5 Dariya News

ਮਜੀਠੀਆ ਨੂੰ ਕਲੀਨ ਚਿੱਟ ਦੇਣ ਨਾਲ ਕਾਂਗਰਸ ਦੀ ਸਾਜਿਸ਼ ਹੋਈ ਬੇਨਕਾਬ: ਵਿਰਸਾ ਸਿੰਘ ਵਲਟੋਹਾ

ਹਰ ਜਾਂਚ ਵਿੱਚ ਮਜੀਠੀਆ ਸਫਲ ਹੋ ਕੇ ਨਿਕਲੇ

5 Dariya News

ਚੰਡੀਗੜ੍ਹ 05-Feb-2015

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਦੇਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਕਾਂਗਰਸ ਵੱਲੋਂ ਰਚੀ ਇਕ ਹੋਰ ਸਾਜਿਸ਼ ਬੇਨਕਾਬ ਹੋ ਗਈ ਹੈ।ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਸ. ਵਲਟੋਹਾ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਗੱਲ ਤੋਂ ਭਲੀ ਭਾਂਤ ਜਾਣੂੰ ਸਨ ਕਿ ਸ. ਮਜੀਠੀਆ ਬੇਕਸੂਰ ਹਨ ਪਰ ਕਾਂਗਰਸ ਵੱਲੋਂ ਵਾਰ-ਵਾਰ ਝੂਠ ਬੋਲ ਕੇ ਇਸ ਨੂੰ ਸੱਚ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਸਫਲ ਨਹੀਂ ਰਹੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਖੁਦ ਸ. ਮਜੀਠੀਆ ਹਰ ਵਾਰ ਹਿੱਕ ਤਾਣ ਕੇ ਇਹੋ ਗੱਲ ਕਹਿੰਦੇ ਸਨ ਕਿ ਉਹ ਬੇਕਸੂਰ ਹਨ ਅਤੇ ਹਰ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹਨ। ਈ.ਡੀ. ਵੱਲੋਂ ਕਲੀਨ ਚਿੱਟ ਦੇਣ ਦੀਆਂ ਰਿਪੋਰਟਾਂ ਨੇ ਆਖਰ ਸੱਚਾਈ ਸਾਹਮਣੇ ਲੈ ਆਂਦੀ ਹੈ।ਸ. ਵਲਟੋਹਾ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਵਿਰੋਧੀਆਂ ਵੱਲੋਂ ਗੰਦੀ ਤੇ ਹੋਛੀ ਰਾਜਨੀਤੀ ਕਰਦਿਆਂ ਜਿੱਥੇ ਸ. ਮਜੀਠੀਆ ਨੂੰ ਬਦਨਾਮ ਕੀਤਾ ਗਿਆ ਉਥੇ ਪੰਜਾਬੀਆਂ ਨੂੰ ਵੀ ਬਦਨਾਮ ਕਰਨ ਦੀ ਕੋਝੀ ਚਾਲ ਚੱਲੀ। ਉਨ੍ਹਾਂ ਕਿਹਾ ਕਿ ਸ. ਮਜੀਠੀਆ ਹਰ ਜਾਂਚ ਵਿੱਚੋਂ ਸਫਲ ਹੋ ਕੇ ਨਿਕਲੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਰੂਪੀ ਲੋਕਾਂ ਦੀ ਕਚਹਿਰੀ ਵਿੱਚੋਂ ਸ. ਮਜੀਠੀਆ ਪਹਿਲਾਂ ਪਾਸ ਹੋਏ ਅਤੇ ਫੇਰ ਮਾਨਯੋਗ ਹਾਈ ਕੋਰਟ ਨੇ ਕਾਂਗਰਸ ਦੀ ਪਟੀਸ਼ਨ ਖਾਰਚ ਕਰ ਕੇ ਸ. ਮਜੀਠੀਆ ਨੂੰ ਕਲੀਨ ਚਿੱਟ ਦਿੱਤੀ ਅਤੇ ਹੁਣ ਈ.ਡੀ. ਨੇ ਕਲੀਨ ਚਿੱਟ ਦੇ ਕੇ ਸਿੱਧ ਕਰ ਦਿੱਤਾ ਹੈ ਕਿ ਕਾਂਗਰਸ ਵੱਲੋਂ ਸਾਰੇ ਦੋਸ਼ ਝੂਠ ਹਨ।