ਮਹਿਲਾ ਵਰਗ ਵਿੱਚ ਵੀ ਭਾਰਤ ਲਗਾਤਾਰ ਚੌਥੀ ਵਾਰ ਵਿਸ਼ਵ ਚੈਂਪੀਅਨ ਬਣਿਆ; ਨਿਊਜੀਲੈਂਡ ਨੂੰ 36-27 ਨਾਲ ਹਰਾਇਆ
ਮੁੱਖ ਮੰਤਰੀ ਨੇ ਅਗਲੇ ਕਬੱਡੀ ਕੱਪ ਤੋਂ ਕੁੜੀਆਂ ਦੀ ਟੀਮ ਦੀ ਇਨਾਮ ਰਾਸ਼ੀ ਦੁੱਗਣੀ ਕੀਤੀ
5 ਦਰਿਆ ਨਿਊਜ਼
ਬਾਦਲ (ਸ੍ਰੀ ਮੁਕਤਸਰ ਸਾਹਿਬ) 20-Dec-2014
ਪੰਜਵੇਂ ਵਿਸ਼ਵ ਕਬੱਡੀ ਕੱਪ ਦੀ ਕਾਮਯਾਬੀ ਤੋ ਖੁਸ਼ ਹੁੰਦਿਆਂ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਐਲਾਨ ਕੀਤਾ ਕਿ ਅਗਲੇ ਵਿਸ਼ਵ ਕਬੱਡੀ ਕੱਪ ਤੋਂ ਕੁੜੀਆਂ ਦੀ ਜੇਤੂ ਰਹਿਣ ਵਾਲੀ ਟੀਮ ਨੂੰ ਵੀ ਮੁੰਡਿਆਂ ਦੇ ਬਰਾਬਰ ਹੀ ਦੋ ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਸਾਡੇ ਸਭਿਆਚਾਰ 'ਚ ਮੁੰਡਿਆਂ ਅਤੇ ਕੁੜੀਆਂ ਵਿਚਕਾਰ ਕੋਈ ਫਰਕ ਨਹੀਂ ਸਮਝਿਆ ਜਾਂਦਾ ।ਅੱਜ ਇਥੇ ਖਤਮ ਹੋਏ ਪੰਜਵੇ ਵਿਸ਼ਵ ਕਬੱਡੀ ਕੱਪ ਦੇ ਸ਼ਾਨਦਾਰ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ, ਮੁੱਖ ਮੰਤਰੀ ਸ੍ਰੀ ਬਾਦਲ ਨੇ ਕਿਹਾ ਕਿ ਖੇਡਾਂ ਜਿੱਥੇ ਮਨੁੱਖ ਨੂੰ ਸਰੀਰਕ ਪੱਖੋਂ ਤੰਦਰੁਸਤ ਅਤੇ ਤਾਕਤਵਰ ਬਣਾਉਂਦੀਆਂ ਹਨ, ਉਥੇ ਇਹ ਸਾਡੇ ਵਿੱਚ ਅਨੁਸ਼ਾਸਨ, ਮਿਲ-ਜੁਲ ਕੇ ਅੱਗੇ ਦੀ ਭਾਵਨਾ ਅਤੇ ਸਿਹਤਮੰਦ ਮੁਕਾਬਲੇਬਾਜੀ ਵਰਗੇ ਮੀਰੀ ਗੁਣ ਵੀ ਪੈਦਾ ਕਰਦੀਆਂ ਹਨ। ਇਸੇ ਲਈ ਹੀ ਖੇਡਾਂ ਦਾ ਕਿਸੇ ਸਮਾਜ, ਸੂਬੇ ਅਤੇ ਮੁਲਕ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਹੁੰਦਾ ਹੈ। ਬਾਦਲ ਨੇ ਪੰਜਾਬੀਆਂ ਦੀ ਚਹੇਤੀ ਖੇਡ ਨੂੰ ਵਿਸ਼ਵ ਭਰ ਵਿੱਚ ਹਰਮਨ ਪਿਆਰੀ ਬਣਾਉਣ ਲਈ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵਧਾਈ ਦਿੱਤੇ। ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਕਬੱਡੀ ਦੀ ਜਿਹੜੀ ਖੇਡ ਸ਼ਿਰਫ ਪੰਜਾਬ ਅਤੇ ਹਰਿਆਣਾ ਵਿਚ ਹੀ ਖੇਡੀ ਜਾਂਦੀ ਸੀ ਉਹ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਵਿਸ਼ਵ ਕਬੱਡੀ ਕੱਪਾਂ ਕਰਕੇ ਅੱਜ ਦੁਨੀਆਂ ਦੇ ਪੰਜਾਂ ਮਹਾਂ ਦੀਪਾਂ ਦੇ ਤਕਰੀਬਨ 20 ਮੁਲਕਾਂ ਵਿੱਚ ਖੇਡੀ ਜਾਣ ਲਗ ਪਈ ਹੇ । ਬਾਦਲ ਨੇ ਆਸ ਪ੍ਰਗਟ ਕੀਤੀ ਕਿ ਛੇਤੀ ਹੀ ਪੰਜਾਬੀਆਂ ਦੀ ਇਹ ਮਾਂ ਖੇਡ ਪੂਰੀ ਦੁਨੀਆਂ ਵਿਚ ਖੇਡੀ ਜਾਇਆ ਕਰੇਗੀ।
ਮੁੱਖ ਮੰਤਰੀ ਨੇ ਇਸ ਵਿਸ਼ਵ ਕਬੱਡੀ ਕੱਪ ਦੀਆਂ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਹੜੀਆਂ ਟੀਮਾਂ ਇਸ ਵਾਰੀ ਜਿੱਤ ਪ੍ਰਾਪਤ ਨਹੀਂ ਕਰ ਸਕੀਆਂ ਉਹ ਅਗਲੀ ਵਾਰ ਹੋਰ ਵਧੇਰੇ ਤਿਆਰੀ ਨਾਲ ਆਉਗੀਆਂ।ਬਾਦਲ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਕੇਂਦਰ ਦੇ ਖੇਡ ਰਾਜ ਮੰਤਰੀ ਸਰਬਾਨੰਦ ਸੋਨੋਵਾਲ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ, ਇਰਾਨ ਦੇ ਭਾਰਤ ਵਿਚਲੇ ਰਾਜਦੂਤ ਅਤੇ ਪਾਕਿਸਤਾਨੀ ਪੰਜਾਬ ਦੇ ਖੇਡ ਡਾਇਰੈਕਟਰ ਜਨਰਲ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਖਰਾਬ ਮੌਸਮ ਦੇ ਬਾਵਜੁਦ ਉਨ੍ਹਾਂ ਦੇ ਪਿੰਡ ਬਾਦਲ ਪਹੁੰਚਣ ਨਾਲ ਸਾਡਾ ਮਾਨ ਵਧਿਆ ਹੈ। ਉਨ੍ਹਾਂ ਨੇ ਖਿਡਾਰੀਆਂ, ਪ੍ਰਬੰਧਕਾਂ ਅਤੇ ਦਰਸ਼ਕਾਂ ਦਾ ਵੀ ਇਸ ਸਮਾਪਤੀ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ।ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਨੇ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੋਵੇਂ ਵੱਡੇ ਛੋਟੇ ਭਰਾ ਹੋਣ ਦੇ ਨਾਤੇ ਇਸ ਖੇਤਰ ਦੀਆਂ ਦੇਸ਼ੀ ਅਤੇ ਪੇਂਡੂ ਖੇਡਾਂ ਦਾ ਮੁਲਕ ਭਰ ਵਿਚ ਵਿਸਥਾਰ ਕਰਨ ਲਈ ਇਕੱਠੇ ਹੋ ਕੇ ਹੰਭਲਾ ਮਾਰਨਗੇ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਆਉਂਣ ਵਾਲੀ 12 ਜਨਵਰੀ ਨੂੰ ਸਵਾਮੀ ਵਿਵੇਕਾ ਨੰਦ ਦੇ ਜਨਮ ਦਿਨ ਮੌਕੇ ਇਕ ਨਵੀਂ ਖੇਡ ਨੀਤੀ ਦਾ ਐਲਾਨ ਕਰੇਗੀ ਜਿਸ ਵਿਚ ਖਿਡਾਰੀਆਂ ਨੂੰ ਵਧੇਰੇ ਸਹੂਲਤਾਂ ਦੇਣ ਦੇ ਨਾਲ ਨਾਲ ਸੂਬੇ ਵਿੱਚ ਖੇਡ ਸਭਿਆਚਾਰ ਪੈਦਾ ਕਰਨ ਅਤੇ ਖੇਡਾਂ ਦਾ ਬੁਨਿਆਦੀ ਢਾਂਚਾ ਮਜਬੁਤ ਕਰਨ ਉੱਤੇ ਜੋਰ ਦਿੱਤਾ ਜਾਵੇਗਾ।
ਖੱਟੜ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਵਲੋਂ ਇਸ ਖਿੱਤੇ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਮੁਲਕ ਭਰ ਵਿੱਚ ਲੈ ਜਾਣ ਦੀ ਪ੍ਰਸ਼ੰਸਾਂ ਕਰਦਿਆਂ ਕੇਂਦਰੀ ਖੇਡ ਰਾਜ ਮੰਤਰੀ ਸਰਬਾਨੰਦ ਸੋਨੋਵਾਲ ਨੂੰ ਅਪੀਲ ਕੀਤੀ ਕਿ ਸੂਬਿਆਂ ਨੂੰ ਉਨ੍ਹਾਂ ਦੀਆਂ ਸਥਾਨਕ ਖੇਡਾਂ ਨੂੰ ਵਿਕਸਤ ਕਰਨ ਲਈ ਵਿਸ਼ੇਸ ਸਹਾਇਤਾ ਕੀਤੀ ਜਾਵੇ। ਜੇਤੂ ਟੀਮਾਂ ਨੂੰ ਵਧਾਈ ਦਿੰਦਿਆ ਸ੍ਰੀ ਖੱਟੜ ਨੇ ਕਿਹਾ ਕਿ ਖੇਡਾਂ ਵਿੱਚ ਜਿੱਤ ਹਾਰ ਦੀ ਬਹੁਤੀ ਮਹਤੱਤਾ ਨਹੀਂ ਹੁੰਦੀ, ਬਲਕਿ ਮਹਤੱਤਾ ਖੇਡਾਂ ਤੋਂ ਅਗਾਂਹ ਵੱਧਣ ਦੀ ਮਿਲਣ ਵਾਲੀ ਪ੍ਰੇਰਣਾ ਦੀ ਹੁੰਦੀ ਹੈ ।ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਵਿੱਚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਬੱਡੀ, ਗੱਤਕਾ, ਦੇਸੀ ਕੁਸ਼ਤੀ ਅਤੇ ਹੋਰ ਰਵਾਇਤੀ ਪੇਂਡੂ ਖੇਡਾਂ ਨੂੰ ਕੌਮੀ ਖੇਡ ਸੂਚੀ ਵਿੱਚ ਸ਼ੁਮਾਰ ਕਰੇ ਤਾਂ ਜੋ ਇਨ੍ਹਾਂ Îਖੇਡਾਂ ਦੀ ਕੌਮਾਂਤਰੀ ਪੱਧਰ ਦੇ ਵਿਕਾਸ ਲਈ ਰਾਹ ਖੋਲ੍ਹਿਆ ਜਾ ਸਕੇ। ਉਨ੍ਹਾਂ ਸਮਾਗਮ ਵਿੱਚ ਮੌਜੂਦ ਕੇਂਦਰੀ ਖੇਡ ਰਾਜ ਮੰਤਰੀ ਸ੍ਰੀ ਸਰਬਾਨੰਦਾ ਸੋਨੋਵਾਲ ਨੂੰ ਜਾਣੂੰ ਕਰਵਾਇਆ ਕਿ ਪੰਜਾਬ ਸਰਕਾਰ ਦੇ ਇਹ ਉੱਦਮ ਪੰਜ ਸਾਲ ਪਹਿਲਾਂ ਵਿਸ਼ਵ ਕਬੱਡੀ ਕੱਪ ਨਾਲ ਸ਼ੁਰੂ ਕੀਤਾ ਗਿਆ ਸੀ ਜੋ ਕਿ ਦੇਸ਼ ਵਿਦੇਸ਼ ਵਿੱਚ ਚੋਖੀ ਪ੍ਰਸਿੱਧੀ ਖੱਟ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਖੇਡ ਇਕੱਲੇ ਪੰਜਾਬ ਤੇ ਹਰਿਆਣਾ ਦੀ ਨਾ ਰਹਿ ਕੇ ਵਿਸ਼ਵ ਪੱਧਰ 'ਤੇ ਪ੍ਰਸਿੱਧ ਹੋ ਚੁੱਕੀ ਹੈ ਅਤੇ ਇਸ ਵਾਰ 18 ਮੁਲਕਾਂ ਵੱਲੋਂ ਇਸ ਕਬੱਡੀ ਕੁੰਭ ਵਿੱਚ ਸ਼ਿਰਕਤ ਕਰ ਚੁੱਕੇ ਹਨ। ਉੱਪ ਮੁੱਖ ਮੰਤਰੀ ਨੇ ਕਿਹਾ ਕਿ 2015 ਵਿੱਚ ਹੋਣ ਵਾਲੇ ਛੇਵੇਂ ਵਿਸ਼ਵ ਕਬੱਡੀ ਕੱਪ ਵਿੱਚ 25 ਮੁਲਕਾਂ ਦੀਆਂ ਟੀਮਾਂ ਭਾਗ ਲੈਣਗੀਆਂ।
ਬਾਦਲ ਨੇ ਮਰਦਾਂ ਤੇ ਔਰਤਾਂ ਦੇ ਵਰਗ 'ਚ ਕਬੱਡੀ ਕੱਪ ਦੀਆਂ ਅੱਵਲ ਭਾਰਤੀ ਟੀਮਾਂ, ਦੂਜੇ ਸਥਆਨ 'ਤ ਰਹਿਣ ਵਾਲੀ ਪਾਕਿਸਤਾਨ ਅਤੇਲੜਕੀਆਂ ਦੇ ਵਰਗ ਵਿੱਚ ਦੂਜੇ ਸਥਾਨ 'ਤੇ ਰਹਿਣ ਵਾਲੀ ਨਿਊਜ਼ੀਲੈਂਡ ਦੀ ਟੀਮ ਨੂੰ ਵਧਾਈ ਦਿੰਦਿਆਂ ਐਲਾਨ ਕੀਤਾ ਕਿ ਛੇਵਾਂ ਵਿਸ਼ਵ ਕਬੱਡੀ ਕੱਪ ਖਿਡਾਰੀਆਂ ਦੀ ਸਹੂਲਤ ਲਈ ਨਵੰਬਰ ਮਹੀਨੇ ਵਿੱਚ ਕਰਵਾਇਆ ਜਾਵੇਗਾ।ਕੇਂਦਰੀ ਖੇਡ ਰਾਜ ਮੰਤਰੀ ਸ੍ਰੀ ਸੋਨੋਵਾਲ ਨੇ ਆਪਣੇ ਸੰਬੋਧਨ ਵਿੱਚ ਉਪ ਮੁੱਖ ਮੰਤਰੀ ਸ. ਬਾਦਲ ਦੇ ਯਤਨਾ ਸਦਕਾ ਕਬੱਡੀ ਨੂੰ ਵਿਸ਼ਵ ਪੱਧਰ 'ਤੇ ਮਿਲੀ ਪਛਾਣ ਦਾ ਵਿਸ਼ੇਸ਼ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉੱਦਮ ਨੌਜਵਾਨ ਪੀੜੀ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਭਾਰਤ ਨੂੰ ਦੁਨੀਆਂ ਦੇ ਖੇਡ ਨਕਸ਼ੇ 'ਤੇ ਵੱਖਰੀ ਪਛਾਣ ਦਿਵਾਉਣ ਲਈ ਵਿਸ਼ੇਸ਼ ਯੋਗਦਾਨ ਰਿਹਾ ਹੈ ਕਿਉਂਕਿ ਇਸ ਸੂਬੇ ਨੇ ਉੱਡਣਾ ਸਿੱਖ ਮਿਲਖਾ ਸਿੰਘ, ਉਲੰਪੀਅਨ ਸ੍ਰੀ ਬਲਵੀਰ ਸਿੰਘ ਅਤੇ ਮਹਾਨ ਫੁੱਡਵਾਲਰ ਜਰਨੈਲ ਸਿੰਘ ਵਰਗੇ ਮਹਾਨ ਖਿਡਾਰੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਇਸ ਰਾਜ ਵੱਲੋਂ ਸ਼ੁਰੂ ਕੀਤੇ ਗਏ ਵਿਸ਼ਵ ਕਬੱਡੀ ਕੱਪ ਵਿੱਚ ਅਮਰੀਕਾ, ਨਿਊਜ਼ੀਲੈਂਡ, ਡੈਨਮਾਰਕ, ਅਰਜਨਟਾਈਨਾ, ਇਰਾਨ ਵਰਗੀਆਂ ਨਿਰੋਲ ਟੀਮਾਂ ਤੋਂ ਇਲਾਵਾ ਪਾਕਿਸਤਾਨ, ਇੰਗਲੈਂਡ, ਕੈਨੇਡਾ ਆਦਿ ਵਰਗੇ ਮੁਲਕ ਦਿਲਕਸ਼ ਇਨਾਮਾਂ ਆਪਣੀ ਖੇਡ ਦੇ ਜੌਹਰ ਦਿਖਾ ਰਹੇ ਹਨ।
ਸੁਖਬੀਰ ਸਿੰਘ ਬਾਦਲ ਵੱਲੋਂ ਰੱਖੀ ਮੰਗ ਬਾਬਤ ਗੱਲ ਕਰਦਿਆਂ ਸ੍ਰੀ ਸੋਨੋਵਾਲ ਨੇ ਭਰੋਸਾ ਦਿੱਤਾ ਕਿ ਰਵਾਇਤੀ ਖੇਡਾਂ ਨੂੰ ਕੌਮੀ ਖੇਡ ਸੂਚੀ ਵਿੱਚ ਸ਼ੁਮਾਰ ਕਰਨ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੇਂਦਰ ਸਰਕਾਰ ਪਹਿਲਾਂ ਹੀ ਚਰਚਾ ਕਰ ਚੁੱਕੀ ਹੈ ਅਤੇ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਢੁੱਕਵੀਂ ਗੱਲਬਾਤ ਕਰਕੇ ਇਹ ਮੰਗ ਪੂਰੀ ਕਰਨ ਲਈ ਕਦਮ ਚੁੱਕੇ ਜਾਣਗੇ।ਸੋਨੋਵਾਲ ਨੇ ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵ ਕਬੱਡੀ ਕੱਪ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ।ਸਮਾਪਤੀ ਸਮਾਗਮ ਮੌਕੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਜੀਵਨ ਉਤੇ ਬਣਾਈ ਗਈ ਇਕ ਬਹੁਤ ਹੀ ਭਾਵਪੂਰਤ ਡਾਕੂਮੈਂਟਰੀ ਫ਼ਿਲਮ ਦਿਖਾਈ ਗਈ। ਇਸ ਮੌਕੇ ਕਰਵਾਏ ਗਏ ਰੰਗਾਂ ਰੰਗ ਪ੍ਰੁਗਰਾਮ ਵਿੱਚ ਗਿੱਪੀ ਗਰੇਵਾਲ, ਆਰਿਫ ਲੋਹਾਰ ਅਤੇ ਸਤਿੰਦਰ ਸੱਤੀ ਵਰਗੇ ਗਾਇਕਾਂ ਨੇ ਆਪਣੇ ਗੀਤਾਂ ਨਾਲ ਖੁਬ ਰੰਗ ਬੰਨਿਆਂ ਉਥੇ ਪੰਜਾਬ ਦੇ ਗਭਰੂਆਂ ਅਤੇ ਮੁਟਿਆਰਾਂ ਨੇ ਲੋਕ ਨਾਚਾਂ ਰਾਹੀਂ ਵੀ ਦਰਸ਼ਕਾਂ ਦਾ ਖੁਬ ਮਨੋਰੰਜਨ ਕੀਤਾ। ਖਾਲਸਾਈ ਬਾਣੇ ਵਿੱਚ ਸਜੇ ਪੰਜਾਬ ਦੇ ਗਭਰੂਆਂ ਨੇ ਗਤਕੇ ਦੇ ਵੀ ਖੂਬ ਜੋਹਰ ਵਿਖਾਏ।