ਪੰਜਾਬ ਸਰਕਾਰ ਅਤੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਵੱਲੋਂ ਸਾਂਝੇ ਉਦਮ ਤਹਿਤ 'ਹੁਨਰ ਸੇ ਰੁਜ਼ਗਾਰ' ਪ੍ਰੋਗਰਾਮ ਸ਼ੁਰੂ
5 ਦਰਿਆ ਨਿਊਜ਼
ਐਸ.ਏ.ਐਸ. ਨਗਰ (ਮੁਹਾਲੀ) 30-Nov-2012
ਸਕੂਲ ਪੱਧਰ 'ਤੇ ਪੜ੍ਹਾਈ ਅਧੂਰੀ ਛੱਡ ਕੇ ਬੇਰੁਜ਼ਗਾਰ ਫਿਰਨ ਵਾਲੇ ਨੌਜਵਾਨਾਂ ਨੂੰ ਹੁਨਰਮੰਦ ਕਾਮਿਆਂ ਵਜੋਂ ਵਿਕਸਤ ਕਰਕੇ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਵੱਲੋਂ ਸਾਂਝੇ ਉਦਮ ਤਹਿਤ 'ਹੁੰਨਰ ਸੇ ਰੁਜ਼ਗਾਰ' ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਵਿਲੱਖਣ ਸਮਾਜ ਸੇਵੀ ਪ੍ਰੋਗਰਾਮ ਤਹਿਤ ਅੱਠਵੀਂ ਤੋਂ ਬਾਅਦ ਪੜ੍ਹਾਈ ਛੱਡ ਜਾਣ ਵਾਲੇ ਨੌਜਵਾਨਾਂ ਨੂੰ ਹੋਟਲ ਮੈਨੇਜਮੇਂਟ ਦੀ ਸਿਖਲਾਈ ਦੇ ਕੇ ਸੈਰ ਸਪਾਟਾ ਅਤੇ ਹੋਟਲ ਇੰਡਸਟਰੀ ਵਿਚ ਰੁਜ਼ਗਾਰ ਅਵਸਰ ਪ੍ਰਦਾਨ ਕਰਵਾਏ ਜਾਣਗੇ। ਇਸ ਪ੍ਰੋਗਰਾਮ ਤਹਿਤ ਸਿਖਲਾਈ ਪ੍ਰਾਪਤ ਨੌਜਵਾਨਾਂ ਨੂੰ ਅੱਜ ਲਾਂਡਰਾਂ ਕੈਂਪਸ ਵਿਖੇ ਪੰਜਾਬ ਦੇ ਸੈਰ ਸਪਾਟਾ ਮੰਤਰੀ ਸਰਵਣ ਸਿੰਘ ਫਿਲੌਰ ਨੇ ਵਿਸ਼ੇਸ਼ ਸਰਟੀਫਿਕੇਟ ਤੇ ਸਿਖਲਾਈ ਭੱਤਾ ਤਕਸੀਮ ਕੀਤਾ। ਇਸ ਮੌਕੇ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਫਿਲੌਰ ਨੇ ਕਿਹਾ ਕਿ ਸੈਰ ਸਪਾਟਾ ਅਤੇ ਹੋਟਲ ਸਅਨਤ ਸਭ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣ ਵਾਲਾ ਖੇਤਰ ਬਣ ਕੇ ਉੱਭਰਿਆਂ ਹੈ। ਪੰਜਾਬ ਸਰਕਾਰ ਵੱਲੋਂ ਇਸ ਖੇਤਰ ਦੇ ਵਿਕਾਸ ਲਈ ਦਿੱਤੀ ਤਰਜੀਹ ਦੇ ਸਦਕਾ ਅੱਜ ਪੰਜਾਬ ਦੇਸ਼ ਭਰ ਵਿਚ 28ਵੇਂ ਨੰਬਰ ਤੋਂ ਉੱਠ ਕੇ 12ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਵਿਚ ਸੈਰ ਸਪਾਟੇ ਨੂੰ ਬੜਾਵਾ ਦੇਣ ਲਈ ਵਿਸ਼ੇਸ਼ ਯਤਨ ਕਰ ਰਹੀ ਹੈ ਅਤੇ ਰਾਜ ਦੇ ਪ੍ਰਮੁੱਖ ਸ਼ਹਿਰਾਂ ਵਿਚ ਸੈਰ ਸਪਾਟਾ ਸੂਚਨਾ ਕੇਂਦਰ ਵੀ ਖੋਲ੍ਹੇ ਜਾਣਗੇ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਹੋਰ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 12 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਵਿਰਾਸਤੀ ਪਿੰਡ ਜਨਵਰੀ 2013 ਵਿਚ ਮੁਕੰਮਲ ਹੋ ਜਾਵੇਗਾ। ਇਸ ਵਿਰਾਸਤੀ ਪਿੰਡ ਵਿਚ ਪੰਜਾਬੀ ਸੱਭਿਆਚਾਰ, ਪੁਰਾਤਨ ਵੰਨਗੀਆਂ ਸਮੇਤ ਪੇਂਡੂ ਮਾਹੌਲ ਨੂੰ ਦਰਸਾਇਆ ਜਾਵੇਗਾ ਤਾਂ ਜੋ ਨੌਜਵਾਨ ਪੀੜ੍ਹੀ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਪੰਜਾਬ ਦੇ ਅਮੀਰ ਪੁਰਾਤਨ ਪੇਂਡੂ ਸੱਭਿਆਚਾਰ ਬਾਰੇ ਜਾਣਕਾਰੀ ਹਾਸਲ ਹੋ ਸਕੇ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਅੰਦਰ ਸੈਰ ਸਪਾਟੇ ਨੂੰ ਉਸ਼ਾਹਿਤ ਕਰਨ ਲਈ ਬੇਹੱਦ ਸੰਭਾਵਨਾਵਾਂ ਹਨ।
ਜਿਸ ਨਾਲ ਰੁਜ਼ਗਾਰ ਦੇ ਵੱਡੇ ਮੌਕੇ ਵੀ ਪੈਦਾ ਹੋਣਗੇ। ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਇਤਿਹਾਸਕ ਅਸਥਾਨ ਮਾਛੀਵਾੜਾ ਵਿਖੇ 1200 ਏਕੜ ਰਕਬੇ ਵਿਚ ਸੈਰ ਸਪਾਟਾ ਕੇਂਦਰ ਸਥਾਪਿਤ ਵੀ ਯੋਜਨਾ ਉਲੀਕੀ ਗਈ ਹੈ। ਜਿਸ ਸਬੰਧੀ ਜਲਦੀ ਹੀ ਜਮੀਨ ਐਕਵਾਇਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਸੈਰ ਸਪਾਟਾ ਮੰਤਰੀ ਪੰਜਾਬ ਨੇ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਵੱਲੋਂ ਸਮਾਜ ਸੇਵਾ ਤਹਿਤ ਸ਼ੁਰੂ ਕੀਤੇ ਕਈ ਅਹਿਮ ਪ੍ਰਾਜੈਕਟਾਂ ਦੀ ਸ਼ਲਾਘਾ ਕਰਦਿਆਂ ਇਸ ਅਦਾਰੇ ਵਲੋਂ 'ਹੁਨਰ ਸੇ ਰੁਜ਼ਗਾਰ' ਸਕੀਮ ਅਧੀਨ ਸਿਖਲਾਈ ਦੇ ਕੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਇਸ ਮੌਕੇ ਸਿਖਲਈ ਪ੍ਰਾਪਤ ਵਾਲਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਅਧੀਨ ਟਰੇਨਿੰਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵਲੋਂ 2 ਹਜ਼ਾਰ ਰੁਪਏ ਸਿਖਲਾਈ ਭੱਤਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਸਾਲ 2011-12 ਦੌਰਾਨ 900 ਵਿਅਕਤੀਆਂ ਨੂੰ ਸਿਖਲਾਈ ਦਿੱਤੀ ਗਈ ਅਤੇ ਸਾਲ-2012-13 ਦੌਰਾਨ 1800 ਵਿਅਕਤੀਆਂ ਨੂੰ ਸਿਖਲਾਈ ਦੇਣ ਦਾ ਟਿੱਚਾ ਮਿਥਿਆ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਟਰੇਨਿੰਗ ਲੈਣ ਵਾਲੇ ਇਨ੍ਹਾਂ ਵਿਦਿਆਰਥੀਆਂ ਦੇ ਰੁਜ਼ਗਾਰ ਲਈ ਵੀ ਸਰਕਾਰ ਵਿਸ਼ੇਸ਼ ਉਪਰਾਲੇ ਕਰੇਗੀ। ਇਸ ਮੌਕੇ ਬੋਲਦਿਆਂ ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ 'ਹੁਨਰ ਸੇ ਰੁਜ਼ਗਾਰ' ਪ੍ਰੋਗਰਾਮ ਤਹਿਤ ਫੂਡ ਪ੍ਰੋਡਕਸ਼ਨ, ਫਰੰਟ ਆਫ਼ਿਸ ਅਤੇ ਬੇਕਰੀ ਦੇ ਦੋ-ਦੋ ਮਹੀਨੇ ਦੇ ਸਰਟੀਫਿਕੇਟ ਕੋਰਸ ਕਰਵਾ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਯੋਗ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਖਲਾਈ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਸਕੂਲ ਦੀ ਪੜ੍ਹਾਈ ਅਧੂਰੀ ਛੱਡ ਕੇ ਵਿਹਲੇ ਘੁੰਮਣ ਵਾਲੇ ਨੌਜਵਾਨਾਂ ਨੂੰ ਆਸਾਨੀ ਦੇ ਨਾਲ ਰੁਜ਼ਗਾਰ ਦੇ ਕਾਬਲ ਬਣਾਇਆ ਜਾ ਸਕਦਾ ਹੈ। ਇਸ ਮੌਕੇ ਸੰਸਥਾ ਦੇ ਐਗਜ਼ੈਕਟਿਵ ਡਾਇਰੈਕਟਰ ਡਾ. ਐਸ.ਪੀ.ਐਸ.ਬੇਦੀ, ਡਾਇਰਕੈਟਰ ਐਚ.ਆਰ. ਅਵਿਨਾਸ਼ ਸ਼ਰਮਾ ਅਤੇ ਹੋਟਲ ਮੈਨੇਜਮੈਂਟ ਸੰਸਥਾ ਦੇ ਪ੍ਰਿੰਸੀਪਲ ਤਾਹਿਰ ਸੂਫ਼ੀ ਵੀ ਹਾਜ਼ਰ ਸਨ।