5 Dariya News

ਬਾਦਲ ਵੱਲੋਂ ਸਮੂਹ ਐੱਮ.ਪੀਜ਼, ਵਿਧਾਇਕਾਂ ਅਤੇ ਆਮ ਲੋਕਾਂ ਨੂੰ ਕਬੱਡੀ ਕੱਪ ਦੇ ਸਮਾਪਨ ਸਮਾਰੋਹ 'ਚ ਸ਼ਮੂਲੀਅਤ ਦਾ ਖੁੱਲਾ ਸੱਦਾ

ਕਿਹਾ ਬਾਦਲ ਪਿੰਡ ਪੰਜਵੇਂ ਵਿਸ਼ਵ ਕਬੱਡੀ ਕੱਪ ਦੇ ਲਾਮਿਸਾਲ ਸਮਾਪਨ ਸਮਾਰੋਹ ਦੀ ਗਵਾਹੀ ਭਰੇਗਾ

5 ਦਰਿਆ ਨਿਊਜ਼

ਬਾਦਲ (ਸ੍ਰੀ ਮੁਕਤਸਰ ਸਾਹਿਬ) 19-Dec-2014

ਪੰਜਾਬ ਦੇ ਮੁੱਖ ਮੰਤਰੀ  ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਸਮੂਹ ਲੋਕ ਸਭਾ ਮੈਂਬਰਾਂ, ਵਿਧਾਇਕਾਂ, ਸਿਆਸੀ ਆਗੂਆਂ ਅਤੇ ਆਮ ਲੋਕਾਂ ਨੂੰ ਪੰਜਵੇ ਵਿਸ਼ਵ ਕਬੱਡੀ ਕੱਪ ਦੇ ਲਾਮਿਸਾਲ ਸਮਾਪਤੀ ਸਮਾਰੋਹ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਖੁੱਲਾ ਸੱਦਾ ਦਿੱਤਾ ਹੈ। ਵੱਧ ਰਹੀ ਸਰਦੀ ਕਾਰਨ 5ਵੇਂ ਵਿਸ਼ਵ ਕਬੱਡੀ ਕੱਪ ਦੇ ਸਮਾਪਤੀ ਸਮਾਰੋਹ ਦਾ ਸਮਾਂ ਬਦਲਕੇ ਦੁਪਹਿਰ 3 ਵਜੇ ਕਰ ਦਿੱਤਾ ਗਿਆ ਹੈ।ਅੱਜ ਇਥੇ ਆਪਣੇ ਜੱਦੀ ਪਿੰਡ ਵਿਚਲੇ ਵਿਸ਼ਵ ਪੱਧਰੀ ਖੇਡ ਸਟੇਡੀਅਮ 'ਚ ਸਮਾਪਤੀ ਸਮਾਰੋਹ ਸਬੰਧੀ ਪ੍ਰਬੰਧਾਂ ਦਾ ਜਾਇਜਾ ਲੈਣ ਪਹੁੰਚੇ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਂ ਖੇਡ ਕਬੱਡੀ ਨੂੰ ਹੋਰ ਬੁਲੰਦੀਆਂ 'ਤੇ ਪਹੁੰਚਾਉਣ ਦਾ ਉੱਦਮ ਸਭਨਾਂ ਦਾ ਸਾਂਝਾ ਹੈ, ਜਿਸ ਕਰਕੇ ਸੂਬੇ ਦੇ ਸਮੂਹ ਚੁਣੇ ਹੋਏ ਨੁਮਾਇੰਦਿਆਂ ਸਮੇਤ ਆਮ ਲੋਕਾਂ ਨੂੰ ਸਮਾਪਨ ਸਮਾਰੋਹ 'ਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸ਼ਮੂਲੀਅਤ ਨਾਲ ਸਮਾਰੋਹ ਅਮਿੱਟ ਛਾਪ ਛੱਡਦਾ ਹੋਇਆ ਆਉਣ ਵਾਲੇ ਸਮਿਆਂ 'ਚ ਕਬੱਡੀ ਦਾ ਨਵਾਂ ਮੁੱਢ ਬੰਨ ਜਾਵੇਗਾ।ਸਮਾਪਤੀ ਸਮਾਰੋਹ ਦੇ ਪ੍ਰਬੰਧਾਂ ਅਤੇ ਸੁਰੱਖਿਆ ਇੰਤਜ਼ਾਮ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਵਿਸ਼ਵ ਕੱਪ ਦੇ ਹੋਣ ਵਾਲੇ ਵਿਸ਼ਵ ਪੱਧਰੀ ਸਮਾਪਤੀ ਸਮਾਰੋਹ ਦਾ ਨਜ਼ਾਰਾ ਦੇਖਿਆਂ ਹੀ ਬਣੇਗਾ। ਉਨ੍ਹਾਂ ਮੌਕੇ 'ਤੇ ਮੌਜੂਦ ਸਿਵਲ, ਪੁਲਿਸ ਅਤੇ ਖੇਡ ਵਿਭਾਗ ਦੇ ਆਲਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਖਿਡਾਰੀਆਂ, ਦਰਸ਼ਕਾਂ, ਦੂਰ-ਦੁਰੇਡੇ ਤੋਂ ਆਉਣ ਵਾਲੇ ਕਬੱਡੀ ਪ੍ਰੇਮੀਆਂ ਤੋਂ ਇਲਾਵਾ ਉੱਘੀਆਂ ਸ਼ਖਸੀਅਤਾਂ ਲਈ ਢੁੱਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਪਿਛਲੇ ਵਿਸ਼ਵ ਕੱਪਾਂ ਦੇ ਮੁਕਾਬਲੇ ਇਸ ਵਾਰ ਇਹ ਨਵੀਂ ਗੱਲ ਰਹੀ ਹੈ ਕਿ ਇਸ ਵਾਰ ਇਹ ਸਾਰੇ ਕੌਮਾਂਤਰੀ ਮੁਕਾਬਲੇ ਸ਼ਹਿਰਾਂ ਦੀ ਬਜਾਏ ਪੇਂਡੂ ਖੇਤਰਾਂ 'ਚ ਕਰਵਾਏ ਗਏ ਹਨ, ਜਿਸ ਨਾਲ ਨਵੀਂ ਪਨੀਰੀ ਅੰਦਰ ਆਪਣੀ ਮਾਂ ਖੇਡ ਪ੍ਰਤੀ ਨਵਾਂ ਜਜ਼ਬਾ ਪੈਦਾ ਹੋਵੇਗਾ। 

ਸ. ਬਾਦਲ ਨੇ ਕਿਹਾ ਕਿ ਭਲਕੇ ਦਾ ਮਰਦ ਵਰਗ ਦਾ ਫਾਈਨਲ ਮੈਚ ਭਾਰਤ-ਪਾਕਿ ਦੀਆਂ ਜ਼ਬਰਦਸਤ ਟੀਮਾਂ ਵਿਚਾਲੇ ਹੋਣ ਕਾਰਨ ਲੋਕ ਇਸ ਦਾ ਅਨੰਦ ਮਾਨਣ ਲਈ ਪੱਬਾਂ ਭਾਰ ਹੋਏ ਬੈਠੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਮ ਲੋਕਾਂ ਨੂੰ ਸਟੇਡੀਅਮ 'ਚ ਆਉਣ ਜਾਂ ਮੈਚ ਦੌਰਾਨ ਕਿਸੇ ਵੀ ਤਰਾਂ ਦੀ ਔਕੜ ਦਾ ਸਾਹਮਣਾ ਨਾ ਕਰਨਾ ਪਵੇ।ਇਥੇ ਇਹ ਜਿਕਰਯੋਗ ਹੈ ਕਿ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਹੋਣਗੇ, ਜਦਕਿ ਕੇਂਦਰੀ ਖੇਡ ਮੰਤਰੀ ਸ੍ਰੀ ਸਰਬਾਨੰਦਾ ਸੋਨੋਵਾਲ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਨਗੇ। ਵਿਸ਼ਵ ਪ੍ਰਸਿਧ ਪਾਕਿਸਤਾਨੀ ਗਾਇਕ ਆਰਿਫ ਲੋਹਾਰ ਸਮੇਤ ਪੰਜਾਬੀ ਗਾਇਕ ਗਿੱਪੀ ਗਰੇਵਾਲ, ਮਿਸ ਪੂਜਾ ਅਤੇ ਸਤਿੰਦਰ ਸੱਤੀ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ।ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਖਿਡਾਰਨਾਂ ਵਿਚਾਲੇ ਫਸਵਾਂ ਮੁਕਾਬਲਾ ਹੋਵੇਗਾ।ਇਥੇ ਖਾਸ ਜਿਕਰਯੋਗ ਹੈ ਕਿ ਧੁੰਦ ਅਤੇ ਕੜਾਕੇ ਦੀ ਠੰਡ ਦੇ ਮੱਦੇਨਜ਼ਰ ਸਮਾਪਤੀ ਸਮਾਰੋਹ ਦਾ ਸਮਾਂ ਅਗਾਊਂ ਕਰ ਦਿੱਤਾ ਗਿਆ ਹੈ। ਹੁਣ ਸਮਾਗਮ ਦੁਪਿਹਰ 3 ਵਜੇ ਤੋਂ ਸ਼ੁਰੂ ਹੋਵੇਗਾ।