ਮੋਹਾਲੀ ਪੁਲਿਸ ਨੇ ਅੰਨੇ ਕਤਲ ਕੇਸ ਦੀ ਗੁੱਥੀ ਸੁਲਝਾ ਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸ਼ਲ ਕੀਤੀ : ਭੁੱਲਰ
ਪੈਸਿਆ ਦੀ ਵੰਡ ਨੂੰ ਲੈ ਕੇ ਕੀਤਾ ਸੀ ਕਤਲ ਘੱਟ ਪੈਸਿਆਂ 'ਚ ਡਾਲਰ ਦੇਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਮਾਰਦੇ ਸਨ ਠੱਗੀਆਂ
5 Dariya News
ਐਸ.ਏ.ਐਸ.ਨਗਰ 09-Feb-2015
ਮੋਹਾਲੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸ਼ਲ ਹੋਈ ਜਦੋਂ ਇੱਕ ਅੰਨੇ ਕਤਲ ਕੇਸ ਦੀ ਗੁੱਥੀ ਸੁਲਝਾ ਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਗੱਲ ਦਾ ਖੁਲਾਸਾ ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਆਪਣੇ ਦਫ਼ਤਰ ਵਿਖੇ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।ਸ੍ਰੀ ਭੁੱਲਰ ਨੇ ਦੱਸਿਆ ਕਿ ਥਾਣਾ ਮਟੋਰ ਵਿਖੇ ਜਸਪਾਲ ਸਿੰਘ ਪੁੱਤਰ ਬਚਨ ਸਿੰਘ ਪਿੰਡ ਮਟੌਰ ਦੇ ਬਿਆਨ ਤੇ ਨਾ -ਮਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਇਸ ਅੰਨੇ ਕਤਲ ਕੇਸ ਦੀ ਤਫਤੀਸ਼ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਚਰਨ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਅਤੇ ਥਾਣੇਦਾਰ ਰਾਜੀਵ ਕੁਮਾਰ ਮੁੱਖ ਅਫਸਰ ਥਾਣਾ ਮਟੌਰ ਵੱਲੋਂ ਸਾਂਝੇ ਤੌਰ ਤੇਅਮਲ ਵਿੱਚ ਲਿਆਂਦੀ ਗਈ ਸੀ ਅਤੇ ਇਸ ਅੰਨੇ ਕਤਲ ਕੇਸ ਨੂੰ ਟਰੇਸ ਕਰਕੇ 03 ਦੋਸ਼ੀ ਮਹਿਰਾਜ ਸ਼ੇਖ ਉਮਰ ਕਰੀਬ 28 ਸਾਲ ਪੁੱਤਰ ਸ਼ਾਹ ਆਲਮ ਸ਼ੇਖ ਵਾਸੀ ਅਲੀਗੜ੍ਹ ਯੂ.ਪੀ. , ਰਹੀਮ ਸ਼ੇਖ ਉਮਰ ਕਰੀਬ 22 ਸਾਲ ਪੁੱਤਰ ਸ਼ਾਹ ਆਲਮ ਸ਼ੇਖ ਵਾਸੀ ਅਲੀਗੜ੍ਹ ਯੂ.ਪੀ., ਸ਼ਕੀਲ ਖਾਨ ਉਮਰ ਕਰੀਬ 23 ਸਾਲ ਪੁੱਤਰ ਅਕਬਰ ਅਲੀ ਵਾਸੀ ਨਰਗੰਜ ਜਿਲਾ ਦਿਨਾਸਪੁਰ ਯੂ.ਪੀ. ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੋਸ਼ੀਆਂ ਦਾ ਪਿਛੋਕੜ ਬੰਗਲਾ ਦੇਸ਼ ਦਾ ਹੈ। ਇਹਨਾਂ ਦੇ ਬਜੁਰਗ ਬੰਗਲਾ ਦੇਸ਼ ਤੋਂ ਆ ਕੇ ਯੂ.ਪੀ.ਵਿਖੇ ਵਸ ਗਏ ਸੀ ਅਤੇ ਮੀਟ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਸੀ। ਹੁਣ ਇਹ ਦੋਸ਼ੀ ਕਰੀਬ 3 ਕੁ ਸਾਲ ਪਹਿਲਾਂ ਤੋਂ ਪੰਜਾਬ ਵਿੱਚ ਆ ਗਏ ਸੀ ਅਤੇ ਇਹਨਾਂ ਨੇ ਸੌਖੇ ਤਰੀਕੇ ਪੈਸਾ ਕਮਾਉਣ ਦੇ ਲਾਲਚ ਵਿੱਚ ਆ ਕੇ ਭੋਲੇ -ਭਾਲੇ ਲੋਕਾਂ ਨਾਲ ਪੈਸੇ ਲੈ ਕੇ ਡਾਲਰ ਦੇ ਕੇ ਠੱਗੀਆਂ ਮਾਰਨ ਦਾ ਧੰਦਾ ਸ਼ੁਰੂ ਕਰ ਰੱਖਿਆ ਸੀ। ਇਹ ਭੋਲੇ-ਭਾਲੇ ਵਿਅਕਤੀ ਨੂੰ ਦੇਖ ਕੇ ਉਸ ਨੂੰ ਡਾਲਰ ਦਿਖਾ ਦਿੰਦੇ ਸੀ ਅਤੇ ਕਹਿਦੇ ਸੀ ਕਿ ਇਹਨਾਂ ਨੂੰ ਕੁਝ ਪੈਸਿਆ ਦੀ ਜਰੂਰਤ ਹੈ, ਜੇਕਰ ਉਸ ਨੇ ਡਾਲਰ ਲੈਣਾ ਹੈ ਤਾਂ ਘੱਟ ਕੀਮਤ ਦੇ ਦਿੱਤਾ ਜਾਵੇਗਾ, ਇਸ ਤਰ੍ਹਾਂ ਲੋਕ ਲਾਲਚ ਵਿੱਚ ਆ ਕੇ ਘੱਟ ਪੈਸਿਆ ਵਿੱਚ ਡਾਲਰ ਲੈ ਲੈਂਦੇ ਸੀ ਅਤੇ ਦੋਸ਼ੀ ਉਸ ਨੂੰ ਲਾਲਚ ਦੇ ਦਿੰਦੇ ਸੀ ਕਿ ਉਹਨਾਂ ਕੋਲ ਹੋਰ ਵੀ ਡਾਲਰ ਪਏ ਹਨ, ਇਸ ਤਰ੍ਹਾਂ ਵਿਅਕਤੀ ਲਾਲਚ ਵਿੱਚ ਆ ਜਾਂਦਾ ਸੀ ਅਤੇ ਇਹਨਾਂ ਤੋਂ ਹੋਰ ਡਾਲਰ ਮੰਗਵਾ ਲੈਂਦਾ ਸੀ ਅਤੇ ਇਹ ਦੋਸ਼ੀ ਉਪਰ 2/4 ਅਸਲ ਡਾਲਰ ਰੱਖ ਕੇ ਹੇਠਾਂ ਅਖਬਾਰਾਂ ਨੂੰ ਫੋਲਡ ਕਰਕੇ ਰੱਖ ਲੈਂਦੇ ਸੀ ਅਤੇ ਗ੍ਰਾਹਕ ਪਾਸੋਂ ਮਿਥੀ ਗਈ ਰਕਮ ਮੁਤਾਬਿਕ ਪੈਸੇ ਲੈ ਕੇ ਉਸ ਨੂੰ ਡਾਲਰ ਜਿਨ੍ਹਾਂ ਹੇਠਾਂ ਅਖਬਾਰਾਂ ਫੋਲਡ ਕਰਕੇ ਰੱਖੀਆਂ ਹੁੰਦੀਆਂ ਸਨ, ਜਲਦੀ ਵਿੱਚ ਫੜਾ ਕੇ ਮੌਕਾ ਤੋਂ ਫਰਾਰ ਹੋ ਜਾਂਦੇ ਸੀ ਅਤੇ ਬਾਅਦ ਵਿੱਚ ਪੈਸੇ ਆਪਸ ਵਿੱਚ ਵੰਡ ਲੈਂਦੇ ਸਨ ਅਤੇ ਕੁਝ ਦਿਨਾਂ ਬਾਅਦ ਆਪਣਾ ਅੱਡਾ ਬਦਲ ਲੈਂਦੇ ਸਨ। ਇਸ ਤਰ੍ਹਾਂ ਕਰਕੇ ਇਹਨਾਂ ਦੋਸ਼ੀਆਂ ਨੇ ਦਿੱਲੀ, ਲੁਧਿਆਣਾ ਅਤੇ ਜਲੰਧਰ ਵਿਖੇ ਲੋਕਾਂ ਨਾਲ ਕਾਫੀ ਠੱਗੀਆਂ ਮਾਰੀਆਂ ਸਨ।
ਇਹਨਾਂ ਦੋਸ਼ੀਆਂ ਨੇ ਦਸਬੰਰ,2014 ਵਿੱਚ ਮਟੌਰ ਵਿਖੇ ਆ ਕੇ ਕਮਰੇ ਕਿਰਾਏ ਪਰ ਲੈ ਲਏ ਸਨ ਅਤੇ ਆਪਣੇ ਆਪ ਨੂੰ ਇਹ ਪੈੱਨ ਡਰਾਇਵ ਅਤੇ ਮੈਮਰੀ ਕਾਰਡ ਵੇਚਣ ਦਾ ਧੰਦਾ ਕਰਦੇ ਦੱਸਦੇ ਸੀ, ਇਹਨਾਂ ਦੇ ਨਾਲ ਦੇ ਇੱਕ ਵਿਅਕਤੀ ਸਾਜੀ ਲਾਲ ਉਮਰ ਕਰੀਬ 28 ਸਾਲ ਪੁੱਤਰ ਅਨਵਰ ਮੁਲਾ ਵਾਸੀ ਜਮਾਏਪੁਰ (ਯੂ.ਪੀ.) ਨੇ ਕੁਝ ਦਿਨ ਬਾਅਦ ਮਕਾਨ ਦੀ ਉਪਰਲੀ ਮੰਜਿਲ ਪਰ ਕਮਰਾ ਕਿਰਾਏ ਪਰ ਲੈ ਲਿਆ ਸੀ, ਇਹਨਾਂ ਦੀ ਆਪਸ ਵਿੱਚ ਪੈਸਿਆ ਦੀ ਵੰਡ ਨੂੰ ਲੈ ਕੇ ਅਣ-ਬਣ ਹੋ ਗਈ ਸੀ, ਜਿਸ ਦੇ ਚਲਦਿਆ ਇਹਨਾਂ ਉਕੱਤ ਦੋਸ਼ੀਆਂ ਨੇ ਹਮ-ਮਸ਼ਵਰਾ ਹੋ ਕੇ ਮਿਤੀ 05.01.2015 ਨੂੰ ਰਾਤ ਸਮੇਂ ਸਾਜੀ ਲਾਲ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ ਅਤੇ ਕਤਲ ਕਰਨ ਉਪੰਰਤ ਲਾਸ਼ ਪਰ ਰਜਾਈਆਂ ਸੁੱਟ ਦਿੱਤੀਆਂ ਸਨ, ਕਿ ਜਲਦੀ ਕਿਸੇ ਨੂੰ ਪਤਾ ਨਾ ਲੱਗ ਸਕੇ ਅਤੇ ਉਸ ਦੀ ਘਰਵਾਲੀ ਸੱਲਿਆ ਨੂੰ ਝੂਠ ਬੋਲ ਕੇ ਡਰਾ ਦਿੱਤਾ ਕਿ ਪੁਲਿਸ ਦੀ ਰੇਡ ਪੈ ਗਈ ਹੈ ਅਤੇ ਉਸ ਨੂੰ ਵੀ ਨਾਲ ਲੈ ਕੇ ਫਰਾਰ ਹੋ ਗਏ ਸੀ। ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐਸ.ਪੀ (ਸਿਟੀ) ਸ੍ਰੀ ਅਸ਼ੀਸ ਕੁਮਾਰ, ਇੰਚਾਰਜ ਸੀ.ਆਈ.ਏ ਸ੍ਰੀ ਗੁਰਚਰਨ ਸਿੰਘ ਅਤੇ ਮੁੱਖ ਥਾਣਾ ਅਫ਼ਸਰ ਸ੍ਰੀ ਰਾਜੀਵ ਕੁਮਾਰ ਵੀ ਮੌਜੂਦ ਸਨ।