ਇਰਾਦੇ ਨੇਕ ਹੋਣ ਤਾਂ ਮਿਲਦੀ ਹੈ ਸਫਲਤਾ: ਕਿਰਨ ਖੇਰ
ਕਿਰਨ ਖੇਰ ਮੈਤਰੇਈ ਪੁਰਸਕਾਰ ਨਾਲ ਸਨਮਾਨਿਤ
5 ਦਰਿਆ ਨਿਊਜ਼
ਚੰਡੀਗੜ੍ਹ 10-Jan-2015
ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਕਿਰਨ ਖੇਰ ਨੂੰ ਅੱਜ ਪੂਨੇ ਵਿਖੇ ਭਾਰਤੀਆ ਛਾਤਰਾ ਸੰਸਦ ਵੱਲੋਂ ਔਰਤਾਂ ਦੀ ਭਲਾਈ ਲਈ ਕੀਤੇ ਕੰਮਾਂ ਅਤੇ ਲੋਕ ਸਭਾ ਵਿੱਚ ਪਾਏ ਯੋਗਦਾਨ ਬਦਲੇ ਮੈਤਰੇਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਖੇਰ ਨੂੰ ਇਹ ਸਨਮਾਨ ਕੇਂਦਰੀ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਦਿੱਤਾ।ਇਸ ਦੌਰਾਨ ਹੋਈ ਵਿਦਿਆਰਥੀ ਪਾਰਲੀਮੈਂਟ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਖੇਰ ਨੇ ਸਿਨੇਮਾ ਜਗਤ ਤੋਂ ਲੈ ਕੇ ਆਪਣੇ ਸੰਸਦ ਵਿੱਚ ਪੁੱਜਣ ਤੱਕ ਦੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਰਸਤੇ 'ਤੇ ਉਨ੍ਹਾਂ ਦਾ ਕੋਈ ਸਾਥੀ ਦਿਖਾਈ ਨਾ ਦਿੱਤਾ ਤਾਂ ਉਨ੍ਹਾਂ ਇਕੱਲਿਆਂ ਹੀ ਆਪਣੇ ਸਫ਼ਰ ਵੱਲ ਕਦਮ ਵਧਾਉਣੇ ਸ਼ੁਰੂ ਕੀਤੇ। ਉਨ੍ਹਾਂ ਕਿਹਾ ਕਿ ਆਪਣੇ ਸਫ਼ਰ ਨੂੰ ਮੁਕੰਮਲ ਕਰਨ ਦੀ ਦ੍ਰਿੜਤਾ ਦਾ ਹੀ ਨਤੀਜਾ ਸੀ ਕਿ ਹੌਲੀ-ਹੌਲੀ ਲੋਕ ਉਨ੍ਹਾਂ ਦੇ ਸਾਥੀ ਬਣਦੇ ਗਏ ਅਤੇ ਅੱਜ ਉਨ੍ਹਾਂ ਨੇ ਜਿੰਦਗੀ ਦਾ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਰਾਦੇ ਨੇਕ ਹੋਣ ਤਾਂ ਜਿੰਦਗੀ ਦੇ ਹਰ ਸਫ਼ਰ 'ਤੇ ਸਫਲਤਾ ਹਾਸਲ ਹੁੰਦੀ ਹੈ।ਉਨ੍ਹਾਂ ਕਿਹਾ ਕਿ ਅੱਜ ਉਹ ਆਪਣੇ ਪਰਿਵਾਰ ਤੋਂ ਦੂਰ ਦਿੱਲੀ ਅਤੇ ਚੰਡੀਗੜ੍ਹ ਦੇ ਵਸਨੀਕ ਬਣ ਗਏ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਪਰਿਵਾਰ ਤੋਂ ਦੂਰ ਇਕੱਲੇ ਰਹਿਣਾ ਮੁਸ਼ਕਿਲ ਹੈ ਪਰ ਜਦੋਂ ਜਿੰਦਗੀ ਦੇ ਅਹਿਮ ਫੈਸਲੇ ਲੈਣੇ ਹੋਣ ਤਾਂ ਇਹ ਦੂਰੀ ਵੀ ਸਹਿਣ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਹ ਇਕੱਲਤਾ ਇਸ ਲਈ ਵੀ ਭਾਰੀ ਸਾਬਿਤ ਨਹੀਂ ਹੁੰਦੀ ਕਿਉਂਕਿ ਲੋਕਾਂ ਦਾ ਸਾਥ ਉਨ੍ਹਾਂ ਦੇ ਨਾਲ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਦੇਸ਼ ਦੇ ਸਰਬਪੱਖੀ ਵਿਕਾਸ ਲਈ ਆਪਣਾ ਬਣਦਾ ਯੋਗਦਾਨ ਪਾਉਣ।