ਭਗਤ ਚੁੰਨੀ ਲਾਲ ਵਲੋਂ ਬਾਲ ਮਜ਼ਦੂਰੀ ਮੁਹਿੰਮ 'ਚ ਤੇਜ਼ੀ ਲਿਆਉਣ 'ਤੇ ਜ਼ੋਰ
ਬਾਲ ਮਜ਼ਦੂਰੀ ਕਰਵਾਉਣ ਦੇ ਦੋਸ਼ੀਆਂ ਦੀ ਦਰ ਮੁਲਕ 'ਚ ਸੱਭ ਤੋਂ ਵੱਧ ਹੋਣ ਲਈ ਵਿਭਾਗ ਦੀ ਸ਼ਲਾਘਾ
5 ਦਰਿਆ ਨਿਊਜ਼
ਚੰਡੀਗੜ੍ਹ 20-Jan-2015
ਪੰਜਾਬ ਦੇ ਕਿਰਤ ਮੰਤਰੀ ਭਗਤ ਚੁੰਨੀ ਲਾਲ ਨੇ ਅੱਜ ਸੂਬੇ 'ਚ ਬਾਲ ਮਜ਼ਦੂਰੀ ਦੀ ਸਮਾਜਿਕ ਲਾਹਨਤ ਖਿਲਾਫ ਇਕ ਜੁਟ ਹੋਣ ਦਾ ਸੱਦਾ ਦਿੱਤਾ ਅਤੇ ਇਸ ਬੁਰਾਈ ਨੂੰ ਨੱਥ ਪਾਉਣ ਲਈ ਚਲਾਈ ਮੁਹਿਮ ਦਾ ਘੇਰਾ ਵਿਸ਼ਾਰ ਕਰਦਿਆਂ ਇਸ ਵਿਚ ਆਮ ਲੋਕਾਂ ਅਤੇ ਗੈਰ ਸਰਕਾਰੀ ਸੰਗਠਨਾਂ ਨੂੰ ਵੀ ਸਾਮਲ ਕਰਨ ਦਾ ਸੱਦਾ ਦਿੱਤਾ।ਕੌਮੀ ਬਾਲ ਮਜ਼ਦੂਰੀ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਲਈ ਇਕ ਰਾਜ ਪੱਧਰੀ ਨਿਗਰਾਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ, ਜਿਸ ਵਿੱਚ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਗੈਰ ਸਰਕਾਰੀ ਸੰਗਠਨਾ ਅਤੇ ਮਜ਼ਦੂਰ ਆਗੂਆਂ ਨੇ ਹਿਸਾ ਲਿਆ, ਕਰਦਿਆਂ ਸ੍ਰੀ ਭਗਤ ਨੇ ਕਿਹਾ ਕਿ ਸਾਨੂੰ ਸਿਰਫ ਇਕ ਸਾਲ ਵਿਚ ਦੋ ਵਾਰ ਹੀ ਬਾਲ ਮਜ਼ਦੂਰੀ ਵਿਰੋਧੀ ਮੁਹਿੰਮਾਂ ਚਲਾਕੇ ਸੰਤੁਸ਼ਟ ਹੋਕੇ ਨਹੀ ਬੈਠ ਜਾਣਾ ਚਾਹੀਦਾ ਸਗੋਂ ਦੋਸ਼ੀ ਮਾਲਕਾਂ ਉੱਤੇ ਨਕੇਲ ਕਸਣ ਲਈ ਇਸ ਨੂੰ ਨਿਰੰਤਰ ਪ੍ਰਕਿਰਿਆ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਲ ਮਜ਼ਦੂਰੀ ਦੀ ਸਮਸਿਆਂ ਨਾਲ ਨਿਬੜਦੇ ਸਮੇਂ ਗਰੀਬੀ, ਬੇਰੋਜ਼ਗਾਰੀ, ਪਰਿਵਾਰਾਂ ਦੇ ਸੀਮਿਤ ਵਸੀਲੇ, ਸ਼ਹਿਰਾਂ ਵੱਲ ਵੱਧਦਾ ਪਲਾਇਣ, ਵੱਡੇ ਪਰਿਵਾਰ ਅਤੇ ਸੌੜੀ ਸੋਚ ਆਦਿ ਪੱਖਾਂ ਉੱਤੇ ਵੀ ਚਿੰਤਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਜਿਮੇਵਾਰੀ ਸਿਰਫ ਬਾਲ ਮਜ਼ਦੂਰਾਂ ਨੂੰ ਇਸ ਭੈੜੇ ਚੱਕਰ ਵਿੱਚੋਂ ਕਢਨਾਂ ਅਤੇ ਦੋਸ਼ੀ ਮਾਲਕਾਂ ਖਿਲਾਫ ਕਾਰਵਾਈ ਕਰਨਾ ਹੀ ਨਹੀ ਸਗੋਂ ਬਾਲ ਮਜ਼ਦੂਰਾਂ ਨੂੰ ਸਮਾਜ ਵਿਚ ਮੁੜ ਵਸੇਬਾ ਕਰਕੇ ਉਨ੍ਹਾਂ ਦਾ ਬਣਦਾ ਸਥਾਨ ਦਿਵਾਉਣਾਂ ਵੀ ਹੈ।
ਸ੍ਰੀ ਭਗਤ ਨੇ ਕੌਮੀ ਬਾਲ ਮਜ਼ਦੂਰੀ ਪ੍ਰੋਜੈਕਟ ਤਹਿਤ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਵਿਚ ਉਸਾਰੇ ਜਾਣ ਵਾਲੇ ਸਪੈਸ਼ਲ ਸਕੂਲਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸਕੂਲ 5338 ਬਚਾਏ ਗਏ ਬਾਲ ਮਜ਼ਦੂਰਾਂ ਨੂੰ ਵਿਸ਼ਵ ਪੱਧਰ ਦੀ ਸਿੱਖਿਆ ਦੇ ਰਹੇ ਹਨ ਅਤੇ ਇਨ੍ਹਾਂ ਸਕੂਲਾਂ ਉੱਤੇ 4 ਕਰੋੜ ਰੁਪਏ ਤੋਂ ਜਿਆਦਾ ਦੀ ਰਕਮ ਖਰਚੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਖੁਸ਼ੀ ਦੀ ਗੱਲ ਹੈ ਕਿ 150 ਦੀ ਆਰਥਿਕ ਮਦਦ ਇਨ੍ਹਾਂ ਬੱਚਿਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਪਹੁੰਚਾਈ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਮਿਡ-ਡੇ-ਮੀਲ, ਮੁਫਤ ਸਿੱਖਿਆ ਅਤੇ ਮੁਫਤ ਡਾਕਟਰੀ ਸਹਾਇਤਾ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਂਆਂ ਹਨ।ਅਜਿਹੇ ਬੱਚਿਆਂ ਦਾ ਪਤਾ ਰੱਖਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਸ੍ਰੀ ਭਗਤ ਨੇ ਦੱਸਿਆ ਕਿ ਉਨ੍ਹਾਂ ਨੇ ਸਿੱਖਿਆ ਵਿਭਾਗ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਬਚਾਏ ਗਏ ਬੱਚਿਆਂ ਦੇ ਸਕੂਲ ਛੱਡਣ ਦੀ ਦਰ ਘੱਟ ਤੋਂ ਘੱਟ ਹੋਵੇ ਅਤੇ ਇਹ ਬੱਚੇ ਬਾਰ੍ਹਵੀਂ ਪੱਧਰ ਤੱਕ ਦੀ ਪੜ੍ਹਾਈ ਪੂਰੀ ਕਰਨ ਅਤੇ ਇਨ੍ਹਾਂ ਨੂੰ ਪੈਰਾਂ 'ਤੇ ਖੜ੍ਹਾ ਕਰਨ ਲਈ ਕਿੱਤਾਮੁਖੀ ਸਿੱਖਿਆ ਮੁਹੱਈਆ ਕੀਤੀ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ 2000 ਬੱਚਿਆਂ ਵਿੱਚੋਂ 1849 ਨੂੰ ਆਪਣੇ ਮਨਪਸੰਦ ਵਿਸ਼ੇ ਵਿੱਚ ਕਿੱਤਾਮੁਖੀ ਸਿੱਖਿਆ ਦਿੱਤੀ ਜਾ ਰਹੀ ਹੈ।
ਕੁਤਾਹੀ ਕਰਨ ਵਾਲੇ ਮਾਲਕਾਂ ਖਿਲਾਫ ਕਾਰਵਾਈ ਲਈ ਵਿਭਾਗ ਦੀ ਪਿੱਠ ਥਾਪੜਦਿਆਂ ਸ੍ਰੀ ਭਗਤ ਨੇ ਕਿਹਾ ਕਿ 2599 ਮਾਲਕਾਂ ਉਤੇ ਕਾਰਵਾਈ ਮਗਰੋਂ 1833 ਨੂੰ ਸਜ਼ਾ ਮਿਲੀ ਹੈ ਜੋ ਕਿ ਮੁਲਕ ਵਿੱਚ ਸਭ ਤੋਂ ਵੱਧ ਦਰ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਕਿਰਤ ਸ੍ਰੀ ਵਿਸ਼ਵਜੀਤ ਖੰਨਾ, ਕਿਰਤ ਕਮਿਸ਼ਨਰ ਸ੍ਰੀ ਐਚ.ਐਸ.ਨੰਦਾ, ਸਾਰੇ ਵਿਭਾਗਾਂ ਦੇ ਮੁਖੀ, ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ, ਗੈਰ ਸਰਕਾਰੀ ਸੰਗਠਨਾਂ ਦੇ ਮੈਂਬਰ ਅਤੇ ਮਜ਼ਦੂਰ ਸੰਗਠਨਾਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ ਅਤੇ ਬਾਲ ਮਜ਼ਦੂਰਾਂ ਦੇ ਮੁੜ ਵਸੇਬੇ ਨਾਲ ਸਬੰਧਤ ਮੁੱਦੇ ਵਿਚਾਰੇ।