5 Dariya News

ਪੰਜਾਬੀ ਗਾਣਿਆਂ ਲਈ ਸੈਂਸਰ ਬੋਰਡ ਬਣਾਇਆ ਜਾਵੇ : ਜਗਮੋਹਨ ਸਿੰਘ ਲੱਕੀ

5 ਦਰਿਆ ਨਿਊਜ਼

17-Jan-2015

ਰਾਜਨੀਤੀ ਵਿਗਿਆਨ ਦੇ ਵਿਦਵਾਨ ਅਤੇ ਪ੍ਰਸਿੱਧ ਸਾਹਿਤਕਾਰ ਜਗਮੋਹਨ ਸਿੰਘ ਲੱਕੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ  ਪੰਜਾਬੀ ਗਾਣਿਆਂ ਲਈ ਵੀ ਸੈਂਸਰ ਬੋਰਡ ਬਣਾਇਆ ਜਾਣਾ ਚਾਹੀਦਾ ਹੈ। ਆਪਣੇ ਬਿਆਨ ਵਿਚ ਸਾਹਿਤਕਾਰ ਜਗਮੋਹਨ ਸਿੰਘ ਲੱਕੀ  ਨੇ ਕਿਹਾ ਕਿ ਅੱਜ ਕਲ ਦੇ ਵੱਡੀ ਗਿਣਤੀ ਪੰਜਾਬੀ ਗਾਣਿਆਂ ਵਿਚ ਅਸ਼ਲੀਲ ਸ਼ਬਦਾਵਲੀ ਦੀ ਭਰਮਾਰ ਹੁੰਦੀ ਹੈ, ਇਸ ਤੋਂ ਇਲਾਵਾ ਕਈ ਪੰਜਾਬੀ ਗਾਣਿਆਂ ਦੇ ਫਿਲਮਾਂਕਣ ਸਮੇਂ ਅੱਧ ਨੰਗੀਆਂ ਕੁੜੀਆਂ ਨੂੰ ਨਚਾਇਆ ਜਾਂਦਾ ਹੈ,ਜਿਸ ਕਰਕੇ ਇਹ ਗਾਣੇ ਪਰਿਵਾਰ ਵਿਚ ਬੈਠਕੇ ਨਹੀਂ ਦੇਖੇ ਤੇ ਸੁਣੇ ਜਾ ਸਕਦੇ।ਅੱਜ ਵੀ ਵੱਡੀ ਗਿਣਤੀ ਪੰਜਾਬੀ ਗਾਣੇ ਅਜਿਹੇ ਹਨ ਜੋ ਕਿ ਸੁਣਨ ਦੀ ਥਾਂ ਵੇਖਣ ਵਾਲੇ ਹੀ ਬਣ ਗਏ ਹਨ। ਕਈ ਪੰਜਾਬੀ ਗਾਣਿਆਂ ਵਿਚ ਦੋਹਰੇ ਅਰਥਾਂ ਵਾਲੇ ਸ਼ਬਦਾਂ ਨੂੰ ਵਰਤਿਆ ਗਿਆ ਹੁੰਦਾ ਹੈ। ਕਈ ਪੰਜਾਬੀ ਗਾਣੇ ਤਾਂ ਵਧੀਆ ਹੁੰਦੇ ਹਨ, ਪਰ ਉਹਨਾਂ ਦਾ ਫਿਲਮਾਂਕਣ ਹੀ ਮਾੜਾ ਹੁੰਦਾ ਹੈ, ਜਿਸ ਕਰਕੇ ਉਹ ਵੀ ਪਰਿਵਾਰ ਵਿਚ ਬੈਠਕੇ ਦੇਖਣ-ਸੁਣਨ ਵਾਲੇ ਨਹੀਂ ਰਹਿੰਦੇ।ਪ੍ਰਸਿੱਧ ਸਾਹਿਤਕਾਰ ਜਗਮੋਹਨ ਸਿੰਘ ਲੱਕੀ ਨੇ  ਕਿਹਾ ਕਿ  ਅੱਜ ਦੇ ਸਮੇਂ ਵਿਚ ਵੀ ਗੁਰਦਾਸ ਮਾਣ ਵਰਗੇ ਕਈ ਗਾਇਕ ਹਨ,ਜੋ ਕਿ ਅਸ਼ਲੀਲਤਾ ਤੋਂ ਦੂਰ ਰਹਿਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ। ਕਈ ਉਭਰਦੇ ਗਾਇਕ ਵੀ ਪਰਿਵਾਰਕ ਗੀਤ ਗਾਉਂਦੇ ਸੁਣੇ ਜਾਂਦੇ ਹਨ। ਲੋੜ ਤਾਂ ਇਸ ਗਲ ਦੀ ਹੈ ਕਿ ਅਸਲੀਲ ਗਾਣਿਆਂ ਦਾ ਬਾਈਕਾਟ ਕਰਕੇ ਚੰਗਾ ਤੇ ਪਰਿਵਾਰਕ ਗੀਤ ਗਾਉਣ ਵਾਲੇ ਗਾਇਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਇਹ ਠੀਕ ਹੈ ਕਿ ਪੰਜਾਬੀ ਗਾਣਿਆਂ ਲਈ ਸੈਂਸਰ ਬੋਰਡ ਬਨਾਉਣ ਦੀ ਮੰਗ ਲੰਬੇ ਸਮੇਂ ਤੋਂ ਉਠਦੀ ਆ ਰਹੀ ਹੈ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਪੰਜਾਬੀ ਗਾਣਿਆਂ ਲਈ ਸੈਂਸਰ ਬੋਰਡ ਕਦੋ ਬਣੇਗਾ। ਇਥੇ ਇਹ ਜ਼ਿਕਰਯੋਗ ਹੈ ਕਿ  ਜਗਮੋਹਨ ਸਿੰਘ ਲੱਕੀ ਅਜਿਹੇ ਸਾਹਿਤਕਾਰ ਹਨ,ਜਿਹਨਾਂ ਦੇ ਲੇਖ ਤੇ ਹੋਰ ਰਚਨਾਵਾਂ ਵੱਖ ਵੱਖ ਅਖਬਾਰਾਂ ਅਤੇ ਮੈਗਜੀਨਾਂ ਵਿਚ ਛਪਦੇ ਰਹਿੰਦੇ ਹਨ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ ਪਾਠਕਾਂ ਵਲੋਂ ਕਾਫੀ ਹੁੰਗਾਰਾ ਭਰਿਆ ਜਾਂਦਾ ਹੈ।