5 Dariya News

ਪੰਜਾਬ ਵੱਲੋਂ ਕੇਰਲਾ ਨੂੰ ਸਿੱਧਾ ਅਨਾਜ ਸਪਲਾਈ ਕਰਨ ਦੀ ਪੇਸ਼ਕਸ਼

ਦੋਵੇਂ ਰਾਜ ਇਕ ਦੂਜੇ ਦੀ ਭੋਜਨ ਲੋੜ ਮੁਤਾਬਕ ਸਾਂਝੀ ਰਣਨੀਤੀ ਉਲੀਕਣ

5 Dariya News

ਚੰਡੀਗੜ੍ਹ 29-Jan-2015

ਪੰਜਾਬ ਸਰਕਾਰ ਵੱਲੋਂ ਅੱਜ ਕੇਰਲਾ ਸਰਕਾਰ ਦੀ ਲੋੜ ਦੇ ਮੁਤਾਬਕ ਕਣਕ ਤੇ ਚਾਵਲ ਸਮੇਤ ਹੋਰ ਅਨਾਜ ਦੀ ਸਿੱਧੀ ਸਪਲਾਈ ਕਰਨ ਸਬੰਧੀ ਪੇਸ਼ਕਸ਼ ਕੀਤੀ ਗਈ ਹੈ। ਹੁਣ ਐਫ.ਸੀ.ਆਈ ਨੂੰ ਇਸ ਸਾਰੇ ਲੈਣ ਦੇਣ ਤੋਂ ਬਾਹਰ ਰੱਖਿਆ ਜਾਵੇਗਾ। ਕੇਰਲ ਸਰਕਾਰ ਦੇ ਖੁਰਾਕ ਮੰਤਰੀ ਅਨੂਪ ਜੈਕਬ ਦੀ ਅਗਵਾਈ ਹੇਠ ਇੱਕ ਵਫਦ ਵੱਲੋਂ ਪੰਜਾਬ ਦੇ ਖੁਰਾਕ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਦੀ ਅਗਵਾਈ ਹੇਠਲੇ ਵਫਦ ਨਾਲ ਵਿਸਥਾਰ ਵਿੱਚ ਮੀਟਿੰਗ ਕਰਕੇ ਉਨ੍ਹਾਂ ਖੇਤਰਾਂ ਦੀ ਪਛਾਣ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਜਿਥੇ ਦੋਨੋ ਰਾਜ ਮਿਲ ਕੇ ਕੰਮ ਕਰ ਸਕਦੇ ਹਨ ਅਤੇ ਇੱਕ ਦੂਜੇ ਦੀ ਭੋਜਨ ਦੀ ਲੋੜ ਨੂੰ ਪੂਰਾ ਕਰਨ ਲਈ ਅਨੁਕੂਲ ਹੱਲ ਲੱਭ ਸਕਦੇ ਹਨ। ਕੈਰੋ ਨੇ ਵਿਸਤਰਿਤ ਪੇਸ਼ਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਖਰੀਦ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਦਾਂ ਜਾਦਾ ਹੈ ਜਿਸ ਵਿੱਚ 210 ਲੱਖ ਮੀਟਰਕ ਟਨ ਅਨਾਜ ਦੀ ਖਰੀਦ ਕਰਕੇ ਕੇਂਦਰ ਦੇ ਅਨਾਜ ਭੰਡਾਰ ਵਿੱਚ ਪਾਇਆ ਜਾਂਦਾ ਹੈ ਜਿਸ ਨਾਲ 35 ਕਰੋੜ ਦੀ ਆਬਾਦੀ ਨੂੰ ਭੋਜਨ ਦਿੱਤਾ ਜਾਂਦਾ ਹੈ ਜਿਹੜਾ ਕਿ ਦੇਸ਼ ਦੇ 44 ਫੀਸਦੀ ਭੋਜਨ ਦੀ ਲੋੜ ਨੂੰ ਪੂਰਾ ਕਰਦਾ ਹੈ।  ਨਾਲ ਹੀ ਉਨ੍ਹਾ ਦੱਸਿਆ ਕਿ ਕਿਹੜੇ ਢੰਗਾਂ ਨਾਲ ਪੰਜਾਬ ਵਿੱਚ ਆਨਲਾਈਨ ਪੋਰਟਲ ਤਿਆਰ ਕੀਤਾ ਗਿਆ ਹੈ ਜਿਹੜਾ ਕਿ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਫਸਲ ਦੀ ਸਿੱਧੀ ਅਦਾਇਗੀ ਕਰਦਾ ਹੈ ਅਤੇ ਮੰਡੀ ਵਿੱਚ ਫਸਲ ਆਉਣ ਤੋਂ ਬਾਅਦ 72 ਘੰਟਿਆਂ ਅੰਦਰ ਫਸਲ ਦੀ ਖਰੀਦ ਦਾ ਪੂਰਾ ਭੁਗਤਾਨ ਹੋ ਜਾਂਦਾ ਹੈ ਅਤੇ ਪਿਛਲੇ ਝੋਨੇ ਦੀ ਖਰੀਦ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਇਸੇ ਆਨ ਲਾਈਨ ਪੋਰਟਲ ਰਾਹੀਂ 1800 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 40 ਕਿਲੋ ਦੀ ਪੈਕਿੰਗ ਦਾ ਕੀਤਾ ਗਿਆ ਤਜਰਬਾ ਕਾਫੀ ਸਫਲ ਰਿਹਾ ਹੈ ਅਤੇ ਇਸ ਦੀ ਭਾਰਤੀ ਖੁਰਾਕ ਨਿਗਮ ਵੱਲੋਂ ਵੀ ਸ਼ਲਾਘਾ ਕੀਤੀ ਗਈ ਹੈ।

ਕੇਰਲਾ ਨੂੰ ਅਨਾਜ ਦੀ ਸਿੱਧੀ ਸਪਲਾਈ ਮੁਹੱਈਆ ਕਰਨ ਦੀ ਪੇਸ਼ਕਸ਼ ਕਰਦਿਆਂ ਸ. ਕੈਰੋਂ ਨੇ ਕਿਹਾ ਕਿ ਪੰਜਾਬ ਕਣਕ ਅਤੇ ਚਾਵਲ ਦੀ ਸਿੱਧੀ ਸਪਲਾਈ ਕਰ ਸਕਦਾ ਹੈ ਦੇਸ਼ ਦੇ ਦੱਖਣ ਭਾਗ ਵਿੱਚ ਸਭ ਤੋਂ ਦੂਰ ਦੇ ਇਸ ਰਾਜ ਵਿੱਚ ਸਪਲਾਈ ਕਰਨ ਲਈ ਕੇਰਲ ਨੂੰ ਐਫ.ਸੀ.ਆਈ ਦੀ ਲੋੜ ਨਹੀਂ ਪਵੇਗੀ ਅਤੇ ਕੇਰਲਾ ਦੀਆਂ ਜ਼ਰੂਰਤਾਂ ਮੁਤਾਬਕ ਸਪਲਾਈ ਕੀਤੀ ਜਾਵੇਗੀ। ਸ਼੍ਰੀ ਅਨੂਪ ਜੈਕਬ ਨੇ ਦੱਸਿਆ ਕਿ ਕੇਰਲਾ ਪੰਜਾਬ ਤੋਂ 40 ਕਿਲੋ ਦੀ ਪੈਕਿੰਗ ਵਿੱਚ ਅਨਾਜ ਲੈਣਾ ਪਸੰਦ ਕਰੇਗਾ। ਪੰਜਾਬ ਸਰਕਾਰ ਦਾ ਇੱਕ ਵਫਦ ਛੇਤੀ ਹੀ ਕੇਰਲਾ ਦਾ ਦੌਰਾ ਕਰੇਗਾ ਅਤੇ ਇਸ ਸਾਰੀ ਪ੍ਰਣਾਲੀ 'ਤੇ ਕੰਮ ਕਰੇਗਾ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਪੀ.ਡੀ.ਐਸ ਸਿਸਟਮ ਦੀ ਸ਼ਲਾਘਾ ਕਰਦਿਆ ਹੋਇਆ ਉਨ੍ਹਾਂ ਕਿਹਾ ਕਿ ਇਸ ਸਿਸਟਮ ਰਾਹੀਂ ਛੇ ਮਹੀਨੇ ਦਾ ਜਾਂ ਲਾਭ ਪਾਤਰੀਆਂ ਨੂੰ ਉੱਕਾ ਪੁੱਕਾ ਕੋਟਾ ਦੇਣ ਦੀ ਵਿਵਸਥਾ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਕੇਰਲਾ ਵੀ ਇਸੇ ਮਾਡਲ 'ਤੇ ਕੰਮ ਕਰੇਗਾ ਅਤੇ ਆਪਣੇ ਰਾਜ ਵਿੱਚ ਖੁਰਾਕ ਸੁਰੱਖਿਆ ਐਕਟ ਨੂੰ ਲਾਗੂ ਕਰੇਗਾ।  ਉਨ੍ਹਾਂ ਨੇ ਖੁਰਾਕ ਸੁਰੱਖਿਆ ਐਕਟ ਨੂੰ ਲਾਗੂ ਕਰਨ ਵਿੱਚ ਮੋਹਰੀ ਰਾਜ ਬਣਨ 'ਤੇ ਪੰਜਾਬ ਦੀ ਸ਼ਲਾਘਾ ਕੀਤੀ।ਕੇਰਲ ਦੇ ਮੰਤਰੀ ਨੇ ਪੰਜਾਬ ਦੀ ਨਿਵੇਕਲੀ ਆਟਾ ਦਾਲ ਯੋਜਨਾ ਦੀ ਸ਼ਲਾਘਾ ਵੀ ਕੀਤੀ ਹੈ ਜਿਸ ਰਾਹੀਂ ਹਰ ਮਹੀਨੇ 30 ਲੱਖ ਪਰਿਵਾਰ ਨੂੰ ਸਬਸਿਡੀ ਵਾਲਾ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਵਫਦ ਨੂੰ ਜਾਣਕਾਰੀ ਦਿੰਦਿਆਂ ਖੁਰਾਕ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਜੀ. ਵਜਰਾਲਿੰਗਮ ਨੇ ਕਿਹਾ ਕਿ ਕੌਮੀ ਖੁਰਾਕ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਵਾਲਾ ਪੰਜਾਬ ਪਹਿਲਾ ਰਾਜ ਸੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਨੇ 115 ਤੋਂ 125 ਲੱਖ ਟਨ ਦੀ ਖਰੀਦ ਪਿਛਲੇ ਖਰੀਦ ਸੀਜ਼ਨ ਵਿੱਚ ਕੀਤੀ ਹੈ ਇਹ ਖਰੀਦ 1800 ਵੱਖ ਵੱਖ ਥਾਵਾਂ 'ਤੇ ਕੀਤੀ ਗਈ ਹੈ। ਉਨ੍ਹਾਂ ਨੇ ਸਾਰੇ ਖਰੀਦ ਪ੍ਰਣਾਲੀ ਦਾ ਕੰਪਿਊਟਰੀਕਰਨ ਕੀਤਾ ਗਿਆ ਹੈ ਅਤੇ ਰਾਜ ਸਰਕਾਰ ਨੇ ਪਹਿਲਾਂ ਹੀ ਆਪਣੇ ਸਾਰੇ ਡਿਪਟੀ ਕਮਿਸ਼ਨਰਾਂ ਰਾਹੀਂ ਦਸੰਬਰ 2013 ਵਿੱਚ ਇੱਕ ਸਰਵੇ ਕਰਵਾ ਕੇ ਐਨ.ਐਫ.ਐਸ.ਏ ਦੇ ਲਾਭਪਾਤਰੀਆਂ ਦੀ ਜਾਂਚ ਕਰਵਾ ਲਈ ਹੈ। ਕੇਰਲਾ ਤੋਂ ਆਏ ਵਫਦ ਵਿੱਚ ਵਿਧਾਇਕ ਲੂਡੀ ਲੁਈਜ਼, ਆਰ. ਸੇਲਵਾਰਾਜ, ਵੀ.ਐਮ. ਉਮਰ ਮਾਸਟਰ ਅਤੇ ਰਾਜ ਦੇ ਹੋਰ ਸੀਨੀਅਰ ਅਧਿਕਾਰੀਆਂ ਵਿੱਚ ਸ਼੍ਰੀ ਸੁਰੇਂਦਰਨ ਨਾਇਰ, ਸ਼੍ਰੀ ਡੀ. ਕ੍ਰਿਸ਼ਨਨ ਕੁਟੀ, ਸ਼੍ਰੀ ਨੰਦਾ ਕੁਮਾਰ ਆਰ., ਸੁਸ਼੍ਰੀ ਸੈਬੀ ਕੁਟੀ ਸਕੇਰੀਆ ਅਤੇ ਸ਼੍ਰੀ ਪ੍ਰਦੀਪ ਸ਼ਾਮਲ ਹਨ।