ਪੰਜਵਾਂ ਕਬੱਡੀ ਵਿਸ਼ਵ ਕੱਪ-2014 : ਭਾਰਤ ਮੁੰਡਿਆਂ ਨੇ ਪੰਜਵੀਂ ਅਤੇ ਕੁੜੀਆਂ ਨੇ ਚੌਥੀ ਵਾਰ ਵਿਸ਼ਵ ਕੱਪ ਫਾਈਨਲ ਦੀ ਟਿਕਟ ਕਟਾਈ
ਪੁਰਸ਼ ਸੈਮੀ ਫਾਈਨਲ; ਭਾਰਤ ਨੇ ਇੰਗਲੈਂਡ ਨੂੰ 54-33 ਅਤੇ ਪਾਕਿਸਤਾਨ ਨੇ ਇਰਾਨ ਨੂੰ 56-28 ਨਾਲ ਹਰਾਇਆ
5 ਦਰਿਆ ਨਿਊਜ਼
ਦਿੜ੍ਹਬਾ (ਸੰਗਰੂਰ) 18-Dec-2014
ਭਾਰਤ ਦੀ ਪੁਰਸ਼ ਟੀਮ ਨੇ ਲਗਾਤਾਰ ਪੰਜਵੀਂ ਅਤੇ ਮਹਿਲਾ ਟੀਮ ਨੇ ਲਗਾਤਾਰ ਚੌਥੀ ਵਾਰ ਕਬੱਡੀ ਵਿਸ਼ਵ ਕੱਪ ਦੇ ਫਾਈਨਲ ਵਿੱਚ ਦਾਖਲਾ ਪਾ ਲਿਆ ਜਦੋਂ ਕਿ ਪਾਕਿਸਤਾਨ ਦੇ ਮੁੰਡਿਆਂ ਨੇ ਚੌਥੀ ਵਾਰ ਅਤੇ ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਵੀ ਲਗਾਤਾਰ ਦੂਜੇ ਸਾਲ ਫਾਈਨਲ ਵਿੱਚ ਦਾਖਲਾ ਪਾਇਆ। ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਵਿਸ਼ਵ ਕੱਪ ਫਾਈਨਲ ਦੇ ਇਤਿਹਾਸ ਵਿੱਚ ਚੌਥੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਮਾਲਵੇ ਵਿੱਚ ਕਬੱਡੀ ਦੀ ਨਰਸਰੀ ਵਜੋਂ ਜਾਣੇ ਜਾਂਦੇ ਦਿੜ੍ਹਬਾ ਦੇ ਸ਼ਹੀਦ ਬਚਨ ਸਿੰਘ ਯਾਦਗਾਰੀ ਸਟੇਡੀਅਮ ਵਿਖੇ ਅੱਜ ਪੁਰਸ਼ ਤੇ ਮਹਿਲਾ ਵਰਗ ਦੇ ਖੇਡੇ ਗਏ ਕੁੱਲ ਚਾਰ ਸੈਮੀ ਫਾਈਨਲ ਮੈਚਾਂ ਨਾਲ ਦਿੜ੍ਹਬਾ ਵੀ ਵਿਸ਼ਵ ਕੱਪ ਦੀ ਮੇਜ਼ਬਾਨੀ ਵਾਲੇ ਸਥਾਨਾਂ ਵਿੱਚ ਜੁੜ ਗਿਆ। ਖਚਾਖਚ ਭਰੇ ਸਟੇਡੀਅਮ ਵਿੱਚ ਦਰਸ਼ਕਾਂ ਨੇ ਕਬੱਡੀ ਦੇ ਰੋਮਾਂਚਕ ਮੁਕਾਬਲਿਆਂ ਦਾ ਖੂਬ ਆਨੰਦ ਮਾਣਿਆ।
ਅੱਜ ਦੇ ਮੈਚਾਂ ਦੌਰਾਨ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਪੁੱਜੇ ਜਦੋਂ ਕਿ ਰਾਜ ਸਭਾ ਮੈਂਬਰ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ ਨੇ ਵਿਸ਼ਵ ਕੱਪ ਦੇ ਸੈਮੀ ਫਾਈਨਲ ਮੈਚਾਂ ਦੀ ਪ੍ਰਧਾਨਗੀ ਕੀਤੀ।ਅੱਜ ਖੇਡੇ ਗਏ ਸੈਮੀ ਫਾਈਨਲ ਮੁਕਾਬਲਿਆਂ ਵਿੱਚੋਂ ਪੁਰਸ਼ ਵਰਗ ਵਿੱਚ ਭਾਰਤ ਨੇ ਇੰਗਲੈਂਡ ਨੂੰ 54-33 ਅਤੇ ਪਾਕਿਸਤਾਨ ਨੇ ਇਰਾਨ ਨੂੰ 56-28 ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਪਾਇਆ। ਮਹਿਲਾ ਵਰਗ ਵਿੱਚ ਭਾਰਤ ਨੇ ਪਾਕਿਸਤਾਨ ਨੂੰ 47-19 ਅਤੇ ਨਿਊਜ਼ੀਲੈਂਡ ਨੇ ਡੈਨਮਾਰਕ ਨੂੰ 41-20 ਨਾਲ ਹਾਰ ਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ। ਪੁਰਸ਼ ਵਰਗ ਵਿੱਚ ਭਾਰਤ ਤੇ ਪਾਕਿਸਤਾਨ ਅਤੇ ਮਹਿਲਾ ਵਰਗ ਵਿੱਚ ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਫਾਈਨਲ ਮੈਚ 20 ਦਸੰਬਰ ਨੂੰ ਬਾਦਲ ਪਿੰਡ ਵਿਖੇ ਖੇਡਿਆ ਜਾਵੇਗਾ। ਪੁਰਸ਼ ਵਰਗ ਵਿੱਚ ਇਰਾਨ ਤੇ ਇੰਗਲੈਂਡ ਅਤੇ ਮਹਿਲਾ ਵਰਗ ਵਿੱਚ ਪਾਕਿਸਤਾਨ ਤੇ ਡੈਨਮਾਰਕ ਦੀਆਂ ਟੀਮਾਂ ਵਿਚਾਲੇ ਤੀਜੇ ਸਥਾਨ ਲਈ ਮੈਚ ਭਲਕੇ 19 ਦਸੰਬਰ ਨੂੰ ਬਰਨਾਲਾ ਵਿਖੇ ਖੇਡੇ ਜਾਣਗੇ।
ਪਹਿਲਾ ਸੈਮੀ ਫਾਈਨਲ ਮੈਚ (ਮਹਿਲਾ ਵਰਗ)
ਨਿਊਜੀਲੈਂਡ ਨੇ ਡੈਨਮਾਰਕ ਨੂੰ 41-20 ਨਾਲ ਹਰਾਇਆ
ਦਿਨ ਦੇ ਪਹਿਲਾ ਸੈਮੀ ਫਾਈਨਲ ਮੈਚ ਮਹਿਲਾ ਵਰਗ ਵਿੱਚ ਨਿਊਜੀਲੈਂਡ ਤੇ ਡੈਨਮਾਰਕ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਮੈਚ ਦੀ ਸ਼ੁਰੂਆਤ ਬਹੁਤ ਫਸਵੀਂ ਰਹੀ ਅਤੇ ਮੁਕਾਬਲਾ ਬਰਾਬਰ ਦਾ ਰਿਹਾ। ਡੈਨਿਸ਼ ਖਿਡਾਰਨਾਂ ਨੇ ਨਿਊਜੀਲੈਂਡ ਟੀਮ ਨੂੰ ਜ਼ਿਆਦਾ ਭਾਰੂ ਪੈਣ ਨਹੀਂ ਦਿੱਤਾ ਅਤੇ ਜਬਰਦਸਤ ਮੁਕਾਬਲਾ ਦਿੱਤਾ। ਨਿਊਜ਼ੀਲੈਂਡ ਨੇ 41-20 ਨਾਲ ਸੈਮੀ ਫਾਈਨਲ ਮੈਚ ਜਿੱਤ ਕੇ ਫਾਈਨਸ ਲਈ ਸਥਾਨ ਬਣਾਇਆ। ਅੱਧੇ ਸਮੇਂ ਤੱਕ ਨਿਊਜ਼ੀਲੈਂਡ ਟੀਮ 20-13 ਨਾਲ ਅੱਗੇ ਸੀ। ਨਿਊਜੀਲੈਂਡ ਦੀਆਂ ਰੇਡਰਾਂ ਵਿੱਚੋਂ ਐਲਿਜਾਬੈਥ ਨੇ 12 ਤੇ ਲਾਨੀ ਪਰਸੇ ਨੇ 6 ਅੰਕ ਲਏ ਜਦੋਂ ਕਿ ਜਾਫੀ ਰੂਥ ਨੇ 6 ਤੇ ਸਾਰਿਆ ਨੇ 3 ਜੱਫੇ ਲਾਏ। ਡੈਨਿਸ਼ ਰੇਡਰਾਂ ਵਿੱਚੋਂ ਮਿਲੇ ਪੀਟਰਸਨ ਨੇ 8 ਤੇ ਕ੍ਰਿਸਟੇਨ ਨੇ 2 ਅੰਕ ਲਏ ਅਤੇ ਜਾਫੀ ਕੈਮਿਲਾ ਨੇ 5 ਜੱਫੇ ਲਾਏ।
ਦੂਜਾ ਸੈਮੀ ਫਾਈਨਲ ਮੈਚ (ਪੁਰਸ਼ ਵਰਗ)
ਪਾਕਿਸਤਾਨ ਤੇ ਇਰਾਨ ਨੂੰ 56-28 ਨਾਲ ਹਰਾਇਆ
ਦਿਨ ਦੇ ਦੂਜੇ ਸੈਮੀ ਫਾਈਨਲ ਮੁਕਾਬਲੇ ਵਿੱਚ ਪੁਰਸ਼ ਵਰਗ ਵਿੱਚ ਪਾਕਿਸਤਾਨ ਨੇ ਇਰਾਨ ਨੂੰ 56-28 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾਂ ਹਾਸਲ ਕੀਤੀ। ਇਰਾਨ ਟੀਮ ਨੇ ਪਾਕਿਸਤਾਨ ਟੀਮ ਨੂੰ ਪੂਰੀ ਟੱਕਰ ਦਿੱਤੀ। ਇਸ ਮੈਚ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ ਅਤੇ ਮੈਚ ਭਾਵੇਂ ਪਾਕਿਸਤਾਨ ਨੇ ਜਿੱਤਿਆ ਪਰ ਇਰਾਨੀ ਖਿਡਾਰੀਆਂ ਨੇ ਆਪਣੇ ਜੁਝਾਰੂ ਰਵੱਈਏ ਨਾਲ ਦਰਸ਼ਕਾਂ ਦੇ ਦਿਲ ਜਿੱਤੇ। ਮੁਹੰਮਦ ਫਰਾਜ਼ੀ ਦੀਆਂ ਕਲਾਬਾਜ਼ੀਆਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਰਾਨ ਟੀਮ ਅੱਧੇ ਸਮੇਂ ਤੱਕ 29-15 ਨਾਲ ਅੱਗੇ ਸੀ। ਪਾਕਿਸਤਾਨ ਦੇ ਰੇਡਰ ਅਕਮਲ ਸਜਾਦ ਡੋਗਰ, ਸ਼ਫੀਕ ਚਿਸ਼ਤੀ ਤੇ ਮੁਹੰਮਦ ਖਾਨ ਨੇ 6-6 ਅੰਕ ਲਏ ਜਦੋਂ ਕਿ ਜਾਫੀ ਰਾਣਾ ਅਲੀਸ਼ਾਨ ਨੇ 5 ਤੇ ਨਸੀਰ ਨੇ 4 ਜੱਫੇ ਲਾਏ। ਇਰਾਨ ਦੇ ਰੇਡਰਾਂ ਵਿੱਚੋਂ ਅਹਿਮਦ ਨੇ 9 ਤੇ ਮੁਹੰਮਦ ਫਰਾਜ਼ੀ ਨੇ 5 ਅੰਕ ਲਏ ਜਦੋਂ ਕਿ ਅਲੀਜ਼ੇਰਾ ਤੇ ਆਮਿਰ ਨੇ 1-1 ਜੱਫਾ ਲਾਇਆ।
ਤੀਜਾ ਸੈਮੀ ਫਾਈਨਲ ਮੈਚ (ਮਹਿਲਾ ਵਰਗ)
ਭਾਰਤ ਨੇ ਪਾਕਿਸਤਾਨ ਨੂੰ 47-19 ਨਾਲ ਹਰਾਇਆ
ਮਹਿਲਾ ਵਰਗ ਵਿੱਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਖੇਡੇ ਸੈਮੀ ਫਾਈਨਲ ਮੈਚ ਵਿੱਚ ਭਾਰਤੀ ਟੀਮ ਨੇ ਧੜੱਲੇਦਾਰ ਜਿੱਤ ਹਾਸਲ ਕਰਦਿਆਂ ਪਾਕਿਸਤਾਨ ਨੂੰ 47-19 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਫਾਈਨਲ ਵਿੱਚ ਦਾਖਲਾ ਪਾਇਆ। ਅੱਧੇ ਸਮੇਂ ਤੱਕ ਭਾਰਤੀ ਟੀਮ 26-5 ਨਾਲ ਅੱਗੇ ਸੀ। ਭਾਰਤ ਦੀ ਜਾਫੀ ਅਨੂ ਰਾਣੀ ਨੇ ਦਰਸ਼ਨੀ ਜੱਫੇ ਲਗਾ ਕੇ ਦਰਸ਼ਕਾਂ ਦੀ ਖੂਬ ਦਾਦ ਲਈ। ਭਾਰਤ ਦੀਆਂ ਰੇਡਰਾਂ ਵਿੱਚੋਂ ਸੁਖਜਿੰਦਰ ਕੌਰ, ਸੁਨੀਤਾ ਤੇ ਰਾਮ ਬਤੇਰੀ ਨੇ 7-7 ਅਤੇ ਪ੍ਰਿਅੰਕਾ ਨੇ 5 ਅੰਕ ਲਏ ਜਦੋਂ ਕਿ ਜਾਫੀ ਨੇ 5 ਤੇ ਮਨਦੀਪ ਕੌਰ ਨੇ 4 ਜੱਫੇ ਲਾਏ। ਪਾਕਿਸਤਾਨ ਟੀਮ ਵੱਲੋਂ ਰੇਡਰ ਨੀਲਮ ਨੇ 8 ਅੰਕ ਲਏ ਅਤੇ ਸਾਰੀਆ ਨੇ 3 ਜੱਫੇ ਲਾਏ।
ਚੌਥਾ ਸੈਮੀ ਫਾਈਨਲ ਮੈਚ (ਪੁਰਸ਼ ਵਰਗ)
ਭਾਰਤ ਨੇ ਇੰਗਲੈਂਡ ਨੂੰ ਵੱਡੇ ਫਰਕ 56-33 ਨਾਲ ਹਰਾਇਆ
ਦਿਨ ਦੇ ਆਖਰੀ ਮੈਚ ਅਤੇ ਪੁਰਸ਼ ਵਰਗ ਦੇ ਦੂਜੇ ਸੈਮੀ ਫਾਈਨਲ ਮੈਚ ਭਾਰਤ ਨੇ ਇੰਗਲੈਂਡ 'ਤੇ ਵੱਡੀ ਜਿੱਤ ਹਾਸਲ ਕਰਦਿਆਂ ਲਗਾਤਾਰ ਪੰਜਵੀਂ ਵਾਰ ਫਾਈਨਲ ਦੀ ਟਿਕਟ ਕਟਾਈ। ਭਾਰਤੀ ਟੀਮ ਅੱਗੇ ਇੰਗਲੈਂਡ ਦੀ ਟੀਮ ਦੀ ਇਕ ਨਾ ਚੱਲੀ ਅਤੇ ਮੇਜ਼ਬਾਨ ਟੀਮ ਨੇ 56-33 ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਇੰਗਲੈਂਡ ਦੇ ਸਟਾਰ ਜਾਫੀ ਸੰਦੀਪ ਸਿੰਘ ਸੰਧੂ ਨੰਗਲ ਅੰਬੀਆ ਦੀ ਗੈਰ ਹਾਜ਼ਰੀ ਕਾਰਨ ਇੰਗਲੈਂਡ ਟੀਮ ਭਾਰਤ ਦਾ ਜ਼ਿਆਦਾ ਮੁਕਾਬਲਾ ਨਾ ਕਰ ਸਕੀ। ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਵੱਡੀ ਲੀਡ ਲੈ ਲਈ। ਅੱਧੇ ਸਮੇਂ ਤੱਕ ਭਾਰਤੀ ਟੀਮ 29-14 ਨਾਲ ਅੱਗੇ ਸੀ। ਭਾਰਤ ਦੇ ਰੇਡਰਾਂ ਨੇ ਲਗਾਤਾਰ ਅੰਕ ਬਟੋਰੇ। ਰੇਡਰ ਸੰਦੀਪ ਦਿੜ੍ਹਬਾ ਨੇ 12, ਬਲਰਾਮ ਸਿੰਘ ਭੂਰਾ ਨੇ 10 ਅੰਕ ਤੇ ਗਗਨਦੀਪ ਸਿੰਘ ਖੀਰਾਂਵਾਲੀ ਨੇ 4 ਅੰਕ ਲਏ ਅਤੇ ਜਾਫੀ ਬਲਬੀਰ ਸਿੰਘ ਭੂਰਾ ਨੇ 5 ਤੇ ਗੁਰਪ੍ਰੀਤ ਸਿੰਘ ਗੋਪੀ ਮਾਣਕੀ ਨੇ 3 ਜੱਫੇ ਲਾਏ। ਇੰਗਲੈਂਡ ਦੇ ਰੇਡਰਾਂ ਵਿੱਚੋਂ ਸੁਖਬੀਰ ਸਿੰਘ ਤੇ ਪਰਮਜੋਤ ਸਿੰਘ ਨੇ 10 ਅੰਕ ਲਏ ਜਦੋਂ ਕਿ ਜਾਫੀ ਅਮਨਦੀਪ ਰਿਆੜ ਤੇ ਅਮਨਦੀਪ ਜੌਹਲ ਨੇ 1-1 ਜੱਫਾ ਲਾਇਆ।