5 Dariya News

ਪੰਜਾਬ ਦੀ ਸੱਤਾ ਦੇ ਅਪਰਾਧੀਕਰਨ ਖਿਲਾਫ ਖੰਨਾ ਨੇ ਦਿੱਤੀ ਚੇਤਾਵਨੀ

5 ਦਰਿਆ ਨਿਊਜ਼

ਚੰਡੀਗੜ੍ਹ 07-Dec-2012

ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਧੂਰੀ ਤੋਂ ਐਮ.ਐਲ.ਏ ਅਰਵਿੰਦ ਖੰਨਾ ਨੇ ਕਿਹਾ ਹੈ ਕਿ ਆਪਣੀ ਲੜਕੀ ਨੂੰ ਪ੍ਰੇਸ਼ਾਨ ਕੀਤੇ ਜਾਣ ਦਾ ਵਿਰੋਧ ਕਰਨ ਵਾਲੇ ਇਕ ਪੁਲਿਸ ਅਫਸਰ ਦੀ ਹੱਤਿਆ ਕਰਨ ਦੇ ਦੋਸ਼ੀਆਂ ਨੂੰ ਸਖਤ ਸਜਾ ਦਿੱਤੇ ਜਾਣੀ ਚਾਹੀਦੀ ਹੈ। ਇਸ ਮਾਮਲੇ ਨੂੰ ਪਾਰਟੀ ਲਾਈਨਾਂ ਤੋਂ ਹੱਟ ਕੇ ਦੇਖੇ ਜਾਣ ਦੀ ਲੋੜ ਹੈ।ਇਥੇ ਜਾਰੀ ਬਿਆਨ 'ਚ ਖੰਨਾ ਨੇ ਕਿਹਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਤੇ ਖਾਸ ਕਰਕੇ ਅਕਾਲੀ ਦਲ ਨੂੰ ਆਤਮ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਅਜਿਹੇ ਅਪਰਾਧਿਕ ਅਨਸਰਾਂ ਜਿਨ੍ਹਾਂ 'ਚੋਂ ਇਕ ਨੇ ਇਕ ਏ.ਐਸ.ਆਈ ਦੀ ਹੱਤਿਆ ਕੀਤੀ, ਨੂੰ ਪਾਰਟੀ 'ਚ ਸ਼ਾਮਿਲ ਨਹੀਂ ਕੀਤਾ ਜਾਣਾ ਚਾਹੀਦਾ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੀ ਸ਼ੈਅ ਦੇਣੀ ਚਾਹੀਦੀ ਹੈ। ਨਹੀਂ ਤਾਂ, ਇਸ ਨਾਲ ਸਿੱਧੇ ਤੌਰ 'ਤੇ ਸਿਆਸਤ ਦਾ ਅਪਰਾਧੀਕਰਨ ਹੋਵੇਗਾ ਤੇ ਗੱਲ ਇਸ 'ਤੇ ਹੀ ਨਹੀਂ ਰੁੱਕੇਗੀ। 

ਉਨ੍ਹਾਂ ਨੇ ਆਸ ਜਤਾਈ ਕਿ ਦੋਸ਼ੀਆਂ ਨੂੰ ਕਾਨੂੰਨ ਮੁਤਾਬਿਕ ਕਠੋਰ ਸਜਾ ਦਿੱਤੀ ਜਾਵੇਗੀ, ਜੋ ਦੂਜਿਆਂ ਲਈ ਉਦਾਹਰਨ ਬਣੇ। ਉਨ੍ਹਾਂ ਨੇ ਕਿਹਾ ਕਿ ਸਿਆਸਤ ਕੀਤੇ ਜਾਣ ਦੀ ਜਗ੍ਹਾ ਮਾਮਲੇ ਨੂੰ ਇਨਸਾਨੀਅਤ ਤੇ ਸਮਾਜਿਕ ਤਰਾਜੂ 'ਤੇ ਤੋਲਣ ਦੀ ਜਰੂਰਤ ਹੈ ਕਿ ਕਿਉਂ ਇਕ ਪੁਲਿਸ ਅਫਸਰ ਨੂੰ ਆਪਣੀ ਬੇਟੀ ਦੀ ਇਜੱਤ ਬਚਾਉਣ ਖਾਤਿਰ ਜਿੰਦਗੀ ਗਵਾਉਣੀ ਪਈ। ਜੇਕਰ ਸਬੰਧਿਤ ਪੁਲਿਸ ਅਫਸਰਾਂ ਨੇ ਉਸ ਵੇਲੇ ਲੜਕੀ ਦੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਹੁੰਦੀ, ਤਾਂ ਇਹ ਸਥਿਤੀ ਨਾ ਪੈਦਾ ਹੁੰਦੀ।ਧੂਰੀ ਤੋਂ ਐਮ.ਐਲ.ਏ ਨੇ ਕਿਹਾ ਕਿ ਪੁਲਿਸ ਨੂੰ ਉਸਦੀ ਜਿੰਮੇਵਾਰੀਆਂ ਪ੍ਰਤੀ ਸੁਚੇਤ ਕੀਤੇ ਜਾਣ ਦੀ ਲੋੜ ਹੈ, ਤਾਂਕਿ ਉਹ ਸਿਆਸੀ ਦਬਾਅ ਹੇਠ ਨਾ ਆਏ। ਜਿਵੇਂ ਇਸ ਕੇਸ 'ਚ ਹੋਇਆ ਹੈ, ਜਿਥੇ ਪੁਲਿਸ ਅਫਸਰਾਂ ਨੇ ਇਸ ਕਰਕੇ ਕੋਈ ਕਾਰਵਾਈ ਨਹੀਂ ਕੀਤੀ, ਕਿਉਂਕਿ ਦੋਸ਼ੀ ਸੱਤਾਧਾਰੀ ਅਕਾਲੀ ਦਲ ਦਾ ਜਨਰਲ ਸਕੱਤਰ ਸੀ। ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਜਿਹੇ ਮਾਮਲਿਆਂ 'ਤੇ ਹੁਣ ਤੋਂ ਹੀ ਨੁਕੇਲ ਪਾਏ ਜਾਣ ਦੀ ਲੋੜ ਹੈ, ਤਾਂਕਿ ਪੰਜਾਬ ਦੀ ਸਿਆਸਤ ਦਾ ਅਪਰਾਧੀਕਰਨ ਨਾ ਹੋਵੇ।