5 Dariya News

ਹੁਣ ਲੁਧਿਆਣਾ ਸ਼ਹਿਰ ਪਾਰ ਕਰਨਾ ਰਾਹਗੀਰਾਂ ਲਈ ਮੁਸ਼ਕਿਲ ਨਹੀਂ ਰਿਹਾ

ਦੱਖਣੀ ਬਾਈਪਾਸ ਦੇ ਓਵਰਬ੍ਰਿਜ, ਫਲਾਈਓਵਰ ਤੇ ਅੰਡਰਬ੍ਰਿਜ ਚਾਲੂ ਹੋਣ ਨਾਲ ਸੌਖਾ ਹੋਇਆ ਪੈਂਡਾ

5 ਦਰਿਆ ਨਿਊਜ਼ (ਅਜੇ ਪਾਹਵਾ)

ਲੁਧਿਆਣਾ 23-Dec-2014

ਕੋਈ ਸਮਾਂ ਹੁੰਦਾ ਸੀ ਜਦੋਂ ਦਿੱਲੀ-ਪਟਿਆਲਾ ਸੜਕ ਤੋਂ ਵਾਇਆ ਲੁਧਿਆਣਾ ਹੋ ਕੇ ਫਿਰੋਜ਼ਪੁਰ-ਮੋਗਾ ਜਾਣ ਵਾਲੇ (ਜਾਂ ਵਾਪਸੀ) ਰਾਹਗੀਰ ਪੰਜਾਬ ਦੇ ਸਭ ਤੋਂ ਭੀੜ ਭੜੱਕੇ ਅਤੇ ਵਿਸ਼ਾਲ ਖੇਤਰਫ਼ਲ ਵਾਲੇ ਸ਼ਹਿਰ ਲੁਧਿਆਣਾ ਵਿੱਚੋਂ ਦੀ ਲੰਘਣ ਤੋਂ ਕਤਰਾਉਂਦੇ ਹੁੰਦੇ ਸਨ, ਕਿਉਂਕਿ ਇਸ ਸ਼ਹਿਰ ਨੂੰ ਪਾਰ ਕਰਨਾ ਕੋਈ ਸੌਖਾ ਕੰਮ ਨਹੀਂ ਹੋਇਆ ਕਰਦਾ ਸੀ ਪਰ ਕਸਬਾ ਦੋਰਾਹਾ ਤੋਂ ਲੈ ਕੇ ਸ਼ਹਿਰ ਲੁਧਿਆਣਾ ਦੀ ਫਿਰੋਜ਼ਪੁਰ ਸੜਕ ਤੱਕ ਬਣ ਰਹੇ ਦੱਖਣੀ ਬਾਈਪਾਸ ਦੇ ਧੂਰੀ ਰੇਲਵੇ ਲਾਈਨ ਓਵਰਬ੍ਰਿਜ, ਫਲਾਈਓਵਰਾਂ ਤੇ ਲੋਧੀ ਕਲੱਬ ਅੰਡਰਬ੍ਰਿਜ ਦੇ ਚਾਲੂ ਹੋ ਜਾਣ ਨਾਲ ਰਾਹਗੀਰਾਂ ਦੀ ਪ੍ਰੇਸ਼ਾਨੀ ਵੱਡੀ ਹੱਦ ਤੱਕ ਦੂਰ ਹੋ ਗਈ ਹੈ ਅਤੇ ਸ਼ਹਿਰ ਵਿੱਚੋਂ ਦੀ ਲੰਘਣ ਤੋਂ ਕਤਰਾਉਣ ਦੀਆਂ ਗੱਲ ਵੀ ਹੁਣ ਬੀਤੇ ਸਮੇਂ ਦੀਆਂ ਹੋ ਗਈਆਂ ਜਾਪਦੀਆਂ ਹਨ।

ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 326 ਕਰੋੜ ਰੁਪਏ ਤੋਂ ਵਧੇਰੇ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਦੱਖਣੀ ਬਾਈਪਾਸ ਇਕੱਲੇ ਸ਼ਹਿਰ ਲੁਧਿਆਣਾ ਲਈ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਚਹੁੰ-ਮੁੱਖੀ ਵਿਕਾਸ ਦਾ ਸੁਨਹਿਰੀ ਅਧਿਆਏ ਸਾਬਿਤ ਹੋਵੇਗਾ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਪ੍ਰੋਜੈਕਟ ਨੂੰ ਜਲਦੀ ਮੁਕੰਮਲ ਕਰਕੇ ਇਸੇ ਵਿੱਤੀ ਸਾਲ 2014-15 ਵਿੱਚ ਲੋਕ ਅਰਪਣ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਦੀ ਵਿਸ਼ੇਸ਼ ਪਹਿਲਕਦਮੀ 'ਤੇ ਧੂਰੀ ਰੇਲਵੇ ਲਾਈਨ ਓਵਰਬ੍ਰਿਜ, ਗਿੱਲ ਰੋਡ ਫਲਾਈਓਵਰ, ਦੁਗਰੀ ਸੜਕ ਫਲਾਈਓਵਰ, ਲੋਧੀ ਕਲੱਬ ਅੰਡਰਬ੍ਰਿਜ ਦੇ ਚਾਲੂ ਹੋ ਜਾਣ ਦਾ ਰਾਹਗੀਰ ਵੱਡੀ ਪੱਧਰ 'ਤੇ ਲਾਹਾ ਲੈ ਰਹੇ ਹਨ। 

ਅਗਰਵਾਲ ਨੇ ਕਿਹਾ ਕਿ ਪਹਿਲਾਂ ਦਿੱਲੀ-ਪਟਿਆਲਾ ਰਸਤਿਉਂ ਆਉਣ ਵਾਲੇ ਰਾਹਗੀਰਾਂ ਨੂੰ ਦੁੱਗਰੀ, ਮਲੇਰਕੋਟਲਾ ਸੜਕ ਅਤੇ ਫਿਰੋਜ਼ਪੁਰ-ਮੋਗਾ ਜਾਣ ਲਈ ਸ਼ਹਿਰ ਵਿੱਚੋਂ ਦੀ ਲੰਘਣਾ ਪੈਂਦਾ ਸੀ। ਸਨਅਤੀ ਸ਼ਹਿਰ ਹੋਣ ਕਰਕੇ ਸਭ ਤੋਂ ਵਧੇਰੇ ਆਬਾਦੀ ਅਤੇ ਖੇਤਰਫਲ ਪੱਖੋਂ ਪੰਜਾਬ ਦਾ ਸਭ ਤੋਂ ਵਿਸ਼ਾਲ ਸ਼ਹਿਰ ਹੋਣ ਕਾਰਨ ਇਸ ਸ਼ਹਿਰ ਨੂੰ ਪਾਰ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ ਸੀ। ਇਸ ਲਈ ਆਰਾਮ ਨਾਲ ਇੱਕ ਤੋਂ ਡੇਢ ਘੰਟਾ ਲੱਗ ਜਾਂਦਾ ਸੀ ਪਰ ਉਪਰੋਕਤ ਪੁੱਲ ਚਾਲੂ ਹੋ ਜਾਣ ਨਾਲ ਹੁਣ ਰਾਹਗੀਰ ਦੋਰਾਹਾ ਤੋਂ ਦੱਖਣੀ ਬਾਈਪਾਸ ਰਾਹੀਂ ਸਹਿਜੇ ਹੀ 20 ਕੁ ਮਿੰਟਾਂ ਵਿੱਚ ਆਪਣੇ ਨਿਰਧਾਰਤ ਪਹੁੰਚ ਮਾਰਗ ਤੱਕ ਪਹੁੰਚ ਜਾਂਦੇ ਹਨ। ਲੋਕਾਂ ਲਈ ਸਹਾਰਾ ਬਣਿਆ ਅਗਰ ਨਗਰ ਅੰਡਰਪਾਥ ਅਗਰਵਾਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਫਿਰੋਜ਼ਪੁਰ ਰੋਡ 'ਤੇ ਅਗਰ ਨਗਰ ਏ ਅਤੇ ਬੀ ਬਲਾਕ ਨੂੰ ਆਪਸ ਜੋੜਨ ਲਈ ਨਗਰ ਨਿਗਮ ਲੁਧਿਆਣਾ ਵੱਲੋਂ ਬਣਾਏ ਅੰਡਰਪਾਥ ਦਾ ਵੀ ਲੋਕਾਂ ਨੂੰ ਕਾਫੀ ਸਹਾਰਾ ਮਿਲਿਆ ਹੈ। ਏਸ਼ੀਆ ਦੀ ਸਭ ਤੋਂ ਵੱਧ ਬਿਜ਼ੀ (ਆਵਾਜਾਈ ਪੱਖੋਂ) ਸੜਕਾਂ ਵਿੱਚ ਸ਼ੁਮਾਰ ਲੁਧਿਆਣਾ ਫਿਰੋਜ਼ਪੁਰ ਸੜਕ ਨੂੰ ਪਾਰ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਸੀ। ਇਸੇ ਵਜ੍ਹਾ ਕਰਕੇ ਕਈ ਵਾਰ ਸੜਕ ਹਾਦਸੇ ਵੀ ਹੋ ਜਾਇਆ ਕਰਦੇ ਸਨ। ਇਸ ਸਮੱਸਿਆ ਨੂੰ ਦੇਖਦੇ ਹੋਏ ਹੀ 3.50 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਅੰਡਰਪਾਥ ਦਾ ਨਿਰਮਾਣ ਕਰਵਾਇਆ ਗਿਆ ਹੈ। ਇਸ ਜ਼ਮੀਨਦੋਜ਼ ਰਸਤੇ ਦੀ ਕੁੱਲ ਲੰਬਾਈ 177 ਫੁੱਟ ਹੈ ਅਤੇ ਚੌੜਾਈ 45 ਫੀਟ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਅੰਡਰਪਾਥ ਵਿੱਚ 10 x 15 ਫੁੱਟ ਦੀਆਂ 13 ਦੁਕਾਨਾਂ ਵੀ ਲੋਕਾਂ ਦੀ ਸਹੂਲਤ ਲਈ ਬਣਾਈਆਂ ਗਈਆਂ ਹਨ।