ਪੁਰਸ਼ ਵਰਗ ਵਿੱਚ ਭਾਰਤ ਲਗਾਤਾਰ ਪੰਜਵੀਂ ਵਾਰ ਬਣਿਆ ਵਿਸ਼ਵ ਚੈਂਪੀਅਨ; ਪਾਕਿਸਤਾਨ ਨੂੰ 45-42 ਨਾਲ ਹਰਾਇਆ
ਮੁੱਖ ਮੰਤਰੀ ਨੇ ਬਾਦਲ ਪਿੰਡ ਵਿਖੇ 16 ਕਰੋੜ ਦੀ ਲਾਗਤ ਨਾਲ ਨਵੇਂ ਬਣੇ ਸਟੇਡੀਅਮ ਦਾ ਕੀਤਾ ਉਦਘਾਟਨ
5 ਦਰਿਆ ਨਿਊਜ਼
ਬਾਦਲ (ਸ੍ਰੀ ਮੁਕਤਸਰ ਸਾਹਿਬ) 20-Dec-2014
ਕਬੱਡੀ ਵਿੱਚ ਭਾਰਤ ਨੇ ਲਗਾਤਾਰ ਪੰਜਵੇਂ ਸਾਲ ਵੀ ਆਪਣੀ ਬਾਦਸ਼ਾਹਤ ਬਰਕਰਾਰ ਰੱਖਦਿਆਂ ਪੁਰਸ਼ ਤੇ ਮਹਿਲਾ ਵਰਗ ਵਿੱਚ ਮੁੜ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਬਾਦਲ ਵਿਖੇ ਬਣੇ ਨਵੇਂ ਨਕੋਰ ਵਿਸ਼ਵ ਪੱਧਰੀ ਗੁਰੂ ਗੋਬਿੰਦ ਸਿੰਘ ਮਲਟੀਪਰਪਜ਼ ਸਟੇਡੀਅਮ ਵਿਖੇ ਅੱਜ ਪੁਰਸ਼ ਤੇ ਮਹਿਲਾ ਦੋਵਾਂ ਵਰਗਾਂ ਦੇ ਫਾਈਨਲ ਮੈਚ ਖੇਡੇ ਗਏ। ਪੁਰਸ਼ ਵਰਗ ਵਿੱਚ ਭਾਰਤ ਨੇ ਪਾਕਿਸਤਾਨ ਨੂੰ 45-42 ਨਾਲ ਹਰਾ ਕੇ ਲਗਾਤਾਰ ਪੰਜਵੀਂ ਵਾਰ ਅਤੇ ਮਹਿਲਾ ਵਰਗ ਵਿੱਚ ਭਾਰਤ ਨੇ ਨਿÀਜ਼ੀਲੈਂਡ ਨੂੰ 36-27 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਵਿਸ਼ਵ ਕੱਪ ਜਿੱਤਿਆ। ਪੁਰਸ਼ ਵਰਗ ਦੇ ਫਾਈਨਲ ਵਿੱਚ ਭਾਰਤ ਦੀ ਪਾਕਿਸਤਾਨ 'ਤੇ ਇਹ ਚੌਥੀ ਜਿੱਤ ਹੈ ਜਦੋਂ ਕਿ ਮਹਿਲਾ ਵਰਗ ਵਿੱਚ ਭਾਰਤ ਦੀ ਨਿਊਜ਼ੀਲੈਂਡ 'ਤੇ ਦੂਜੀ ਜਿੱਤ ਹੈ। ਬਾਦਲ ਪਿੰਡ ਵਿਖੇ 16 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਨਵੇਂ ਸਟੇਡੀਅਮ ਦਾ ਅੱਜ ਹੀ ਉਦਘਾਟਨ ਹੋਇਆ। ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਮੁੱਖ ਸੰਸਦੀ ਸਕੱਤਰ (ਖੇਡਾਂ) ਸ੍ਰੀ ਪਵਨ ਕੁਮਾਰ ਟੀਨੂੰ ਦੀ ਹਾਜ਼ਰੀ ਵਿੱਚ ਸਟੇਡੀਅਮ ਦਾ ਉਦਘਾਟਨ ਕਰਨ ਉਪਰੰਤ ਹੀ ਸਟੇਡੀਅਮ ਵਿਖੇ ਸਮਾਪਤੀ ਸਮਾਰੋਹ ਅਤੇ ਫਾਈਨਲ ਮੈਚ ਖੇਡੇ ਗਏ। ਇਸ ਦੇ ਨਾਲ ਹੀ ਬਾਦਲ ਪਿੰਡ ਪਹਿਲੀ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਸਥਾਨਾਂ ਵਿੱਚ ਸ਼ਾਮਲ ਹੋ ਗਿਆ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਮੁੱਖ ਮਹਿਮਾਨ ਅਤੇ ਭਾਰਤ ਦੇ ਖੇਡ ਮੰਤਰੀ ਸ੍ਰੀ ਸਰਬਨੰਦਾ ਸੋਨੋਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਉਚੇਚੇ ਤੌਰ 'ਤੇ ਸ਼ਿਰਕਤ ਕਰਤੀ ਜਦੋਂ ਕਿ ਸ੍ਰੀ ਖੱਟਰ ਨੇ ਪੁਰਸ਼ ਵਰਗ ਦੇ ਫਾਈਨਲ ਖੇਡ ਰਹੀਆਂ ਭਾਰਤ ਤੇ ਪਾਕਿਸਤਾਨ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ।
ਸ੍ਰੀ ਖੱਟਰ, ਸ੍ਰੀ ਸੋਨੋਵਾਲ, ਸ. ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਜੇਤੂ ਟੀਮਾਂ ਜੇਤੂ ਰਾਸ਼ੀ ਦੇ ਚੈਕ ਤੇ ਟਰਾਫੀਆਂ ਅਤੇ ਖਿਡਾਰੀਆਂ ਨੂੰ ਤਮਗੇ ਦਿੱਤੇ। ਪੁਰਸ਼ ਵਰਗ ਵਿੱਚ ਭਾਰਤ ਨੇ ਪਹਿਲੇ ਸਥਾਨ ਨਾਲ 2 ਕਰੋੜ ਦਾ ਇਨਾਮ ਜਿੱਤਿਆ ਜਦੋਂ ਕਿ ਉਪ ਜੇਤੂ ਪਾਕਿਸਤਾਨ ਨੇ 1 ਕਰੋੜ ਰੁਪਏ ਅਤੇ ਤੀਸਰੇ ਸਥਾਨ 'ਤੇ ਆਈ ਇਰਾਨ ਦੀ ਟੀਮ ਨੇ 51 ਲੱਖ ਰੁਪਏ ਦਾ ਇਨਾਮ ਹਾਸਲ ਕੀਤਾ। ਮਹਿਲਾ ਵਰਗ ਵਿੱਚ ਚੈਂਪੀਅਨ ਬਣੀ ਭਾਰਤ ਦੀ ਟੀਮ ਨੂੰ 1 ਕਰੋੜ ਰੁਪਏ, ਉਪ ਜੇਤੂ ਬਣੀ ਨਿਊਜ਼ੀਲੈਂਡ ਨੂੰ 51 ਲੱਖ ਰੁਪਏ ਅਤੇ ਤੀਜੇ ਸਥਾਨ 'ਤੇ ਰਹੀ ਪਾਕਿਸਤਾਨ ਦੀ ਟੀਮ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ।ਅੱਜ ਦੇ ਮੈਚਾਂ ਦੌਰਾਨ ਪਾਕਿਸਤਾਨ ਦੇ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਉਸਮਾਨ ਅਨਵਰ, ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਤੇ ਸ. ਬਲਵਿੰਦਰ ਸਿੰਘ ਭੂੰਦੜ, ਜੰਗਲਾਤ ਤੇ ਜੰਗਲੀ ਜੀਵ ਮੰਤਰੀ ਸ੍ਰੀ ਚੂਨੀ ਲਾਲ ਭਗਤ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਮੁੱਖ ਸੰਸਦੀ ਸਕੱਤਰ (ਖੇਡਾਂ) ਸ੍ਰੀ ਪਵਨ ਕੁਮਾਰ ਟੀਨੂੰ, ਸੰਸਦ ਮੈਂਬਰ ਸ. ਸ਼ੇਰ ਸਿੰਘ ਘੁਬਾਇਆ, ਮੁੱਖ ਮੰਤਰੀ ਦੇ ਸਲਾਹਕਾਰ (ਮੀਡੀਆ ਤੇ ਕੌਮੀ ਮਾਮਲੇ) ਸ੍ਰੀ ਹਰਚਰਨ ਬੈਂਸ, ਉਪ ਮੁੱਖ ਮੰਤਰੀ ਦੇ ਸਹਾਇਕ ਮੀਡੀਆ ਸਲਾਹਕਾਰ ਸ੍ਰੀ ਹਰਜਿੰਦਰ ਸਿੱਧੂ, ਵਿਧਾਇਕ ਸ. ਹਰਪ੍ਰੀਤ ਸਿੰਘ, ਸਕੱਤਰ (ਖੇਡਾਂ) ਸ੍ਰੀ ਅਸ਼ੋਕ ਕੁਮਾਰ ਗੁਪਤਾ, ਪੰਜਾਬ ਐਗਰੋ ਦੇ ਚੇਅਰਮੈਨ ਜਥੇਦਾਰ ਦਿਆਲ ਸਿੰਘ ਕੋਲਿਆਵਾਂਲੀ, ਚੇਅਰਮੈਨ ਸ. ਤੇਜਿੰਦਰ ਸਿੰਘ ਮਿੱਡੂਖੇੜਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ.ਚੀਮਾ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਮਨਵੇਸ਼ ਸਿੰਘ ਸਿੱਧੂ, ਖੇਡ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ ਤੇ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਤੇਜਿੰਦਰ ਸਿੰਘ ਧਾਲੀਵਾਲ, ਡਿਪਟੀ ਕਮਿਸ਼ਨਰ ਸ੍ਰੀ ਜਸਕਿਰਨ ਸਿੰਘ ਤੇ ਐਸ.ਐਸ.ਪੀ. ਸ੍ਰੀ ਕੁਲਦੀਪ ਸਿੰਘ ਚਾਹਲ ਆਦਿ ਹਾਜ਼ਰ ਸਨ।
ਮਹਿਲਾ ਵਰਗ (ਫਾਈਨਲ)
ਭਾਰਤ ਨੇ ਨਿਊਜ਼ੀਲੈਂਡ ਨੂੰ 36-27 ਨਾਲ ਹਰਾਇਆ
ਮਹਿਲਾ ਵਰਗ ਦੇ ਫਾਈਨਲ ਦੀ ਸ਼ੁਰੂਆਤ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਟੀਮਾਂ ਨਾਲ ਜਾਣ ਪਛਾਣ ਕਰ ਕੇ ਕੀਤੀ। ਮਹਿਲਾ ਵਰਗ ਦਾ ਫਾਈਨਲ ਮੈਚ ਬਹੁਤ ਫਸਵਾਂ ਰਿਹਾ ਅਤੇ ਨਿਊਜੀਲੈਂਡ ਟੀਮ ਨੇ ਭਾਰਤ ਨੂੰ ਤਕੜੀ ਟੱਕਰ ਦਿੱਤੀ। ਭਾਰਤ ਦੀ ਸਟਾਰ ਜਾਫੀ ਅਨੂ ਰਾਣੀ ਵੱਲੋਂ ਲਗਾਏ ਜੱਫਿਆਂ ਨੇ ਭਾਰਤ ਦੀ ਜਿੱਤ ਆਸਾਨ ਕੀਤੀ ਅਤੇ ਅੰਤ ਵਿੱਚ ਭਾਰਤ ਨੇ ਨਿਊਜੀਲੈਂਡ ਨੂੰ 36-27 ਨਾਲ ਹਰਾ ਕੇ ਖਿਤਾਬ ਜਿੱਤਿਆ। ਕਿਵੀ ਖਿਡਾਰਨਾਂ ਨੇ ਵੀ ਆਪਣੀ ਜੁਝਾਰੂ ਖੇਡ ਨਾਲ ਦਰਸ਼ਕਾਂ ਦੇ ਦਿਲ ਜਿੱਤੇ। ਕਿਵੀ ਰੇਡਰ ਪਰਸੇ ਨੂੰ ਰੋਕਣਾ ਭਾਰਤੀ ਜਾਫੀਆਂ ਲਈ ਟੇਢੀ ਖੀਰ ਸਾਬਤ ਹੋਇਆ। ਅੱਧੇ ਸਮੇਂ ਤੱਕ ਭਾਰਤੀ ਟੀਮ 18-14 ਨਾਲ ਅੱਗੇ ਸੀ। ਭਾਰਤ ਦੀਆਂ ਰੇਡਰਾਂ ਵਿੱਚੋਂ ਪ੍ਰਿਅੰਕਾ ਤੇ ਰਾਮ ਬਤੇਰੀ ਨੇ 8-8 ਅਤੇ ਸੁਖਵਿੰਦਰ ਕੌਰ ਨੇ 7 ਅੰਕ ਲਏ ਜਦੋਂ ਕਿ ਜਾਫੀ ਅਨੂ ਰਾਣੀ ਨੇ 4 ਅਤੇ ਜਸਵੀਰ ਕੌਰ ਤੇ ਰਿਤੂ ਨੇ 1-1 ਜੱਫਾ ਲਾਇਆ। ਨਿਊਜੀਲੈਂਡ ਦੀ ਰੇਡਰ ਪਰਸੇ ਨੇ 12 ਤੇ ਐਲਿਜਾਬੈਥ ਮੂਟੋ ਨੇ 9 ਅੰਕ ਲਏ ਜਦੋਂ ਕਿ ਜਾਫੀ ਟੀਟੂ ਤੇ ਟੇਕਾਵਾ ਨੇ 1-1 ਜੱਫਾ ਲਾਇਆ।
ਪੁਰਸ਼ ਵਰਗ (ਫਾਈਨਲ)
ਭਾਰਤ ਨੇ ਪਾਕਿਸਤਾਨ ਨੂੰ 45-42 ਨਾਲ ਹਰਾਇਆ
ਪੁਰਸ਼ ਵਰਗ ਦੇ ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 45-42 ਨਾਲ ਹਰਾ ਕੇ ਪੰਜਵੀਂ ਵਾਰ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤਿਆ। ਭਾਰਤ ਨੇ ਆਖਰੀ ਮੌਕੇ ਪਾਸਾ ਪਲਟਦਿਆਂ ਵਿਸ਼ਵ ਕੱਪ ਖਿਤਾਬ ਆਪਣੀ ਝੋਲੀ ਪਾਇਆ। ਮੈਚ ਬਹੁਤ ਫਸਵਾਂ ਰਿਹਾ ਅਤੇ ਪਾਕਿਸਤਾਨ ਦੇ ਸਟਾਰ ਜਾਫੀ ਮੁਸ਼ਰੱਫ ਜਾਵੇਦ ਜੰਜੂਆ ਨੇ ਦਿਲ ਖਿੱਚਵੇਂ ਜੱਫੇ ਲਾਉਂਦਿਆਂ ਭਾਰਤ ਵਿਰੁੱਧ ਲੀਡ ਲੈਣ ਵਿੱਚ ਵੱਡਾ ਯੋਗਦਾਨ ਪਾਇਆ। ਪਹਿਲੇ ਤਿੰਨ ਕੁਆਰਟਰਾਂ ਵਿੱਚ ਪਾਕਿਸਤਾਨ ਨੇ ਥੋੜੇ ਜਿਹੇ ਫਰਕ ਨਾਲ ਲੀਡ ਬਣਾਈ ਰੱਖੀ ਜਦੋਂ ਕਿ ਆਖਰੀ ਤੇ ਚੌਥੇ ਕੁਆਰਟਰ ਵਿੱਚ ਭਾਰਤ ਦੇ ਸਟਾਰ ਜਾਫੀ ਯਾਦਵਿੰਦਰ ਸਿੰਘ ਯਾਦਾ ਸੁਰਖਪੁਰ ਤੇ ਗੁਰਪ੍ਰੀਤ ਸਿੰਘ ਗੋਪੀ ਮਾਣਕੀ ਨੇ ਜੱਫੇ ਲਗਾ ਕੇ ਮੈਚ ਦਾ ਪਾਸਾ ਪਲਟ ਦਿੱਤਾ। ਭਾਰਤ ਦੇ ਰੇਡਰਾਂ ਵਿੱਚੋਂ ਸੰਦੀਪ ਸਿੰਘ ਸੁਰਖਪੁਰ ਨੇ 16 ਤੇ ਸੰਦੀਪ ਲੁੱਧੜ ਨੇ 10 ਅੰਕ ਲਏ ਜਦੋਂ ਕਿ ਭਾਰਤ ਦੇ ਜਾਫੀ ਯਾਦਵਿੰਦਰ ਸੁਰਖਪੁਰ ਨੇ 5 ਤੇ ਗੁਰਪ੍ਰੀਤ ਸਿੰਘ ਗੋਪੀ ਮਾਣਕੀ ਨੇ 3 ਜੱਫੇ ਲਾਏ। ਪਾਕਿਸਤਾਨ ਦੇ ਰੇਡਰ ਅਹਿਮਦ ਸਫੀਕ ਚਿਸ਼ਤੀ ਨੇ 15, ਇਰਫਾਨ ਨੇ 13 ਤੇ ਅਕਮਲ ਸਜਾਦ ਡੋਗਰ ਨੇ 6 ਅੰਕ ਲਏ ਜਦੋਂ ਕਿ ਜਾਫੀ ਮੁਸ਼ਰੱਫ ਜਾਵੇਦ ਜੰਜੂਆ ਨੇ 4 ਜੱਫੇ ਲਾਏ।
ਪੁਰਸ਼ ਵਰਗ ਦੇ ਸਰਵੋਤਮ ਰੇਡਰ ਤੇ ਜਾਫੀ ਨੂੰ ਮਿਲੇ ਪ੍ਰੀਤ ਟਰੈਕਟਰ
ਮਹਿਲਾ ਵਰਗ ਦੀ ਸਰਵੋਤਮ ਰੇਡਰ ਤੇ ਜਾਫੀ ਨੂੰ ਮਿਲੇ ਇਕ-ਇਕ ਲੱਖ ਰੁਪਏ ਦੇ ਇਨਾਮ
ਪੁਰਸ਼ ਵਰਗ ਵਿੱਚ ਭਾਰਤ ਦੇ ਸੰਦੀਪ ਸਿੰਘ ਸੁਰਖਪੁਰ ਤੇ ਪਾਕਿਸਤਾਨ ਦੇ ਅਹਿਮਦ ਸ਼ਫੀਦ ਚਿਸ਼ਤੀ ਨੂੰ ਸਾਂਝੇ ਤੌਰ 'ਤੇ ਸਰਵੋਤਮ ਰੇਡਰ ਚੁਣਿਆ ਗਿਆ ਜਦੋਂ ਕਿ ਭਾਰਤ ਦੇ ਯਾਦਵਿੰਦਰ ਸਿੰਘ ਯਾਦਾ ਸੁਰਖਪੁਰ ਨੂੰ ਸਰਵੋਤਮ ਜਾਫੀ ਚੁਣਿਆ ਗਿਆ ਜਿਨ੍ਹਾਂ ਨੂੰ ਪ੍ਰੀਤ ਟਰੈਕਟਰ ਇਨਾਮ ਵਿੱਚ ਦਿੱਤੇ ਗਏ। ਇਸੇ ਤਰ੍ਹਾਂ ਮਹਿਲਾ ਵਰਗ ਵਿੱਚ ਭਾਰਤ ਦੀ ਪ੍ਰਿਅੰਕਾ ਤੇ ਰਾਮ ਬਤੇਰੀ ਅਤੇ ਨਿਊਜੀਲੈਂਡ ਦੀ ਪਰਸੇ ਨੂੰ ਸਾਂਝੇ ਤੌਰ 'ਤੇ ਸਰਵੋਤਮ ਰੇਡਰ ਚੁਣਿਆ ਗਿਆ ਅਤੇ ਭਾਰਤ ਦੀ ਅਨੂ ਰਾਣੀ ਤੇ ਨਿਊਜੀਲੈਂਡ ਦੀ ਟੀਟੋ ਨੂੰ ਸਾਂਝੇ ਤੌਰ 'ਤੇ ਸਰਵੋਤਮ ਜਾਫੀ ਚੁਣਿਆ ਗਿਆ। ਇਨ੍ਹਾਂ ਜੇਤੂਆਂ ਨੂੰ ਇਕ-ਇਕ ਲੱਖ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਗਈ।