ ਤੋਂ ਵੱਧ ਉਤਸ਼ਾਹ ਦਿੱਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਖੇਤੀ ਲਈ ਲੋੜੀਂਦੀਆਂ ਮਸ਼ੀਨਾਂ ਬਣਾਉਣ ਲਈ ਸਥਾਨਕ ਉਤਪਾਦਕਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ।ਉਨ੍ਹਾਂ ਦੱਸਿਆ ਕਿ ਜਮੀਨੀ ਪਾਣੀ ਨੂੰ ਖੋਰਾ ਲਗਣੋ ਰੋਕਣ ਲਈ ਸੂਬਾ ਸਰਕਾਰ ਵਲੋਂ 'ਗ੍ਰਾਉਂਡ ਵਾਟਰ ਰੀਚਾਰਜਿੰਗ ਤਕਨੀਕ' ਅਪਣਾਈ ਜਾ ਰਹੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਫਸਲੀ ਵਿਭਿੰਨਤਾ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਡਰਿਪ ਪ੍ਰਣਾਲੀ ਉਤੇ ਸਬਸਿਡੀ ਵੀ ਦਿੱਤੀ ਜਾ ਰਹੀ ਹੈ।
ਸ੍ਰੀ ਪੀਟਰ ਬਲੈਸਰ ਨੇ ਇਸ ਮੌਕੇ ਕਿਹਾ ਕਿ ਜਰਮਨੀ ਵਿੱਚ ਕਿਸਾਨਾਂ ਨੂੰ ਕਾਫੀ ਉਚ ਪੱਧਰੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਖੇਤੀ ਖੇਤਰ ਦੀ ਤਾਜ਼ਾ ਜਾਣਕਾਰੀ ਉਨ੍ਹਾਂ ਨੂੰ ਮਿਲ ਸਕੇ| ਉਨ੍ਹਾਂ ਇਹ ਵੀ ਦੱਸਿਆ ਕਿ ਬੀਜ ਅਤੇ ਪਸ਼ੂ ਉਤਪੱਤੀ (ਐਨੀਮਲ ਜੈਨੇਟਿਕਸ) ਦੇ ਖੇਤਰ ਵਿੱਚ ਜਰਮਨੀ ਕੋਲ ਉੱਚ ਪਾਏ ਦੀ ਤਕਨੀਕ ਹੈ । ਉਨ੍ਹਾਂ ਕਿਹਾ ਕਿ ਭਾਰਤ ਦੀ ਵਿਕਾਸ ਯਾਤਰਾ ਦਾ ਪੰਜਾਬ ਇੱਕ ਬੇਹੱਦ ਅਹਿਮ ਹਿੱਸਾ ਹੈ ਅਤੇ ਦੋਵਾਂ ਧਿਰਾਂ ਨੂੰ ਸਭਿਆਚਾਰਕ ਅਤੇ ਤਕਨੀਕੀ ਅਦਾਨ-ਪ੍ਰਦਾਨ ਵਧਾਉਣਾ ਚਾਹੀਦਾ ਹੈ ।
ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਸ.ਬਲਦੇਵ ਸਿੰਘ ਢਿੱਲੋਂ ਨੇ ਵਫਦ ਨੂੰ ਪੰਜਾਬ ਵਿੱਚ ਖੇਤੀਬਾੜੀ ਵਿਸ਼ੇ ਉਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੀ ਕ੍ਰਾਂਤੀ ਨਾਲ ਸੂਬੇ ਵਿੱਚ ਖੁਸ਼ਹਾਲੀ ਦਾ ਪਸਾਰਾ ਹੋਇਆ, ਜਿਸ ਵਿੱਚ ਕਈ ਪੱਖ ਸਹਾਈ ਹੋਏ ਜਿਵੇਂ ਕਿ ਸਿੰਚਾਈ ਖੇਤਰ ਦਾ ਵਾਧਾ, ਸਰਕਾਰ ਵਲੋਂ ਖੇਤੀਬਾੜੀ ਕਰਜ਼ਾ ਦਿੱਤਾ ਜਾਣਾ ਅਤੇ ਖੇਤੀ ਦਾ ਮਸ਼ੀਨੀਕਰਣ ਆਦਿ । ਉਨ੍ਹਾਂ ਦੱਸਿਆ ਕਿ ਕਣਕ ਅਤੇ ਝੋਨੇ ਦੀ ਉਤਪਾਦਕਤਾ ਦੇ ਸਬੰਧ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਹੈ ਅਤੇ ਕੌਮੀ ਬਫਰ ਸਟਾਕ ਵਿੱਚ ਪੰਜਾਬ ਦਾ ਸਭ ਤੋਂ ਵੱਧ ਯੋਗਦਾਨ ਹੈ । ਇਸ ਦੇ ਨਾਲ ਹੀ ਉਨ੍ਹਾਂ ਵਲੋਂ ਰਸਾਇਣਾਂ ਦੇ ਲੋੜੋਂ ਵੱਧ ਇਸਤੇਮਾਲ ਕਾਰਨ ਜਮੀਨਾਂ ਅਤੇ ਫਸਲਾਂ ਦੀ ਨਿੱਘਰਦੀ ਹਾਲਤ ਬਾਰੇ ਵੀ ਵਫਦ ਨੂੰ ਜਾਣੂ ਕਰਵਾਇਆ।ਇਸ ਮੌਕੇ ਜਰਮਨ ਸੰਸਦ ਦੀ ਮੈਂਬਰ ਮੈਕਥਿਲਡ ਹੇਲ, ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਕਮਿਸ਼ਨਰ ਬਲਵਿੰਦਰ ਸਿੰਘ ਸਿੱਧੂ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਮੰਗਲ ਸਿੰਘ ਸੰਧੂ, ਪੰਜਾਬ ਬਾਗਵਾਨੀ ਵਿਭਾਗ ਦੇ ਡਾਇਰੈਕਟਰ ਗੁਰਕੰਵਲ ਸਿੰਘ, ਬੀਜ ਪ੍ਰਮਾਣੀਕਰਨ ਅਥਾਰਟੀ ਪੰਜਾਬ ਦੇ ਡਾਇਰੈਕਟਰ ਰਣਜੀਤ ਸਿੰਘ, ਪੰਜਾਬ ਐਗਰੋ ਇੰਡਸਟ੍ਰੀਜ਼ ਕਾਰਪੋਰੇਸ਼ਨ ਦੇ ਐਮ.ਡੀ., ਕੇ.ਐਸ. ਪੰਨੂ, ਫਾਰਮਰਜ਼ ਕਮਿਸ਼ਨ ਦੇ ਚੇਅਰਮੈਨ ਜੀ.ਐਸ.ਕਾਲਕਟ, ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ, ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਐਮ.ਡੀ. ਅਰਵਿੰਦਰ ਸਿੰਘ ਬੈਂਸ ਅਤੇ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਵਧੀਕ ਐਮ.ਡੀ. ਹਰਸ਼ੁਹਿੰਦਰਪਾਲ ਸਿੰਘ ਵੀ ਮੌਜੂਦ ਸਨ।