5 Dariya News

ਪੈਟਰੋਲੀਅਮ ਪਦਾਰਥਾਂ ਦੇ ਦੁਰਉਪਯੋਗ ਨੂੰ ਰੋਕਣ ਲਈ ਲੋਕ ਲਹਿਰ ਪੈਦਾ ਕਰਨ ਦੀ ਲੋੜ : ਆਦੇਸ਼ ਪ੍ਰਤਾਪ ਸਿੰਘ ਕੈਰੋਂ

ਜੇਕਰ ਕੁਦਰਤੀ ਸੌਮਿਆਂ ਦੀ ਵਰਤੋਂ ਸੰਜਮ ਨਾਲ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ

5 ਦਰਿਆ ਨਿਊਜ਼

ਐਸ.ਏ.ਐਸ.ਨਗਰ 15-Jan-2015

ਪੈਟਰੋਲੀਅਮ ਪਦਾਰਥਾਂ ਦੇ ਦੁਰਉਪਯੋਗ ਨੂੰ ਰੋਕਣ ਲਈ ਲੋਕਾਂ ਨੂੰ ਹੇਠਲੇ ਪੱਧਰ ਤੱਕ ਜਾਗਰੂਕ ਕਰਨ ਦੀ ਲੋੜ ਹੈ ਅਤੇ ਇਸ ਪ੍ਰਤੀ ਲੋਕ ਲਹਿਰ ਬਣਾਉਣੀ  ਚਾਹੀਦੀ ਹੈ ਕਿਉਂਕਿ ਜੇਕਰ ਪੈਟੋਰੋਲੀਅਮ ਪਦਾਰਥਾਂ ਦੇ ਦੁਰਉਪਯੋਗ ਨੂੰ ਨਾ ਰੋਕਿਆ ਗਿਆ ਤਾਂ ਇਸ ਦਾ ਸਾਨੂੰ ਵੱਡਾ ਮੁੱਲ ਉਤਾਰਨਾ ਪਵੇਗਾ ਅਤੇ ਜਿਸ ਦਾ ਸਾਡੇ ਵਾਤਾਵਰਣ ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ  ਮੰਤਰੀ ਪੰਜਾਬ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬ 'ਚ ਇੰਡੀਅਨ ਆਇਲ ਇੰਡਸਟਰੀ ਕਾਰਪੋਰੇਸ਼ਨ ਵੱਲੋਂ ਹੋਰਨਾਂ ਤੇਲ ਕੰਪਨੀਆਂ ਦੇ ਸਹਿਯੋਗ ਨਾਲ 31 ਜਨਵਰੀ ਤੱਕ ਮਨਾਏ ਜਾਣ ਵਾਲੇ ਤੇਲ ਅਤੇ ਗੈਸ ਬਚਾਓ ਪੰਦਰਵਾੜੇ ਦਾ ਉਦਘਾਟਨ ਸ਼ਮਾਂ ਰੋਸਨ ਕਰਨ ਉਪਰੰਤ ਐਸ.ਏ.ਐਸ.ਨਗਰ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਇਪਰ) ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਮੌਕੇ ਕੀਤਾ। ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਪੰਜਾਬ ਨੇ ਕਿਹਾ ਕਿ ਸਾਡੇ ਕੋਲ ਪੈਟਰੋਲੀਅਮ ਪਦਾਰਥਾਂ ਦੇ ਭੰਡਾਰ ਬਹੁਤ ਹੱਦ ਤੱਕ ਸੀਮਤ ਹਨ ਅਤੇ ਹੁਣ ਵੀ ਸਾਨੂੰ ਵਿਦੇਸ਼ਾਂ ਤੇ ਨਿਰਭਰ ਰਹਿਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੈਟਰੋਲੀਅਮ ਪਦਾਰਥਾਂ ਅਤੇ ਹੋਰਨਾਂ ਕੁਦਰਤੀ ਸੌਮਿਆਂ ਦੀ ਸੰਜਮ ਨਾਲ ਵਰਤੋਂ ਨਾ ਕੀਤੀ ਗਈ ਤਾਂ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਇਸ ਮੌਕੇ ਪੈਟਰੋਲੀਅਮ ਪਦਾਰਥਾਂ ਦਾ ਬਦਲ ਲੱਭਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਗੈਰ-ਰਿਵਾਇਤੀ ਉਰਜਾ ਪ੍ਰਤੀ ਸੁਚੇਤ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਤੇ ਸਾਡੇ ਦੇਸ਼ ਦੀ ਆਰਥਿਕਤਾ ਨਿਰਭਰ ਕਰਦੀ ਹੈ ਇਸ ਲਈ ਦੇਸ਼ ਦੇ ਹਰੇਕ ਨਾਗਰਿਕ ਨੂੰ ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਸੰਜਮ ਨਾਲ ਕਰਕੇ ਆਪਣੇ ਦੇਸ਼ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਦੇਸ਼ ਦੇ ਹਰੇਕ ਨਾਗਰਿਕ ਨੂੰ ਵਾਤਾਵਰਣ ਬਚਾਉਣ ਦਾ ਸੱਦਾ ਵੀ ਦਿੱਤਾ। ਸ੍ਰ: ਕੈਰੋ ਨੇ ਇਸ ਮੌਕੇ ਆਇਲ ਇੰਡਸਟਰੀ ਜੋ ਕਿ ਮਨਿਸਟਰੀ ਆਫ ਪੈਟਰੋਲੀਅਮ ਐਂਡ ਨੈਚੂਰਲ ਗੈਸ ਅਤੇ ਪੈਟਰੋਲੀਅਮ ਕੰਜਰਵੇਸ਼ਨ ਰਿਸਰਚ ਐਸੋਸੀਏਸ਼ਨ ਦੇ ਅਧੀਨ ਹਰ ਸਾਲ ਦੇਸ਼ ਵਿੱਚ ਤੇਲ ਅਤੇ ਗੈਸ ਬਚਾਓ ਪੰਦਰਵਾੜਾ ਮਨਾਉਂਦੀ ਹੈ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ਵਿੱਚ ਪੈਟਰੋਲੀਅਮ ਪਦਾਰਥਾਂ ਦੀ ਸੰਜਮ ਨਾਲ ਵਰਤੋਂ ਪ੍ਰਤੀ ਚੇਤਨਤਾ ਪੈਦਾ ਹੁੰਦੀ ਹੈ। 

ਸਮਾਗਮ ਦੌਰਾਨ ਮਾਣਯੋਗ ਰਾਜਪਾਲ ਪੰਜਾਬ ਸ੍ਰੀ ਸਿਵਰਾਜ ਵੀ. ਪਾਟਿਲ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ ਸਿੰਘ ਬਾਦਲ ਦਾ ਸੰਦੇਸ ਵੀ ਪÎੜਿਆ ਗਿਆ ਜਿਸ ਦੌਰਾਨ ਉਨ੍ਹਾਂ ਲੋਕਾਂ ਨੂੰ ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਸੰਜਨ ਨਾਲ ਕਰਨ ਅਤੇ ਦੁਰਉਪਯੋਗ ਨੂੰ ਰੋਕਣ ਦਾ ਸੱਦਾ ਦਿੱਤਾ। ਇਸ ਤੋਂ ਉਪਰੰਤ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੰਜਾਬ ਨੇ ਲੋਕਾਂ ਨੂੰ ਤੇਲ ਅਤੇ ਗੈਸ ਦੀ ਬਚਤ ਪ੍ਰਤੀ ਜਾਗਰੂਕ ਕਰਨ ਲਈ ਇੱਕ ਵੈਨ ਨੂੰ ਹਰੀ ਝੰਡੀ ਦਿੱਖਾ ਕੇ ਰਵਾਨਾ ਵੀ ਕੀਤਾ ਜੋ ਕਿ ਪੈਟ੍ਰੋਲ ਪੰਪਾਂ ਅਤੇ ਪਿੰਡ ਪੱਧਰ ਤੇ ਲੋਕਾਂ ਨੂੰ ਤੇਲ ਅਤੇ ਗੈਸ ਦੀ ਬਚਤ ਬਾਰੇ ਜਾਗਰੂਕ ਕਰੇਗੀ । ਇਸ ਮੌਕੇ ਪੈਟਰੋਲੀਅਮ ਪਦਾਰਥਾਂ  ਦੀ ਵਰਤੋਂ ਸੰਜਮ ਨਾਲ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਸਹੁੰ ਵੀ ਚੁਕਾਈ ਗਈ।  ਇਸ ਤੋਂ ਪਹਿਲਾਂ ਪੰਜਾਬ ਦੇ ਕੁਆਰਡੀਨੇਟਰ ਅਤੇ ਕਾਰਜਕਾਰੀ ਡਾਇਰੈਕਟਰ ਇੰਡੀਅਨ ਆਇਲ ਕਾਰਪੋਰੇਸ਼ਨ ਸ੍ਰੀ ਪੀ.ਕੇ. ਦਾਸ ਨੇ ਜਿਥੇ ਰਾਜ ਪੱਧਰੀ ਸਮਾਗਮ ਮੌਕੇ ਪੁੱਜੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰ੍ਰ: ਆਦੇਸ ਪ੍ਰਤਾਪ ਸਿੰਘ ਕੈਰੋ ਨੂੰ ਜੀ ਆਇਆ ਆਖਿਆ। ਉਥੇ ਉਨ੍ਹਾਂ  ਦੱਸਿਆ ਕਿ ਪੰਦਰਵਾੜੇ ਦੌਰਾਨ ਪੰਜਾਬ ਭਰ ਵਿੱਚ ਇੰਧਨ ਬਚਾਓ-ਜਨ ਧਨ ਬਡਾਓ ਪ੍ਰੋਗਰਾਮ ਤਹਿਤ ਸਕੂਲੀ ਬੱਚਿਆਂ, ਡਰਾਈਵਰਾਂ,  ਉਦਯੋਗਿਕ ਅਦਾਰਿਆਂ ਅਤੇ ਆਮ ਲੋਕਾਂ ਤੱਕ ਪੁੱਜ ਕੇ ਉਨ੍ਹਾਂ ਨੂੰ ਤੇਲ ਅਤੇ ਗੈਸ ਬਚਾਓ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਹੋਰ ਕਿਹਾ ਕਿ ਤੇਲ ਅਤੇ ਗੈਸ ਬਚਾਓ ਪ੍ਰੋਗਰਾਮ ਸਾਰਾ ਸਾਲ ਲਗਾਤਾਰ ਜਾਰੀ ਰੱਖੇ ਜਾਣਗੇ ਤਾਂ ਜੋ ਆਮ ਲੋਕਾਂ ਨੂੰ ਪੈਟਰੋਲੀਅਮ ਪਦਾਰਥਾਂ ਦੀ ਬੱਚਤ ਅਤੇ ਉਨ੍ਹਾਂ ਦੇ ਦੁਰਉਪਯੋਗ ਨੂੰ ਰੋਕਣ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਸਮਾਗਮ ਨੂੰ ਸ੍ਰੀ ਕੇ.ਕੇ. ਹਾਂਡਾ, ਸ੍ਰੀ ਟੀ.ਐਸ.ਆਰ ਗੋਪਾਲਾਂ ਰਾਓ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡੀ.ਏ.ਵੀ ਪਬਲਿਕ ਸਕੂਲ ਕੁਰਾਲੀ ਦੇ ਬੱਚਿਆਂ ਵੱਲੌਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਵੀ ਪੇਸ ਕੀਤਾ ਗਿਆ। ਰਾਜ ਪੱਧਰੀ ਸਮਾਗਮ ਵਿੱਚ  ਸਯੁੰਕਤ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਸ੍ਰੀ ਪਰਮਿੰਦਰ ਪਾਲ ਸਿੰਘ, ਇੰਡੀਅਨ ਆਇਲ ਕਾਰਪੋਰੇਸ਼ਨ, ਹਿੰਦੂਸਤਾਨ ਪੈਟਰੋਲੀਅਮ,  ਗੈਲ, ਭਾਰਤ ਪੈਟਰੋਲੀਅਮ ਦੇ ਨੁਮਾਇੰਦਿਆਂ ਅਤੇ ਡੀਲਰਾਂ ਅਤੇ ਡਿਸਟੀਬਿਊਟਰਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ।