5 Dariya News

ਹਰਸਿਮਰਤ ਬਾਦਲ ਅਤੇ ਸੁਖਬੀਰ ਬਾਦਲ ਵੱਲੋਂ ਬਠਿੰਡਾ ਤੋਂ ਸ਼ਤਾਬਦੀ ਐਕਸਪ੍ਰੈਸ ਨੂੰ ਹਰੀ ਝੰਡੀ

5 ਦਰਿਆ ਨਿਊਜ਼

ਬਠਿੰਡਾ 18-Dec-2014

ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਮਾਲਵਾ ਖਿੱਤੇ ਦੀ ਚਿਰੋਕਲੀ ਮੰਗ ਨੂੰ ਪੂਰੀ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ਼੍ਰੀ ਸੁਖਬੀਰ ਸਿੰਘ ਬਾਦਲ ਸਮੇਤ ਬਠਿੰਡਾ ਤੋਂ ਨਵੀਂ ਦਿੱਲੀ ਲਈ ਸ਼ਤਾਬਦੀ ਐਕਸਪ੍ਰੈਸ ਨੂੰ ਹਰੀ ਝੰਡੀ ਦੇਕੇ ਰਵਾਨਾ ਕੀਤਾ।ਬਠਿੰਡਾ ਤੋਂ ਨਵੀਂ ਦਿੱਲੀ ਲਈ ਹਫਤੇ 'ਚ 2 ਦਿਨ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ ਨੂੰ ਰਵਾਨਾ ਕਰਨ ਪਿੱਛੋਂ ਬਾਦਲ ਨੇ ਕਿਹਾ ਕਿ ਉਨ੍ਹਾਂ ਕੇਂਦਰੀ ਰੇਲ ਮੰਤਰੀ ਸ਼੍ਰੀ ਸੁਰੇਸ਼ ਪ੍ਰਭੂ ਨੂੰ ਅਪੀਲ ਕੀਤੀ ਹੈ ਕਿ ਉਹ ਮੁਸਾਫਰ ਗੱਡੀਆਂ ਨਾਲ ਤਾਜੇ ਫ਼ਲਾਂ ਅਤੇ ਸ਼ਬਜੀਆਂ ਤੋਂ ਇਲਾਵਾ ਡੱਬਾ ਬੰਦ ਖੁਰਾਕ ਪਦਾਰਥਾਂ ਦੀ ਸਪਲਾਈ ਲਈ ਏ.ਸੀ. ਬੋਗੀਆਂ ਵੀ ਜੋੜਣ, ਤਾਂ ਜੋ ਫੂਡ ਪ੍ਰੋਸੈਸਿੰਗ ਖੇਤਰ ਨੂੰ ਨਵਾਂ ਹੁਲਾਰਾ ਮਿਲ ਸਕੇ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਸ਼ਤਾਬਦੀ ਐਕਸਪ੍ਰੈਸ ਨੂੰ ਪੂਰਾ ਹਫਤਾ ਚਲਾਉਣ ਅਤੇ ਇਸ ਦੇ ਫਿਰੋਜਪੁਰ ਤੱਕ ਵਿਸਥਾਰ ਲਈ ਕੇਂਦਰੀ ਰੇਲ ਮੰਤਰੀ ਨਾਲ ਗੱਲ ਕਰਨਗੇ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼ਤਾਬਦੀ ਐਕਸਪ੍ਰੈਸ ਇਸ ਖੇਤਰ ਦੇ ਆਰਥਿਕ ਵਿਕਾਸ ਅਤੇ ਖੁਸ਼ਹਾਲੀ ਨੂੰ ਨਵੀਂਆਂ ਲੀਹਾਂ 'ਤੇ ਲਿਜਾਵੇਗੀ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਦੇ ਪੈਟਰੋ -ਕੈਮੀਕਲ ਹੱਬ ਬਣਨ ਕਾਰਣ ਬਠਿੰਡਾ- ਨਵੀਂ ਦਿੱਲੀ ਤੇਜ ਰਫ਼ਤਾਰ ਰੇਲ ਲਿੰਕ ਸਮੇਂ ਦੀ ਮੁੱਖ ਮੰਗ ਬਣ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਖੇਤਰ ਵਿਚਲੇ ਵੱਕਾਰੀ ਪ੍ਰੋਜੈਕਟਾਂ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ, ਸੈਟਰਲ ਯੂਨੀਵਰਸਿਟੀ ਆਫ ਪੰਜਾਬ ਅਤੇ ਹੋਟਲ ਮੈਨੇਜਮੈਂਟ ਇੰਸਟੀਚਿਊਟ ਬਠਿੰਡਾ ਕਰਕੇ ਇਹ ਰੇਲ ਖੇਤਰ ਲਈ ਨਵਾਂ ਮੀਲ ਪੱਥਰ ਸਾਬਤ ਹੋਵੇਗੀ।ਇਸ ਤੋਂ ਪਹਿਲਾਂ ਬਠਿੰਡਾ ਰੇਲਵੇ ਸ਼ਟੇਸ਼ਨ ਤੇ ਮੌਜੂਦ ਖੇਤਰ ਦੀਆਂ ਉਘੀਆਂ ਸ਼ਖਸੀਅਤਾਂ ਅਤੇ ਭਾਰੀ ਗਿਣਤੀ ਲੋਕਾਂ ਦੇ ਇਕੱਠ ਨੇ ਪੂਰੇ ਜਾਹੋ- ਜਲਾਲ ਨਾਲ ਸ਼ਤਾਬਦੀ ਐਕਸਪ੍ਰੈਸ ਦਾ ਸਵਾਗਤ ਕੀਤਾ, ਕਿਉਂਕਿ ਬਠਿੰਡਾ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਲੋਕਾਂ ਦੀ ਬਠਿੰਡਾ-ਨਵੀਂ ਦਿੱਲੀ ਵਾਇਆ ਜਾਖਲ-ਰੋਹਤਕ ਰੂਟ ਤੇ ਮਾਲਵਾ ਵਾਸੀਆਂ ਦੀ ਸਹੂਲਤ ਲਈ ਸ਼ਤਾਬਦੀ ਐਕਸਪ੍ਰੈਸ ਸ਼ੁਰੂ ਕਰਨ ਦੀ ਚਿਰਾਂ ਤੋਂ ਮੰਗ ਕੀਤੀ ਜਾ ਰਹੀ ਸੀ।

ਇਸ ਤੋਂ ਪਹਿਲਾਂ ਸਵੇਰੇ ਕੇਂਦਰੀ ਰੇਲ ਮੰਤਰੀ ਸ਼੍ਰੀ ਸੁਰੇਸ਼ ਪ੍ਰਭੂ ਸਮੇਤ ਸ਼੍ਰੀਮਤੀ ਹਰਸਿਮਰਤ  ਕੌਰ ਬਾਦਲ ਨੇ ਇਸ ਸ਼ਤਾਬਦੀ ਐਕਸਪ੍ਰੈਸ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਕੀਤਾ ਸੀ।ਸ਼੍ਰੀਮਤੀ ਬਾਦਲ ਨੇ ਕਿਹਾ ਕਿ ਇਹ ਸ਼ਤਾਬਦੀ ਐਕਸਪ੍ਰੈਸ ਨਾਲ ਰੇਲ ਸਫਰ 'ਚ ਬਠਿੰਡਾ ਤੋਂ ਇੱਕ ਨਵਾਂ ਅਧਿਆਇ ਸ਼ੁਰੂ ਹੋ ਚੁੱਕਾ ਹੈ ਜੋ ਕਿ ਮੁਸਾਫਰਾਂ ਨੂੰ ਤੇਜ ਰਫ਼ਤਾਰ ਰੇਲ ਰਾਹੀਂ ਕੌਮੀ ਰਾਜਧਾਨੀ ਲਈ ਅਰਾਮਦਾਇਕ ਸਫਰ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਤੋਂ ਕੌਮਾਂਤਰੀ ਫਲਾਈਟਾਂ ਲੈਣ ਵਾਲੇ ਲੋਕਾਂ ਨੂੰ ਇਸ ਦੇ ਸ਼ੁਰੂ ਹੋਣ ਨਾਲ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਹੋਰਨਾਂ ਰਾਜਾਂ ਤੋਂ ਆਉਣ ਵਾਲੇ ਖਾਸ ਕਰ ਫੌਜੀ ਅਤੇ ਏਅਰਫੋਰਸ ਅਫ਼ਸਰਾਂ ਲਈ ਬਠਿੰਡਾ ਦਾ ਸਫ਼ਰ ਹੁਣ ਹੋਰ ਸੁਖਾਲਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਰੇਲ ਮੁਸਾਫਰਾਂ ਨੂੰ ਪੌਣੇ ਪੰਜ ਘੰਟੇ 'ਚ ਕੌਮੀ ਰਾਜਧਾਨੀ ਪਹੁੰਚਾਏਗੀ।

ਨਵੀਂ ਦਿੱਲੀ ਤੋਂ ਇਹ ਰੇਲ ਬਠਿੰਡਾ ਲਈ ਸਵੇਰੇ 9 ਵਜੇ ਚੱਲਕੇ ਪੌਣੇ ਦੋ ਵਜੇ ਪੁੱਜੇਗੀ ਅਤੇ ਇੱਥੋਂ ਸਵਾ 4 ਵਜੇ ਚੱਲਕੇ ਨਵੀਂ ਦਿੱਲੀ ਵਿਖੇ ਰਾਤ ਦੇ 9 ਵਜੇ ਪੁੱਜੇਗੀ। ਬਠਿੰਡਾ-ਨਵੀਂ ਦਿੱਲੀ ਸ਼ਤਾਬਦੀ ਦਾ ਐਲਾਨ ਕੇਂਦਰੀ ਰੇਲ ਮੰਤਰੀ ਸਦਾਨੰਦਾ ਗੌੜਾ ਵਲੋਂ ਐਨ.ਡੀ.ਏ.ਸਰਕਾਰ ਦੇ ਪਲੇਠੇ ਰੇਲ ਬਜਟ ਵਿਚ ਕੀਤਾ ਗਿਆ ਸੀ।ਬਠਿੰਡਾ-ਨਵੀਂ ਦਿੱਲੀ ਸ਼ਤਾਬਦੀ ਸ਼ੁਰੂ ਹੋਣ ਤੇ ਮਾਲਵਾ ਵਾਸੀਆਂ ਨੇ ਕੇਂਦਰੀ ਰੇਲ ਮੰਤਰੀ ਸ਼੍ਰੀ ਸੁਰੇਸ਼ ਪ੍ਰਭੂ ਅਤੇ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖੇਤਰ ਦੀ ਅਤਿ ਜਰੂਰੀ ਮੰਗ ਨੂੰ ਪ੍ਰਵਾਨ ਕਰਕੇ ਖੇਤਰ ਦੇ ਵਿਕਾਸ 'ਚ ਇਕ ਨਵਾਂ ਮੀਲ ਪੱਥਰ ਗੱਡਿਆ ਹੈ।ਇਸ ਮੌਕੇ ਰਾਜ ਸਭਾ ਮੈਂਬਰ ਸ੍ਰੀ ਬਲਵਿੰਦਰ ਸਿੰਘ ਭੂੰਦੜ, ਮੁੱਖ ਸੰਸਦੀ ਸਕੱਤਰ ਸ਼੍ਰੀ ਸਰੂਪ ਚੰਦ ਸਿੰਗਲਾ, ਹਲਕਾ ਵਿਧਾਇਕ ਬਠਿੰਡਾ (ਦਿਹਾਤੀ) ਸ਼੍ਰੀ ਦਰਸ਼ਨ ਸਿੰਘ ਕੋਟਫੱਤਾ, ਡਿਵੀਜਨਲ ਰੇਲਵੇ ਮੈਨੇਜਰ ਸ਼੍ਰੀ ਅਨਿਲ ਕੁਮਾਰ ਕਠਪਾਲ, ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ, ਸਾਬਕਾ ਮੇਅਰ ਸ਼੍ਰੀ ਬਲਜੀਤ ਸਿੰਘ ਬੀੜ ਬਹਿਮਣ, ਸਾਬਕਾ ਚੇਅਰਮੈਨ ਬਠਿੰਡਾ ਨਗਰ ਸੁਧਾਰ ਟਰੱਸਟ ਸ਼੍ਰੀ ਮੋਹਨ ਲਾਲ ਗਰਗ, ਚੇਅਰਮੈਨ ਸਹਿਕਾਰਤਾ ਬੈਂਕ ਸ਼੍ਰੀ ਤੇਜਿੰਦਰ ਮਿੱਡੂਖੇੜਾ, ਸਹਾਇਕ ਮੀਡੀਆ ਸਲਾਹਕਾਰ ਉਪ ਮੁੱਖ ਮੰਤਰੀ ਪੰਜਾਬ ਸ਼੍ਰੀ ਹਰਜਿੰਦਰ ਸਿੱਧੂ, ਜ਼ਿਲ੍ਹਾ ਪ੍ਰੈਸ ਸਕੱਤਰ ਸ਼੍ਰੋਮਣੀ ਅਕਾਲੀ ਦਲ ਡਾ. ਓਮ ਪ੍ਰਕਾਸ ਸ਼ਰਮਾ ਆਦਿ ਹਾਜ਼ਰ ਸਨ।