5 Dariya News

ਦੋ ਮਹੀਨਿਆਂ 'ਚ ਸ਼ੁਰੂ ਹੋਵੇਗਾ ਰਾਜ ਦੇ ਪਹਿਲੇ ਪੀਜੀਆਈ ਸੈਟੇਲਾਈਟ ਸੈਂਟਰ ਤੇ ਕੰਮ- ਕਮਲ ਸ਼ਰਮਾ

ਕੇਂਦਰੀ ਸਿਹਤ ਮੰਤਰੀ ਨੱਡਾ ਫਿਰੋਜਪੁਰ 'ਚ ਰਖਣਗੇ ਨੀਂਹ ਪੱਥਰ

5 Dariya News

ਚੰਡੀਗੜ੍ਹ 30-Jan-2015

ਪੰਜਾਬ ਦੇ ਲੋਕਾਂ ਨੂੰ ਉੱਚ ਕੁਆਲਿਟੀ ਅਤੇ ਅਧੁਨਿਕ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੇਂਦ੍ਰ ਸਰਕਾਰ ਪੰਜਾਬ ਅੰਦਰ 100 ਬਿਸਤਰਿਆਂ ਦਾ ਪਹਿਲਾ ਪੀਜੀਆਈ ਸੈਟੇਲਾਈਟ ਸੈਂਟਰ ਖੋਲ੍ਹਣ ਜਾ ਰਹੀ ਹੈ ਅਤੇ ਦੋ ਮਹੀਨਿਆਂ ਵਿਚ ਇਸ ਪ੍ਰੋਜੇਕਟ ਤੇ ਕੰਮ ਸ਼ੁਰੂ ਹੋ ਜਾਵੇਗਾ। ਫਿਰੋਜਪੁਰ ਵਿਚ ਖੁਲਣ ਜਾ ਰਹੇ ਇਸ ਸੈਂਟਰ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਕੇਂਦ੍ਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਦੋ ਮਹੀਨਿਆਂ ਅੰਦਰ ਇਸ ਦਾ ਨੀਂਹ ਪੱਥਰ ਰਖਣ ਦਾ ਭਰੋਸਾ ਦਿੱਤਾ।ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਕਿ ਕੇਂਦ੍ਰ ਵਿਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦ੍ਰ ਮੋਦੀ ਦੀ ਸਰਕਾਰ ਗਠਨ ਹੋਨ ਦੇ ਕੁਝ ਸਮੇਂ ਬਾਅਦ ਹੀ ਸਰਕਾਰ ਨੇ ਇਸ ਪ੍ਰੋਜੇਕਟ ਨੂੰ ਮੰਜੂਰੀ ਦਿੱਤੀ ਸੀ। ਰਾਜ ਸਰਕਾਰ ਇਸ ਪ੍ਰੋਜੇਕਟ ਲਈ ਜਮੀਨ ਵੀ ਅਲਾਟ ਕਰ ਚੁਕੀ ਹੈ। ਉਨ੍ਹਾਂ ਦੱਸਿਆ ਕਿ 100 ਬਿਸਤਰਿਆਂ ਵਾਲਾ ਇਹ ਪੀਜੀਆਈ ਸੈਟੇਲਾਈਟ ਸੈਂਟਰ ਅਧੁਨਿਕ ਸੁਵਿਧਾਵਾਂ ਅਤੇ ਨਵੀਂ ਤਕਨੋਲੋਜੀ ਵਾਲਾ ਹੋਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸੈਂਟਰ ਦੇ ਖੁਲਣ ਨਾਲ ਪੰਜਾਬ ਦੇ ਮਾਲਵਾ ਇਲਾਕੇ ਦੇ ਲੋਕਾਂ ਨੂੰ ਉੱਚ ਪੱਧਰ ਦੀ ਸਿਹਤ ਮੁਹੱਈਆ ਹੋ ਜਾਣਗੀਆਂ। ਮੌਜੂਦਾ ਸਮੇਂ 'ਚ ਇਸ ਇਲਾਕੇ ਦੇ ਲੋਕਾਂ ਨੂੰ ਚੰਗੀ ਸਿਹਤ ਸੇਵਾਵਾਂ ਲਈ ਚੰਡੀਗੜ੍ਹ, ਲੁਧਿਆਣਾ, ਜਲੰਧਰ ਵਰਗੇ ਦੂਰ-ਦੁਰਾਡੇ ਦੇ ਸ਼ਹਿਰਾਂ 'ਚ ਜਾਣਾ ਪੈਂਦਾ ਹੈ ਪਰੰਤੂ ਫਿਰੋਜਪੁਰ ਅੰਦਰ ਇਸ ਤਰ੍ਹਾਂ ਦਾ ਸੈਂਟਰ ਖੁਲਣ ਨਾਲ ਉਨ੍ਹਾਂ ਨੂੰ ਨੇੜਲੇ ਇਲਾਕੇ ਵਿਚ ਹੀ ਇਹ ਸੇਵਾ ਉਪਲਬਧ ਹੋ ਜਾਵੇਗੀ।

ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਇਸ ਪ੍ਰੋਜੇਕਟ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦ੍ਰ ਮੋਦੀ, ਕੇਂਦ੍ਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਸਰਹੱਦੀ ਰਾਜ ਦੇ ਲੋਕਾਂ ਦੀਆਂ ਸਿਹਤ ਸੰਬੰਧੀ ਜਰੂਰਤਾਂ ਨੂੰ ਸਮਝਿਆ ਅਤੇ ਸਰਕਾਰ ਦੇ ਗਠਨ ਦੇ ਕੇਵਲ ਇਕ ਸਾਲ ਦੇ ਅੰਦਰ ਹੀ ਇਕ ਵੱਡਾ ਪ੍ਰੋਜੇਕਟ ਪੰਜਾਬ ਦੇ ਲੋਕਾਂ ਨੂੰ ਦਿੱਤਾ ਹੈ।