5 Dariya News

ਭਾਜਪਾ ਮੈਂਬਰਸ਼ਿਪ ਮੁਹਿੰਮ ਸਫਲ, ਇਕ ਮਹੀਨੇ 'ਚ 5 ਲੱਖ ਮੈਂਬਰ ਬਣੇ : ਕਮਲ ਸ਼ਰਮਾ

ਮਾਲਵਾ ਤੇ ਦਿਹਾਤੀ ਇਲਾਕਿਆਂ 'ਚ ਉਮੀਦ ਤੋਂ ਵੱਧ ਸਮਰਥਨ ਮਿਲਿਆ

5 ਦਰਿਆ ਨਿਊਜ਼

ਚੰਡੀਗੜ੍ਹ 19-Dec-2014

ਭਾਜਪਾ ਦੀ ਚੱਲ ਰਹੀ ਮੈਂਬਰਸ਼ਿਪ ਮੁਹਿੰਮ ਨੂੰ ਪੰਜਾਬ 'ਚ ਇਤਿਹਾਸਕ ਸਫਲਤਾ ਮਿਲ ਰਹੀ ਹੈ ਤੇ ਇਕ ਮਹੀਨੇ 'ਚ 5 ਲੱਖ ਨਵੇਂ ਮੈਂਬਰ ਬਣਾਏ ਗਏ ਹਨ। ਇਹ ਜਾਣਕਾਰੀ ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਨੇ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਭਾਜਪਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਮੈਂਬਰਸ਼ਿਪ ਸਿਆਸੀ ਪਾਰਟੀਆਂ ਦੇ ਇਤਿਹਾਸ 'ਚ ਰਿਕਾਰਡ ਤੋੜ ਹੋਣ ਵਾਲੀ ਹੈ। 

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ 17 ਨਵੰਬਰ ਤੋਂ ਸ਼ੁਰੂ ਹੋਈ ਮੈਂਬਰਸ਼ਿਪ ਮੁਹਿੰਮ ਦੌਰਾਨ ਹੁਣ ਤਕ 5 ਲੱਖ ਤੋਂ ਵੱਧ ਮੈਂਬਰ ਬਣਾਏ ਜਾ ਚੁੱਕੇ ਹਨ। ਉਂਝ ਤਾਂ ਪੂਰੇ ਪੰਜਾਬ 'ਚ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲਿਆ ਹੈ  ਪਰ ਮਾਲਵੇ 'ਚ ਲੋਕਾਂ ਨੇ ਪਾਰਟੀ ਨਾਲ ਜੁੜਣ 'ਚ ਜ਼ਿਆਦਾ ਉਤਸ਼ਾਹ ਦਿਖਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਿਹਾਤੀ ਇਲਾਕਿਆਂ 'ਚ ਭਾਜਪਾ ਨੂੰ ਉਮੀਦ ਤੋਂ ਵੱਧ ਸਹਿਯੋਗ ਤੇ ਸਮਰਥਨ ਮਿਲ ਰਿਹਾ ਹੈ। 

ਭਾਜਪਾ ਦੇ ਸੂਬਾ ਪ੍ਰਧਾਨ ਨੇ ਦੱਸਿਆ ਕਿ ਹੁਣ ਦੀ ਵਾਰ ਯੋਜਨਾ ਬੱਧ ਢੰਗ ਨਾਲ ਚਲਾਈ ਗਈ ਮੈਂਬਰਸ਼ਿਪ ਮੁਹਿੰਮ ਕਾਰਨ ਸਫਲਤਾ ਫ਼ੀਸਦੀ ਵੱਧ ਰਿਹਾ। ਇਸ ਵਾਰ ਪਾਰਟੀ ਦੇ ਸਾਰੇ ਮੋਰਚਿਆਂ ਲਈ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ ਤੇ ਸਾਰੇ ਮੋਰਚੇ ਸੂਬੇ ਦੇ ਸਾਰੇ ਵਰਗਾਂ ਤਕ ਪਹੁੰਚ ਬਣਾ ਰਹੇ ਹਨ। ਇਨ੍ਹਾਂ ਮੋਰਚਿਆਂ ਦੀ ਪ੍ਰਗਤੀ ਦੀ ਸਮੀਖਿਆ ਲਈ ਪਾਰਟੀ ਹੈੱਡਕੁਆਰਟਰ 'ਚ ਕਾਲ ਸੈਂਟਰ ਸਥਾਪਿਤ ਕੀਤਾ ਗਿਆ ਹੈ ਤੇ ਇਸ ਤੋਂ ਸਫਲਤਾ ਵੀ ਮਿਲੀ ਹੈ। ਭਾਜਪਾ ਪ੍ਰਧਾਨ ਨੇ ਦੱਸਿਆ ਕਿ ਯੁਵਾ ਮੋਰਚਾ ਨੇ ਸਿੱਖਿਆ ਸੰਸਥਾਵਾਂ 'ਚ ਕਾਊਂਟਰ ਲਗਾ ਕੇ ਮੈਂਬਰਸ਼ਿਪ ਮੁਹਿੰਮ ਚਲਾਈ, ਜਿਸ ਕਰਕੇ ਵੱਧ ਤੋਂ ਵੱਧ ਨੌਜਵਾਨ ਪਾਰਟੀ ਨਾਲ ਜੁੜੇ।ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੈਂਬਰਸ਼ਿਪ ਮੁਹਿੰਮ ਪੂਰੀ ਤਰ੍ਹਾਂ ਨਵੀਨਤਮ ਸੂਚਨਾ ਟੈਕਨਾਲੋਜੀ 'ਤੇ ਆਧਾਰਿਤ ਹੋਣ ਕਾਰਨ ਇਸ ਵਿਚ ਫਰਜ਼ੀਵਾੜੇ ਦੀ ਸੰਭਾਵਨਾ ਜ਼ੀਰੋ ਹੈ ਤੇ ਭਾਜਪਾ ਨੇ ਨਵੇਂ ਇਲਾਕਿਆਂ, ਨਵੇਂ ਸਮਾਜਿਕ ਵਰਗਾਂ 'ਚ ਆਪਣੀ ਪੈਠ ਬਣਾਈ ਹੈ। ਇਕ ਸਵਾਲ ਦੇ ਜਵਾਬ 'ਚ ਸ਼ਰਮਾ ਨੇ ਦੱਸਿਆ ਕਿ ਮੈਂਬਰਸ਼ਿਪ ਮੁਹਿੰਮ ਹਾਲੇ ਜਾਰੀ ਹੈ ਤੇ ਪਾਰਟੀ ਸੂਬੇ 'ਚ 31 ਮਾਰਚ ਤਕ 21 ਲੱਖ ਮੈਂਬਰ ਬਣਾਏਗੀ। ਇਸ ਮੌਕੇ ਤੇ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁਘ, ਮੈਂਬਰਸ਼ਿਪ ਮੁਹਿੰਮ ਦੇ ਪੰਜਾਬ ਪ੍ਰਮੁਖ ਵਿਨੋਦ ਸ਼ਰਮਾ, ਜਗਤਾਰ ਸੈਣੀ, ਡਾ. ਸੁਭਾਸ਼ ਸ਼ਰਮਾ, ਬੀਬੀ ਗੁਰਚਰਨ ਕੌਰ, ਜਤਿੰਦਰ ਕਾਲੜਾ, ਮੋਹਿਤ ਗੁਪਤਾ ਅਤੇ ਹੋਰ ਨੇਤਾ ਮੌਜੂਦ ਸਨ।